Close
Menu

ਕੇਂਦਰ ਤੇ ਕੇਜਰੀਵਾਲ ਸਰਕਾਰ ਵਿਚਾਲੇ ਟਕਰਾਅ ਵਧਿਆ

-- 25 May,2015

ਦਿੱਲੀ ਦੇ ਹੱਕਾਂ ‘ਤੇ ਕੇਂਦਰ ਦਾ ਡਾਕਾ ਨਹੀਂ ਪੈਣ ਦੇਵਾਂਗੇ-ਸਿਸੋਦੀਆ

ਨਵੀਂ ਦਿੱਲੀ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਰਾਜਪਾਲ ਨਜੀਬ ਜੰਗ ਵਿਚਾਲੇ ਟਕਰਾਅ ਹੁਣ ਕੇਜਰੀਵਾਲ ਬਨਾਮ ਕੇਂਦਰ ਸਰਕਾਰ ਬਣ ਚੁੱਕੀ ਹੈ | ਕੇਂਦਰ ਸਰਕਾਰ ਵੱਲੋਂ ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਗਜ਼ਟ ਜਾਰੀ ਕਰਕੇ ਉਪ ਰਾਜਪਾਲ ਨੂੰ ਦਿੱਲੀ ਸ਼ਾਸ਼ਨ ਦਾ ਮੁਖੀ ਕਰਾਰ ਕੀਤੇ ਜਾਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਮੁੱਚੀ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ‘ਤੇ ਹਮਲੇ ਸ਼ੁਰੂ ਕਰ ਦਿੱਤੇ ਹਨ | ਅੱਜ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸਰਕਾਰ ਦੇ 100 ਦਿਨ ਪੂਰੇ ਹੋਣ ‘ਤੇ ਪ੍ਰੈਸ ਕਾਨਫਰੰਸ ਕਰਕੇ ਪ੍ਰਧਾਨ ਮੰਤਰੀ ਨੂੰ ਸੁਆਲ ਕੀਤਾ ਹੈ ਕਿ ਦਿੱਲੀ ਵਿਚ ਜਮਹੂਰੀਅਤ ਹੈ ਜਾਂ ਨਹੀਂ | ਦੂਜੇ ਪਾਸੇ ਦਿੱਲੀ ਭਾਜਪਾ ਦੇ ਪ੍ਰਧਾਨ ਸਤੀਸ਼ ਉਪਾਧਿਆਏ ਨੇ ਅਰਵਿੰਦ ਕੇਜਰੀਵਾਲ ‘ਤੇ ਦਿੱਲੀ ਵਾਸੀਆਂ ਨਾਲ ਫਰੇਬ ਕਰਨ ਦਾ ਦੋਸ਼ ਲਗਾਇਆ ਹੈ | ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰ ਸਰਕਾਰ ਅਤੇ ਉਪ ਰਾਜਪਾਲ ਦੇ  ਖਿਲਾਫ ਤਿੱਖੇ ਹਮਲਿਆਂ ਦੇ ਸਿਲਸਿਲੇ ਨੂੰ ਜਾਰੀ ਰੱਖਦਿਆਂ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਅਸੰਵਿਧਾਨਕ ਦਾਦਾਗਿਰੀ ਵਿਖਾਈ ਹੈ ਪ੍ਰੰਤੂ ਅਸੀਂ ਦਿੱਲੀ ਦੀ ਜਨਤਾ ਦੀ ਭਲਾਈ ਲਈ ਸ਼੍ਰੀ ਨਰਿੰਦਰ ਮੋਦੀ ਤੇ ਉਪ ਰਾਜਪਾਲ ਖਿਲਾਫ ਸੰਘਰਸ਼ ਜਾਰੀ ਰੱਖਾਂਗੇ ਅਤੇ ਦਿੱਲੀ ਦੇ ਹੱਕਾਂ ‘ਤੇ ਕੇਂਦਰ ਦਾ ਡਾਕਾ ਨਹੀਂ ਪੈਣ ਦੇਵਾਂਗੇ | ਅੱਜ ਕੇਜਰੀਵਾਲ ਸਰਕਾਰ ਦੇ 100 ਦਿਨ ਪੂਰੇ ਹੋਣ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਸ਼੍ਰੀ ਸਿਸੋਦੀਆ ਨੇ ਕਿਹਾ ਕਿ ਪਿਛੋਕੜ ‘ਚ ਭਾਜਪਾ ਨੇ ਕਿਹਾ ਸੀ ਕਿ ਉਹ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਏਗੀ ਪ੍ਰੰਤੂ ਹੁਣ ਉਹ ਰਾਜ ਦੀ ਚੁਣੀ ਹੋਈ ਸਰਕਾਰ ਦੇ ਅਧਿਕਾਰ ਖੋਹਣ ਦੀ ਕੋਸ਼ਿਸ਼ ਵਿਚ ਲੱਗੀ ਹੋਈ ਹੈ | ਸਿਸੋਦੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਨੇ ਦਿੱਲੀ ਵਾਲਿਆਂ ਨਾਲ ਵੱਡਾ ਧੋਖਾ ਕੀਤਾ ਹੈ | ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸਵਾਲ ਕਰਦਿਆਂ ਪੁਛਿਆ ਕਿ ਪ੍ਰਧਾਨ ਮੰਤਰੀ ਲੋਕਾਂ ਨੂੰ ਜਵਾਬ ਦੇਣ ਕਿ ਦਿੱਲੀ ਵਿਚ ਜਮੂਹਰੀਅਤ ਹੈ ਜਾਂ ਨਹੀਂ ? ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਦੀ ਐਨ.ਡੀ.ਏ. ਸਰਕਾਰ ਉਪ ਰਾਜਪਾਲ ਅਤੇ ਆਪਣੇ ਤਿੰਨੇ ਵਿਧਾਇਕਾਂ ਦੇ ਜਰੀਏ ਦਿੱਲੀ ਵਿਚ ਸਰਕਾਰ ਚਲਾਉਣਾ ਚਾਹੁੰਦੀ ਹੈ ਜੋ ਅਸੀਂ ਹੋਣ ਨਹੀਂ ਦੇਵਾਂਗੇ | ਸ਼੍ਰੀ ਸਿਸੋਦੀਆ ਨੇ ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਨੂੰ ਚੋਣ ਲੜਨ ਦੀ ਚੁਨੌਤੀ ਦਿੱਤੀ ਅਤੇ ਕਿਹਾ ਕਿ ਜੇਕਰ ਉਪ ਰਾਜਪਾਲ ਨੂੰ ਸ਼ਾਸਨ ਚਲਾਉਣ ਦਾ ਇੰਨਾ ਹੀ ਸ਼ੌਕ ਹੈ ਤਾਂ ਉਹ ਚੋਣਾਂ ਰਾਹੀਂ ਮੁੱਖ ਮੰਤਰੀ ਬਣ ਕੇ ਸਰਕਾਰ ਚਲਾਉਣ | ਉਨ੍ਹਾਂ ਦੱਸਿਆ ਕਿ ਭਿ੍ਸ਼ਟਾਚਾਰ ਰੋਕੂ ਵਿਭਾਗ ਕਈ ਵੱਡੇ ਅਧਿਕਾਰੀਆਂ ਦੇ ਖਿਲਾਫ ਭਿ੍ਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ ਅਤੇ ਜਾਂਚ ਪੂਰੀ ਹੋਣ ਉਪਰੰਤ ਜਲਦ ਹੀ ਇਨ੍ਹਾਂ ਅਧਿਕਾਰੀਆਂ ਦੇ ਨਾਂਅ ਸਾਹਮਣੇ ਆ ਜਾਣਗੇ | ਸਿਸੋਦੀਆ ਨੇ ਮੁੜ ਦੁਹਰਾਇਆ ਕਿ ਦਿੱਲੀ ਵਿਚ ਚਲ ਰਹੀ ਤਬਾਦਲਾ-ਨਿਯੁਕਤੀ ਦੀ ਇੰਡਸਟਰੀ ਨੂੰ ਅਸੀਂ ਬੰਦ ਕਰ ਦਿੱਤਾ ਹੈ | ਇਸ ਲਈ ਕੇਂਦਰ ਸਰਕਾਰ ਤਬਾਦਲਾ-ਨਿਯੁਕਤੀ ਅਤੇ ਬੇਈਮਾਨ ਅਫਸਰਾਂ ਨੂੰ ਬਚਾਉਣ ਦੇ ਲਈ ਏ.ਸੀ.ਬੀ. ਨੂੰ ਉਪਰਾਜਪਾਲ ਦੇ ਅਧੀਨ ਲਿਆਉਣ ਦੀ ਗੱਲ ਆਖ ਰਹੀ ਹੈ | ਸਿਸੋਦੀਆ ਨੇ ਦੋਸ਼ ਲਗਾਇਆ ਕਿ ਦਿੱਲੀ ਸਰਕਾਰ ਦੇ ਅਧੀਨ ਆਉਣ ਵਾਲੇ ਭਿ੍ਸ਼ਟਾਚਾਰ ਰੋਕੂ ਵਿਭਾਗ ਉਪ ਰਾਜਪਾਲ ਦੇ ਅਧੀਨ ਕਰਕੇ ਕੇਂਦਰ ਸਰਕਾਰ ਬੇਈਮਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਇੱਕ ਸਵਾਲ ਦੇ ਜਵਾਬ ‘ਚ ਸਿਸੋਦੀਆ ਨੇ ਕਿਹਾ ਕਿ ਇਹ ਵਿਸ਼ੇਸ਼ ਇਜਲਾਸ ਦਿੱਲੀ ਦੇ ਅਧਿਕਾਰਾਂ ਦੀ ਲੜਾਈ ਲੜਨ ਦੀ ਰਣਨੀਤੀ ਤੈਅ ਕਰਨ ਲਈ ਸੱਦਿਆ ਜਾ ਰਿਹਾ ਹੈ | ਮੀਡੀਆ ਬਾਰੇ ਸਫਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਅਸੀਂ ਮੀਡੀਆ ਦੇ ਨਹੀਂ ਬਲਕਿ ਝੂਠ ਦੇ ਖਿਲਾਫ ਹਾਂ, ਕਿਉਂਕਿ ਕੁੱਝ ਮੀਡੀਆ ਜਾਣ ਬੁੱਝ ਕੇ ਮੁੱਖ ਮੰਤਰੀ ਦਾ ਨਾਂਅ ਬਦਨਾਮ ਕਰ ਰਿਹਾ ਹੈ |

Facebook Comment
Project by : XtremeStudioz