Close
Menu

ਕੇਂਦਰ ਗ੍ਰਾਂਟਾਂ ਦੀ ਸ਼ਰਤ ਹਟਾਏ ਪ੍ਰਾਪਰਟੀ ਟੈਕਸ ਵਾਪਸ ਲੈ ਲਵਾਂਗੇ : ਸੁਖਬੀਰ

-- 30 October,2013

sukhbir laughingਚੰਡੀਗੜ੍ਹ,30 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੇ ਦੂਜੇ ਦਿਨ ਅੱਜ ਪ੍ਰਸ਼ਨ ਕਾਲ ਤੋਂ ਐਨ ਬਾਦ ਕਾਂਗਰਸ ਪਾਰਟੀ ਦੇ ਮੈਂਬਰਾਂ ਵਲੋਂ ਅਚਾਨਕ ਪ੍ਰਾਪਰਟੀ ਟੈਕਸ ਦੇ ਮੁੱਦੇ ਤੇ ਨਾਅਰੇਬਾਜ਼ੀ ਕਰਦਿਆਂ ਹਾਊਸ ਚੋਂ ਵਾਕਆਊਟ ਕਰ ਦਿਤਾ ਪਰ ਰਜਿੰਦਰ ਕੌਰ ਭੱਠਲ ਆਪਣੀ ਗੱਲ ਕਹਿਣ ਲਈ ਸਦਨ ਚ ਬੈਠੀ ਰਹੀ ਤੇ ਕਾਂਗਰਸੀ ਮੈਂਬਰ ਵੀ ਕੁਝ ਸਮੇਂ ਬਾਦ ਹੀ ਕਾਂਗਰਸੀ ਦੁਬਾਰਾ ਹਾਊਸ ਚ ਪਰਤ ਆਏ। ਇਸੇ ਦੌਰਾਨ ਪੰਜਾਬ ਵਿਧਾਨ ਸਭਾ ਵਲੋਂ ਐਨਆਰਆਈਜ਼ ਦੀਆਂ ਜ਼ਮੀਨਾਂ ਦੀ ਰਾਖੀ ਕਰਨ ਵਾਲੇ ਬਿਲ ਸਮੇਤ 6 ਮਹੱਤਵਪੂਰਨ ਬਿਲ ਸੰਖੇਪ ਚਰਚਾ ਉਪਰੰਤ ਪਾਸ ਕਰ ਦਿਤੇ ਗਏ। ਇਸ ਤੋਂ ਇਲਾਵਾ ਜੰਡਿਆਲਾ ਗੁਰੂ ਨੂੰ ਛੇਤੀ ਹੀ ਸਬ-ਤਹਿਸੀਲ ਬਣਾਉਣ ਤੇ ਪਛੜੀਆਂ ਸ਼੍ਰੇਣੀਆ ਦੇ ਗਰੀਬਾਂ ਦਾ 2.52 ਕਰੋੜ ਦਾ ਕਰਜ਼ਾ ਮੁਆਫ਼ ਕਰਨ ਦਾ ਵੀ ਮੁੱਖ ਮੰਤਰੀ ਬਾਦਲ ਨੇ ਹਾਊਸ ਚ ਐਲਾਨ ਕੀਤਾ।

ਅੱਜ ਪ੍ਰਸ਼ਨ ਕਾਲ ਖਤਮ ਹੁੰਦਿਆਂ ਹੀ ਜਿਉਂ ਹੀ ਸਪੀਕਰ ਹਾਊਸ ਦੀ ਕਾਰਵਾਈ ਅੱਗੇ ਵਧਾਉਣ ਲੱਗੇ ਤਾਂ ਕਾਂਗਰਸੀ ਵਿਧਾਇਕ ਬਲਬੀਰ ਸਿਧੂ ਤੇ ਸਾਧੂ ਸਿੰਘ ਧਰਮਸੋਤ ਨੇ ਪ੍ਰਾਪਰਟੀ ਟੈਕਸ ਦੀ ਗੱਲ ਕਰਨੀ ਚਾਹੀ। ਇਸ ਤੇ ਸਪੀਕਰ ਚਰਨਜੀਤ ਅਟਵਾਲ ਨੇ ਕਿਹਾ ਕਿ ਇਸ ਤੇ ਬਾਦ ਚ ਬਹਿਸ ਹੋਵੇਗੀ ਤੇ ਵਿਰੋਧੀ ਧਿਰ ਆਗੂ ਸੁਨੀਲ ਜਾਖੜ ਵਲੋਂ ਪਹਿਲਾਂ ਹੀ ਇਸ ਬਾਬਤ ਗੱਲ ਕੀਤੀ ਜਾ ਚੁੱਕੀ ਹੈ। ਪਰ ਅਚਾਨਕ ਬੀਬੀ ਰਜਿੰਦਰ ਕੌਰ ਭੱਠਲ ਨੂੰ ਛੱਡਕੇ ਸਾਰੇ ਕਾਂਗਰਸੀ ਵਿਧਾਇਕ ਖੜ੍ਹੇ ਹੋ ਕੇ ਪੰਜਾਬ ਸਰਕਾਰ ਮੁਰਦਾਬਾਦ ਤੇ ਪ੍ਰਾਪਰਟੀ ਟੈਕਸ ਵਾਪਸ ਲਓ ਦੇ ਨਾਅਰੇ ਲਾਉਣ ਲੱਗੇ। ਇਸ ਤੇ ਕੁਝ ਅਕਾਲੀ ਵਿਧਾਇਕਾਂ ਨੇ ਵੀ ਜੁਆਬ ਦਿੰਦਿਆਂ ਕਿਹਾ ਕਿ ਪ੍ਰਾਪਰਟੀ ਟੈਕਸ ਕੇਂਦਰ ਸਰਕਾਰ ਵਲੋਂ ਹੀ ਲਾਉਣ ਲਈ ਮਜਬੂਰ ਕੀਤਾ ਗਿਆ ਹੈ ਪਰ ਕਾਂਗਰਸੀ ਵਿਧਾਇਕ ਇਸ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਹਾਊਸ ਦਾ ਇਕ ਚੱਕਰ ਕੱਟਕੇ ਵਾਕਆਊਟ ਕਰ ਗਏ। ਇਸ ਉਪਰੰਤ ਬੀਬੀ ਰਜਿੰਦਰ ਕੌਰ ਭੱਠਲ ਆਪਣੀ ਸੀਟ ਤੇ ਖੜ੍ਹੀ ਹੋਈ ਤੇ ਉਨ੍ਹਾਂ ਕਿਹਾ ਕਿ ਉਹ ਪ੍ਰਾਪਰਟੀ ਟੈਕਸ ਦੇ ਮੁੱਦੇ ਤੇ ਆਪਣੀ ਪਾਰਟੀ ਨਾਲ ਹੈ ਪਰ ਉਨ੍ਹਾਂ ਦੇ ਹਲਕੇ ਚ ਡਾਕਟਰਾਂ ਦੀ ਕਮੀ ਸਬੰਧੀ ਉਨ੍ਹਾਂ ਵਲੋਂ ਪੇਸ਼ ਧਿਆਨ ਦਿਵਾਊ ਮਤੇ ਕਾਰਨ ਹੀ ਉਹ ਬਾਹਰ ਨਹੀਂ ਗਏ। ਇਸੇ ਦੌਰਾਨ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਆਪਣੀ ਸੀਟ ਤੇ ਉਠਕੇ ਖੜ੍ਹੇ ਹੋ ਗਏ ਤੇ ਉਨ੍ਹਾਂ ਕਿਹਾ ਕਿ ਸਾਨੂੰ ਪ੍ਰਾਪਰਟੀ ਟੈਕਸ ਲਾਉਣ ਲਈ ਗ੍ਰਾਟਾਂ ਰੋਕਕੇ ਕੇਂਦਰ ਸਰਕਾਰ ਨੇ ਮਜਬੂਰ ਕੀਤਾ ਹੈ। ਕੇਂਦਰ ਨੇ ਦੋ ਸਾਲ ਪ੍ਰਾਪਰਟੀ ਟੈਕਸ ਨਾ ਲਾਉਣ ਕਾਰਨ ਸੂਬੇ ਦੀਆਂ ਗ੍ਰਾਂਟਾਂ ਰੋਕੀ ਰੱਖੀਆਂ ਇਸ ਲਈ ਸਾਨੂੰ ਟੈਕਸ ਲਾਉਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਾਂਗਰਸੀਆਂ ਨੂੰ ਇਹ ਚੁਣੌਤੀ ਦਿੰਦਿਆਂ ਐਲਾਨ ਕੀਤਾ ਕਿ ਜੇਕਰ ਤੁਸੀਂ ਕੇਂਦਰ ਸਰਕਾਰ ਤੋਂ ਗ੍ਰਾਟਾਂ ਲਈ ਪ੍ਰਾਪਰਟੀ ਟੈਕਸ ਲਾਉਣ ਦੀ ਸ਼ਰਤ ਹਟਵਾ ਦਿਓ, ਅਸੀਂ ਪੰਜਾਬ ਚੋਂ ਪ੍ਰਾਪਰਟੀ ਟੈਕਸ ਹਟਾ ਦੇਵਾਂਗੇ। ਇਸੇ ਦੌਰਾਨ ਵਾਕਆਊਟ ਕਰ ਗਏ ਕਾਂਗਰਸੀ 5-7 ਮਿੰਟ ਬਾਦ ਚੁੱਪ-ਚਾਪ ਆਪਣੀਆਂ ਸੀਟਾਂ ਤੇ ਵਾਪਸ ਆ ਕੇ ਬੈਠ ਗਏ।

ਇਸ ਉਪਰੰਤ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸੀਟ ਤੇ ਖੜ੍ਹੇ ਹੁੰਦਿਆਂ ਸਪੀਕਰ ਰਾਹੀਂ ਵਿਰੋਧੀ ਧਿਰ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਜੇਕਰ ਪੰਜਾਬ ਦਾ ਭਲਾ ਚਾਹੁੰਦੇ ਹੋ ਤਾਂ ਰਲ-ਮਿਲਕੇ ਕੰਮ ਕਰੋ। ਇਸ ਤਰ੍ਹਾਂ ਵਾਕਆਊਟ ਕਰਨ ਨਾਲ ਅਖਬਾਰਾਂ ਚ ਖਬਰਾਂ ਹੀ ਲੱਗਣਗੀਆਂ, ਲੋਕਾਂ ਦਾ ਕੁਝ ਨਹੀਂ ਸੰਵਰੇਗਾ। ਸਾਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਝ ਚੰਗੀਆਂ ਮਿਸਾਲਾਂ ਛੱਡਕੇ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਸਪੀਕਰ ਨੂੰ ਕਿਹਾ ਕਿ ਵਿਰੋਧੀ ਧਿਰ ਪ੍ਰਾਪਰਟੀ ਟੈਕਸ ਸਮੇਤ ਜਿਸ ਮੁੱਦੇ ਤੇ ਬਹਿਸ ਕਰਨਾ ਚਾਹੁੰਦੀ ਹੈ, ਅਸੀਂ ਉਸ ਲਈ ਤਿਆਰ ਹਾਂ, ਭਾਵੇਂ ਘੰਟਾ ਬਹਿਸ ਕਰੀ ਜਾਓ। ਉਨ੍ਹਾਂ ਜਾਖੜ ਦੀ ਸ਼ਲਾਘਾ ਕੀਤੀ ਕਿ ਉਹ ਸੇਮ ਦੇ ਮੁੱਦੇ ਤੇ ਉਨ੍ਹਾਂ ਦੇ ਕਹਿਣ ਤੇ ਦਿੱਲੀ ਗਏ। ਇਸ ਤੇ ਸੁਨੀਲ ਜਾਖੜ ਨੇ ਵੀ ਕਿਹਾ ਕਿ ਉਹ ਪੰਜਾਬ ਦੀ ਭਲਾਈ ਲਈ ਤਿਆਰ ਹਨ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਕਾਂਗਰਸੀ ਵਰਕਰਾਂ ਤੇ ਲੀਡਰਾਂ ਨਾਲ ਵਤੀਰਾ ਠੀਕ ਰੱਖੇ। ਉਨ੍ਹਾਂ ਕਿਹਾ ਕਿ ਜਾਖੜ ਤੇ ਭੱਠਲ ਦੀ ਗੱਲ ਨਹੀਂ ਹਰ ਕਾਂਗਰਸੀ ਵਿਧਾਇਕ ਤੇ ਵਰਕਰ ਪ੍ਰਤੀ ਸਰਕਾਰ ਦਾ ਵਤੀਰਾ ਸਹੀ ਹੋਵੇ ਤਾਂ ਕਾਂਗਰਸ ਨੂੰ ਸਰਕਾਰ ਨਾਲ ਮਿਲਕੇ ਚੱਲਣ ਚ ਕੋਈ ਇਤਰਾਜ਼ ਨਹੀਂ ਹੈ।

ਵਿਧਾਨ ਸਭਾ ਚ ਮਾਲ ਤੇ ਰੈਵਨਿਊ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੈਪਸੂ ਪੱਟੇਦਾਰੀ ਤੇ ਜ਼ਰਾਇਤੀ ਜ਼ਮੀਨਾਂ ਸੋਧ ਬਿਲ ਤੇ ਪੰਜਾਬ ਭੌਂ ਪੱਟੇਦਾਰੀ ਸੁਰੱਖਿਆ ਸੋਧ ਬਿਲ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪਰਵਾਸੀ ਪੰਜਾਬੀਆਂ ਦੀਆਂ ਜ਼ਮੀਨਾਂ ਤੇ ਸੂਬੇ ਤੋਂ ਬਾਹਰ ਵਸਦੇ ਫੌਜੀਆਂ ਦੀਆਂ ਜ਼ਮੀਨਾਂ-ਜਾਇਦਾਦਾਂ ਦੀ ਰਾਖੀ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਕਤ ਦੋਵੇਂ ਐਕਟ ਅਸੀਂ ਐਨਆਰਆਈਜ਼ ਦੀਆਂ ਜ਼ਮੀਨਾਂ ਦੀ ਸੁਰੱਖਿਆ ਲਈ ਹੀ ਬਣਾਏ ਹਨ। ਇਸ ਤੋਂ ਪਹਿਲਾਂ ਇਸ ਮਸਲੇ ਤੇ ਭਾਜਪਾ ਵਿਧਾਇਕ ਮਨੋਰੰਜਨ ਕਾਲੀਆ ਨੇ ਕਾਸ਼ਤਕਾਰਾਂ ਦੀ ਗੱਲ ਕਰਨ ਦਾ ਇਹ ਕਹਿੰਦਿਆਂ ਯਤਨ ਕੀਤਾ ਕਿ ਪਰਵਾਸੀ ਪੰਜਾਬੀਆਂ ਦਾ ਵਪਾਰ ਤਾਂ ਦੂਜੇ ਦੇਸ਼ਾਂ ਚ ਹੈ, ਉਹ ਤਾਂ ਸਿਰਫ ਜਾਇਦਾਦਾਂ ਬਣਾਉਣ ਇਥੇ ਆਉਂਦੇ ਹਨ, ਇਸ ਲਈ ਅਜਿਹੀਆਂ ਥਾਵਾਂ ਤੋਂ ਉਜਾੜੇ ਜਾਂਦੇ ਕਾਸ਼ਤਕਾਰਾਂ ਦਾ ਧਿਆਨ ਰੱਖਿਆ ਜਾਵੇ ਪਰ ਅਕਾਲੀ ਵਿਧਾਇਕ ਜਥੇਦਾਰ ਤੋਤਾ ਸਿੰਘ ਨੇ ਉਨ੍ਹਾਂ ਨੂੰ ਟੋਕਦਿਆਂ ਕਿਹਾ ਕਿ ਐਨਆਰਆਈਜ਼ ਪੰਜਾਬ ਦਾ ਅਨਿਖੜਵਾਂ ਅੰਗ ਹਨ ਤੇ ਉਨ੍ਹਾਂ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਇਸੇ ਕਾਰਨ ਸਰਕਾਰ ਵਲੋਂ ਪਰਵਾਸੀ ਪੰਜਾਬੀਆਂ ਨੁੰ ਮੁਜਾਹਰਾ ਐਕਟ ਚੋਂ ਬਾਹਰ ਰੱਖਿਆ ਗਿਆ ਹੈ। ਇਸ ਉਪਰੰਤ ਪੰਜਾਬ ਪ੍ਰਾਈਵੇਟ ਪ੍ਰਬੰਧ ਹੇਠਲੇ ਮਾਨਤਾ ਪ੍ਰਾਪਤ ਸਕੂਲਾਂ ਦੇ ਕਰਮਚਾਰੀਆਂ (ਸੇਵਾ ਦੀ ਸੁਰੱਖਿਆ) ਸੋਧ ਬਿਲ, ਪੰਜਾਬ ਸਕੂਲ ਸਿਖਿਆ ਬੋਰਡ ਸੋਧ ਬਿਲ ਤੇ ਪੰਜਾਬ ਗਊ ਹੱਤਿਆ ਤੇ ਰੋਕ ਸੋਧ ਬਿਲ 2013 ਵੀ ਸੰਖੇਪ ਚਰਚਾ ਉਪਰੰਤ ਪੰਜਾਬ ਵਿਧਾਨ ਸਭਾ ਵਲੋਂ ਪਾਸ ਕਰ ਦਿਤੇ ਗਏ।

ਇਸ ਤੋਂ ਪਹਿਲਾਂ ਅਕਾਲੀ ਵਿਧਾਇਕ ਜਸਟਿਸ ਨਿਰਮਲ ਸਿੰਘ ਨੇ ਹਾਊਸ ਚ ਮੁੱਦਿਆਂ ਚੁੱਕਦਿਆਂ ਕਿਹਾ ਕਿ 911 ਪਿਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਅਜਿਹੇ ਪਰਿਵਾਰ ਹਨ, ਜਿਨਾਂ ਨੇ ਸਰਕਾਰ ਤੋਂ 2.52 ਕਰੋੜ ਕਰਜ਼ਾ ਚੁੱਕਿਆ ਸੀ। ਸਰਕਾਰ ਵਲੋਂ ਹੁਣ ਇਨ੍ਹਾਂ ਪਰਿਵਾਰਾਂ ਨੂੰ ਨੋਟਿਸ ਭੇਜਦਿਆਂ ਕਰਜ਼ਾ ਵਾਪਸ ਕਰਨ ਲਈ ਕਿਹਾ ਗਿਆ ਹੈ ਪਰ ਅੱਤ ਦੀ ਗਰੀਬੀ ਚ ਰਹਿ ਰਹੇ ਇਨ੍ਹਾਂ ਪਰਿਵਾਰਾਂ ਦੇ ਕਮਾਊਂ ਜੀਅ ਮਰ ਚੁੱਕੇ ਹਨ ਤੇ ਉਨ੍ਹਾਂ ਦੇ ਬੱਚੇ ਤੇ ਵਿਧਵਾਵਾਂ ਇਹ ਰਕਮ ਵਾਪਸ ਨਹੀਂ ਕਰ ਸਕਦੇ, ਇਸ ਲਈ ਮੁੱਖ ਮੰਤਰੀ ਇਹ ਕਰਜ਼ਾ ਮਾਫ ਕਰਨ। ਇਸ ਗੱਲ ਦੀ ਤਾਈਦ ਅਕਾਲੀ ਵਿਧਾਇਕ ਇਕਬਾਲ ਸਿੰਘ ਝੂੰਦਾ ਤੇ ਕਾਂਗਰਸੀ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਵੀ ਕਰਦਿਆਂ ਇਨ੍ਹਾਂ ਗਰੀਬ ਪਰਿਵਾਰਾਂ ਦਾ ਕਰਜ਼ਾ ਮੁਆਫ ਕਰਨ ਦੀ ਮੰਗ ਕੀਤੀ। ਇਸ ਤੇ ਹਾਂ ਪੱਖੀ ਹੁੰਘਾਰਾ ਭਰਦਿਆਂ ਮੁੱਖ ਮੰਤਰੀ ਬਾਦਲ ਨੇ ਇਨ੍ਹਾਂ 36 ਪਰਿਵਾਰਾਂ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕਰ ਦਿਤਾ।

ਇਸ ਉਪਰੰਤ ਸਪੀਕਰ ਵਲੋਂ ਸੱਤਾਧਾਰੀ ਤੇ ਵਿਰੋਧੀ ਧਿਰ ਦੀ ਸਹਿਮਤੀ ਨਾਲ ਫੈਸਲਾ ਕੀਤਾ ਗਿਆ ਕਿ ਬੁੱਧਵਾਰ ਤੋਂ ਲੈ ਕੇ ਸ਼ੁੱਕਰਵਾਰ ਤਕ ਪ੍ਰਾਪਰਟੀ ਟੈਕਸ, ਸੇਮ, ਨਸ਼ਿਆਂ ਦੀ ਸਮੱਸਿਆ, ਮਹਿੰਗਾਈ, ਰੇਤਾ ਬਜਰੀ, ਐਡਵਾਂਸ ਟੈਕਸ, ਤੇ ਕਿਸਾਨਾਂ ਦੀਆਂ ਫਸਲਾਂ ਦੀ ਮੰਡੀਆਂ ਚੋਂ ਚੁਕਾਈ ਦੇ ਮੁੱਦਿਆਂ ਉਤੇ ਬਹਿਸ ਹੋਵੇਗੀ। ਇਸ ਤੇ ਦੋਵਾਂ ਧਿਰਾਂ ਚ ਸਹਿਮਤੀ ਪਾਈ ਗਈ, ਜਿਸ ਉਪਰੰਤ ਸਪੀਕਰ ਨੇ ਹਾਊਸ ਕੱਲ ਬੁੱਧਵਾਰ ਤਕ ਲਈ ਮੁਲਤਵੀ ਕਰ ਦਿਤਾ। ਹੁਣ ਬੁੱਧਵਾਰ ਤੋਂ ਸ਼ੁੱਕਰਵਾਰ ਤਕ ਦੇ ਦਿਨ ਵਿਧਾਨ ਸਭਾ ਚ ਹੰਗਾਮਿਆਂ ਭਰਪੂਰ ਰਹਿਣਗੇ, ਜਿਸ ਚ ਜਿਥੇ ਵਿਰੋਧੀ ਧਿਰ ਵਲੋਂ ਵੱਖ-ਵੱਖ ਮੁੱਦਿਆਂ ਤੇ ਸਰਕਾਰ ਨੂੰ ਘੇਰਨ ਦਾ ਯਤਨ ਕੀਤਾ ਜਾਵੇਗਾ, ਉਥੇ ਸੱਤਾਧਾਰੀ ਧਿਰ ਵਿਰੋਧੀ ਧਿਰ ਦੇ ਹਮਲਿਆਂ ਦਾ ਕਿੰਝ ਜੁਆਬ ਦੇਵੇਗੀ, ਇਹ ਦੇਖਣ ਵਾਲੀ ਗੱਲ ਹੋਵੇਗੀ।

Facebook Comment
Project by : XtremeStudioz