Close
Menu

ਕੇਂਦਰੀ ਮੰਤਰੀ ਵੀ. ਕੇ. ਸਿੰਘ ਵੱਲੋਂ ਮੀਡੀਆ ‘ਤੇ ਇਤਰਾਜ਼ਯੋਗ ਟਿੱਪਣੀ

-- 09 April,2015

ਨਵੀਂ ਦਿੱਲੀ, ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ. ਕੇ. ਸਿੰਘ ਫਿਰ ਵਿਵਾਦਾਂ ਵਿਚ ਘਿਰ ਗਏ ਹਨ, ਹੁਣ ਉਨ੍ਹਾਂ ਨੇ ਮੀਡੀਆ ‘ਤੇ ਇਤਰਾਜ਼ਯੋਗ ਟਿੱਪਣੀ ਕੀਤੀ ਹੈ | ਯਮਨ ‘ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਲਿਆਉਣ ਦੇ ਕਾਰਜ ਦੀ ਦੇਖ ਰੇਖ ਦੇ ਲਈ ਉਥੋਂ ਦੇ ਗੁਆਂਢੀ ਦੇਸ਼ ਜਿਬੂਤੀ ਗਏ, ਵੀ. ਕੇ. ਸਿੰਘ ਵੱਲੋਂ ਬੀਤੀ ਦਿਨੀਂ ਦਿੱਤੇ ਗਏ ਉਸ ਬਿਆਨ ‘ਤੇ ਵਿਵਾਦ ਪੈਦਾ ਹੋ ਗਿਆ ਸੀ, ਜਿਸ ਵਿਚ ਉਨ੍ਹਾਂ ਬਚਾਓ ਕਾਰਜਾਂ ਦੀ ਤੁਲਨਾ ਪਿਛਲੇ ਦਿਨੀਂ ਨਵੀਂ ਦਿੱਲੀ ਸਥਿਤ ਪਾਕਿਸਤਾਨੀ ਦੂਤਾਵਾਸ ਵਿਚ ਇਕ ਪ੍ਰੋਗਰਾਮ ਵਿਚ ਖੁਦ ਦੇ ਜਾਣ ਦੀ ਘਟਨਾ ਨਾਲ ਕੀਤੀ ਸੀ | ਇਸ ਤੁਲਨਾ ਨੂੰ ਖਬਰ ਬਣਾਉਣ ‘ਤੇ ਉਨ੍ਹਾਂ ਟਵੀਟ ਦੇ ਜ਼ਰੀਏ ਇਕ ਟੀ. ਵੀ. ਚੈਨਲ ਦੇ ਖਿਲਾਫ ਇਤਰਾਜਯੋਗ ਟਿੱਪਣੀ ਕੀਤੀ ਸੀ | ਉਨ੍ਹਾਂ ਟਵੀਟ ‘ਚ ਕਿਹਾ ਸੀ ਕਿ, ‘ਦੋਸਤੋ ਤੁਸੀ ‘ਪ੍ਰੇਸਟੀਟਿਊਟਸ’ (ਵੇਸਵਾਂ) ਤੋਂ ਹੋਰ ਕੀ ਉਮੀਦ ਕਰ ਸਕਦੇ ਹੋ | ਇਸ ਤੋਂ ਪਹਿਲਾਂ ਭਾਰਤੀਆਂ ਨੂੰ ਯਮਨ ਤੋਂ ਸੁਰੱਖਿਅਤ ਕੱਢਣ ਦੀ ਮੁਹਿੰਮ ਬਾਰੇ ਵਿਚ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਸੀ ਕਿ, ‘ਜੇ ਮੈਂ ਸੱਚ ਦੱਸਾਂ ਤਾਂ ਯਮਨ ‘ਚ ਆ ਕੇ ਭਾਰਤੀਆਂ ਨੂੰ ਬਚਾਉਣ ਦੀ ਮੁਹਿੰਮ ਪਾਕਿਸਤਾਨੀ ਦੂਤਾਵਾਸ ਜਾਣ ਤੋਂ ਘੱਟ ਰੋਮਾਂਚਕ ਸੀ’ | ਦੂਸਰੇ ਪਾਸੇ ਭਾਜਪਾ ਨੇ ਵਿਦੇਸ਼ ਰਾਜ ਮੰਤਰੀ ਦੇ ਬਿਆਨ ਅਤੇ ਟਵੀਟ ‘ਤੇ ਉੱਠੇ ਵਿਵਾਦ ਨੂੰ ਖੁਦ ਤੋਂ ਅਲੱਗ ਕਰ ਲਿਆ ਹੈ | ਭਾਜਪਾ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ, ‘ਟਵਿੱਟਰ ਇਕ ਨਿੱਜੀ ਮੰਚ ਹੈ, ਪਾਰਟੀ ਦਾ ਪਲੇਟਫਾਰਮ ਨਹੀਂ ਹੈ ਅਤੇ ਟਵੀਟ ਦੇ ਸਹੀ ਅਰਥਾਂ ਨੂੰ ਸਬੰਧਿਤ ਵਿਅਕਤੀ ਹੀ ਸਪੱਸ਼ਟ ਕਰ ਸਕਦਾ ਹੈ’ | ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਨੇ ਵੀ ਕੇ ਸਿੰਘ ਦੀ ਮੀਡੀਆ ‘ਤੇ ਕੀਤੀ ਇਤਰਾਜ਼ਯੋਗ ਟਿੱਪਣੀ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ | ਕਾਂਗਰਸ ਪਾਰਟੀ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਵੀ. ਕੇ. ਸਿੰਘ ਨੂੰ ਅਹੁਦੇ ਤੋਂ ਹਟਾਇਆ ਜਾਵੇ |

Facebook Comment
Project by : XtremeStudioz