Close
Menu

ਕੇਂਦਰ ਤੇ ਸੂਬਿਆਂ ਨੂੰ ਮਿਲ ਕੇ ਟੀਮ ਇੰਡੀਆ ਵਾਂਗ ਕੰਮ ਕਰਨਾ ਚਾਹੀਦੈ : ਮੋਦੀ

-- 11 May,2015

ਬਰਨਪੁਰ (ਪੱ. ਬੰਗਾਲ),  ਕੇਂਦਰ ਤੇ ਸੂਬਿਆਂ ਦੇ ਸੰਬੰਧਾਂ ਦਰਮਿਆਨ ਤਣਾਅ ਨੂੰ ਭਾਰਤ ਦੀ ਤਰੱਕੀ ਵਿਚ ਵੱਡੀ ਰੁਕਾਵਟ ਮੰਨਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਿਰਫ ‘ਟੀਮ ਇੰਡੀਆ’ (ਕੇਂਦਰ ਤੇ ਸੂਬਾ ਸਰਕਾਰਾਂ)  ਦੇਸ਼ ਨੂੰ ਵਿਕਾਸ ਦੇ ਰਸਤੇ ‘ਤੇ ਅੱਗੇ ਲਿਜਾ ਸਕਦੀ ਹੈ। ਮੋਦੀ ਨੇ ਕਿਹਾ ਕਿ ਕੇਂਦਰ ਤੇ ਸੂਬਿਆਂ ਨੂੰ ਰਾਸ਼ਟਰੀ ਸਮੱਸਿਆਵਾਂ ਦੇ ਹੱਲ ਲਈ ਇਕ ਟੀਮ ਇੰਡੀਆ ਵਾਂਗ ਕੰਮ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਉਨ੍ਹਾਂ ਭਾਰਤ-ਬੰਗਲਾਦੇਸ਼ ਭੂਮੀ ਸਰਹੱਦੀ ਸਮਝੌਤੇ ਵਰਗੇ ਮੁੱਦਿਆਂ ਦਾ ਹੱਲ ਕੱਢਣ ਵਿਚ ਕੀਤਾ।
ਮੋਦੀ ਨੇ ਇਥੇ 16 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਆਈ. ਆਈ. ਐੱਸ. ਸੀ. ਓ. ਦੇ ਆਧੁਨਿਕ ਇਸਪਾਤ ਪਲਾਂਟ ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ ਕਿ ਜੇਕਰ ਦੂਜੇ ਦੇਸ਼ਾਂ ਨਾਲ ਟੀਮ ਇੰਡੀਆ ਦੀ ਭਾਵਨਾ ਦੇ ਮਾਧਿਅਮ ਰਾਹੀਂ ਮੁੱਦਿਆਂ ਨੂੰ ਸੁਲਝਾਇਆ ਜਾ ਸਕਦਾ ਹੈ ਤਾਂ ਇਸ ਨਾਲ ਘਰੇਲੂ ਮੁੱਦਿਆਂ ਦਾ ਹੱਲ ਬਹੁਤ ਸੌਖਾ ਹੋਵੇਗਾ। ਮੋਦੀ ਨੇ ਕਿਹਾ ਕਿ ਸੰਸਦ ਵਿਚ ਭਾਰਤ-ਬੰਗਲਾਦੇਸ਼ ਭੂਮੀ ਸਰਹੱਦ ਦੇ ਜੁੜੇ ਸਮਝੌਤੇ ਨਾਲ ਸੰਬੰਧਤ ਬਿੱਲ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਹੈ ਅਤੇ ਇਸ ਮੁੱਦੇ ਦਾ ਹੱਲ ਕੱਢਣ ਲਈ ਸਾਰੀਆਂ ਪਾਰਟੀਆਂ ਨੇ ਵਿਸ਼ੇਸ਼ ਤੌਰ ‘ਤੇ ਪੱਛਮੀ ਬੰਗਾਲ, ਆਸਾਮ, ਮਿਜ਼ੋਰਮ, ਮੇਘਾਲਿਆ ਵਰਗੇ ਸੂਬਿਆਂ ਨੇ ਕੇਂਦਰ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕੀਤਾ ਹੈ।
ਭਾਰਤ ਨੂੰ ਅੱਗੇ ਲਿਜਾਣ ਲਈ ਸੂਬਿਆਂ ਨਾਲ ਮਿਲ ਕੇ ਕੰਮ ਕਰਨ ਦਾ ਦ੍ਰਿੜ੍ਹ ਸੰਕਲਪ ਪ੍ਰਗਟਾਉਂਦੇ ਹੋਏ ਮੋਦੀ ਨੇ ਕਿਹਾ ਕਿ ਬਦਕਿਸਮਤੀ ਨਾਲ ਬੀਤੇ ਵਿਚ ਸੂਬਿਆਂ ਤੇ ਕੇਂਦਰ ਦਰਮਿਆਨ ਤਣਾਅ ਵਾਲੀ ਸਥਿਤੀ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਵੀ ਕਈ ਸਾਲ ਤਕ ਗੁਜਰਾਤ ਦੇ ਮੁਖ ਮੰਤਰੀ ਰਹੇ ਹਨ ਅਤੇ ਸਮਝਦੇ ਹਨ ਕਿ ਸੂਬਿਆਂ ਪ੍ਰਤੀ ਕੇਂਦਰ ਦਾ ਵਤੀਰਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਮੋਦੀ ਨੇ ਕਿਹਾ ਕਿ ਸਾਡੇ ਸੰਵਿਧਾਨ ਨੇ ਸਾਨੂੰ ਸੰਘੀ ਢਾਂਚਾ ਦਿੱਤਾ ਹੈ ਪਰ ਅਸਲ ਵਿਚ ਅਜਿਹਾ ਮਾਹੌਲ ਨਹੀਂ ਹੈ। ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਮੁਖ ਮੰਤਰੀ ਮਿਲ ਕੇ ਟੀਮ ਵਾਂਗ ਕੰਮ ਕਰਨਗੇ ਅਤੇ ਭਾਰਤ ਨੂੰ ਅੱਗੇ ਲਿਜਾਣਗੇ। ਭਾਰਤ ‘ਤੇ ਸਿਰਫ ਦਿੱਲੀ ਤੋਂ ਹੀ ਸ਼ਾਸਨ ਨਹੀਂ ਹੋਵੇਗਾ। ਦੇਸ਼ ਸਿਰਫ ਦਿੱਲੀ ਦੇ ਖੰਭੇ ‘ਤੇ ਹੀ ਖੜ੍ਹਾ ਨਹੀਂ ਹੋਵੇਗਾ ਸਗੋਂ ਇਸ ਨੂੰ 30 ਖੰਭਿਆਂ (30 ਸੂਬਿਆਂ) ਦਾ ਸਹਾਰਾ ਹੋਵੇਗਾ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਦੇ ਆਰਥਿਕ ਸਸ਼ਕਤੀਕਰਨ ਤੋਂ ਬਿਨਾਂ  ਪੂਰਬੀ ਭਾਰਤ ਦਾ ਵਿਕਾਸ ਸੰਭਵ ਨਹੀਂ ਹੈ।
ਮੋਦੀ ਨੇ ਨੀਤੀ ਕਮਿਸ਼ਨ ਦੇ ਗਠਨ ਦਾ ਜ਼ਿਕਰ ਕੀਤਾ ਜਿਸ ਵਿਚ ਸਾਰੇ ਸੂਬੇ ਹਿੱਸੇਦਾਰ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਕੋਸ਼ਿਸ਼ ਪੂਰਬੀ ਭਾਰਤ ਨੂੰ ਸ਼ਕਤੀਸ਼ਾਲੀ ਬਣਾਉਣ ਦੀ ਹੈ, ਜਿਸ ਦੇ ਲਈ ਪੱਛਮੀ ਬੰਗਾਲ ਨੂੰ ਸਭ ਤੋਂ ਪਹਿਲਾਂ ਮਜ਼ਬੂਤ ਕਰਨਾ ਪਵੇਗਾ। ਮੁਖ ਮੰਤਰੀ ਮਮਤਾ ਬੈਨਰਜੀ ਦੀ ਮੌਜੂਦਗੀ ਵਿਚ ਉਨ੍ਹਾਂ ਕਿਹਾ ਕਿ ਦੱਖਣ-ਪੂਰਬ ਏਸ਼ੀਆ ਦੇ ਦੇਸ਼ਾਂ ਨਾਲ ਸਹਿਯੋਗ ਲਈ ਭਾਰਤ ਦੀ ਈਸਟ ਨੀਤੀ ਦੀ ਅਗਵਾਈ ਪੱਛਮੀ ਬੰਗਾਲ ਕਰੇਗਾ। ਉਨ੍ਹਾਂ ਯੂ. ਪੀ. ਏ. ਦੀ ਪਿਛਲੀ ਸਰਕਾਰ ਨੂੰ ਸਖਤ ਹੱਥੀਂ ਲੈਂਦੇ ਹੋਏ ਕਿਹਾ ਕਿ ਇਸ ਦੌਰਾਨ ਮੀਡੀਆ ਵਿਚ ਹਰ ਤਰ੍ਹਾਂ ਦੇ ਘਪਲਿਆਂ ਦੀਆਂ ਖਬਰਾਂ ਬਣੀਆਂ ਹੋਈਆਂ ਸਨ। ਹੁਣ ਕੋਲਾ ਘਪਲੇ ਦੀਆਂ ਖਬਰਾਂ ਨਹੀਂ ਹਨ। ਹੁਣ ਕੋਲਾ ਨਿਲਾਮੀ ਦੀਆਂ ਖਬਰਾਂ ਹਨ। ਮੋਦੀ ਮੁਤਾਬਕ ਇਸ ਮਹੀਨੇ ਉਨ੍ਹਾਂ ਦੀ ਸਰਕਾਰ ਇਕ ਸਾਲ ਪੂਰਾ ਕਰਨ ਜਾ ਰਹੀ ਹੈ। ਕਿਸੇ ਘਪਲੇ ਦੀ ਖਬਰ ਨਹੀਂ ਹੈ। ਪੱਛਮੀ ਬੰਗਾਲ ਦੀ ਮੁਖ ਮੰਤਰੀ ਮਮਤਾ ਬੈਨਰਜੀ ਨੇ ਇਸ ਮੌਕੇ ਕਿਹਾ ਕਿ ਦੇਸ਼ ਨੂੰ ਅੱਗੇ ਲਿਜਾਣ ਲਈ ਕੇਂਦਰ ਤੇ ਸੂਬਿਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਮੋਦੀ ਨੇ ਕਿਹਾ ਕਿ ਮਮਤਾ ਨੇ ਬਿਲਕੁਲ ਸਹੀ ਗੱਲ ਕਹੀ ਹੈ।

Facebook Comment
Project by : XtremeStudioz