Close
Menu

ਕੇਂਦਰ ਦੀ ਸੋਕਾ ਰਾਹਤ ਪੈਕੇਜ ਤੋਂ ਕੋਰੀ ਨਾਂਹ ਸ. ਬਾਦਲ ਦੀ ਨਾਕਾਮੀ: ਮਨਪ੍ਰੀਤ ਬਾਦਲ

-- 11 December,2014

ਚੰਡੀਗੜ੍ਹ, ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਹੈ ਕਿ ਕੇਂਦਰ ਵਲੋਂ ਪੰਜਾਬ ਸਰਕਾਰ ਦੁਆਰਾ ਭੇਜੀ ਗਈ 2330 ਕਰੋੜ ਰੁਪਏ ਦੀ ਤਜਵੀਜ਼ ਰੱਦ ਕਰਨ ਤੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੀ ਅਸਫਲਤਾ ਅਤੇ ਨਾਕਾਮੀ ਉਭਰ ਕੇ ਸਾਹਮਣੇ ਆ ਗਈ ਹੈ। ਕੇਂਦਰ ਵਲੋਂ ਕੀਤੀ ਗਈ ਨਾਂਹ ਤੋਂ ਸਪਸ਼ਟ ਹੈ ਸੂਬਾ ਸਰਕਾਰ ਅਸਰਦਾਰ ਢੰਗ ਨਾਲ ਆਪਣਾ ਕੇਸ ਪੇਸ਼ ਹੀ ਨਹੀਂ ਕਰ ਸਕੀ।
ਮਨਪ੍ਰੀਤ ਬਾਦਲ ਨੇ ਆਪਣੇ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਸੋਕਾ ਰਾਹਤ ਪੈਕੇਜ ਦੇਣ ਤੋਂ ਕੋਰੀ ਨਾਂਹ ਕੇਂਦਰ ਦੀ ਉਸ ਮੋਦੀ ਸਰਕਾਰ ਵਲੋਂ ਕੀਤੀ ਗਈ ਹੈ ਜਿਸ ਦੇ ਬਨਣ ਤੋਂ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹਰ ਰੋਜ਼ ਕਿਹਾ ਕਰਦੇ ਸਨ ਕਿ ਕੇਂਦਰ ਵਿਚ ਭਾਜਪਾ ਸਰਕਾਰ ਬਨਣ ਤੋਂ ਬਾਅਦ ਉਹ ਪੰਜਾਬ ਲਈ ਪੈਸਿਆਂ ਦੇ ਟਰੱਕ ਭਰ ਕੇ ਲਿਆਇਆ ਕਰਨਗੇ। ਉਹਨਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਪੰਜਾਬ ਨੂੰ ਦਿੱਤਾ ਗਿਆ ਇੱਕ ਹੋਰ ਤੋਹਫਾ ਹੈ।
ਪੀਪੀਪੀ ਦੇ ਮੁੱਖੀ ਨੇ ਕਿਹਾ ਕਿ ਇਹ ਵੀ ਅਜੀਬ ਤੱਥ ਹੈ ਕਿ ਸੂਬੇ ਵਿਚ ਆਮ ਨਾਲੋਂ 68 ਫੀਸਦੀ ਘੱਟ ਵਰਖਾ ਹੋਣ ਦੇ ਬਵਜੂਦ ਵੀ ਬਾਦਲ ਸਰਕਾਰ ਨੇ ਪੰਜਾਬ ਨੂੰ ਸੋਕਾਗ੍ਰਸਤ ਰਾਜ ਨਹੀਂ ਐਲਾਨਿਆ।ਸੋਕੇ ਕਾਰਨ ਸੇ ਦੇ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਬਾਲ ਕੇ ਆਪਣੀ ਝੋਨੇ ਦੀ ਫਸਲ ਪਲਣੀ ਪਈ ਹੈ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਇਹ ਪੁੱਛਣ ਦਾ ਪੂਰਾ ਪੂਰਾ ਹੱਕ ਹੈ ਕਿ ਜੇ ਪੰਜਾਬ ਦਾ ਬਿਲਕੁਲ ਜ਼ਾਇਜ ਕੇਸ ਵੀ ਅਸਰਦਾਰ ਢੰਗ ਨਾਲ ਪੇਸ਼ ਨਹੀਂ ਕੀਤਾ ਜਾਣਾ ਤਾਂ ਫਿਰ ਕੇਂਦਰੀ ਕੈਬਨਿਟ ਵਿਚ ਬੈਠੀ ਹਰਸਿਮਰਤ ਕੌਰ ਬਾਦਲ ਕੀ ਕਰ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰੀ ਕੈਬਨਿਟ ਦਾ ਅਹੁਦਾ ਟੌਹਰ-ਟੱਪਾ ਕੱਢਣ ਲਈ ਕੋਈ ਗਹਿਣਾ ਨਹੀਂ ਹੈ, ਸਗੋਂ ਹਰ ਕੇਂਦਰੀ ਮੰਤਰੀ ਦਾ ਇਹ ਨੈਤਿਕ ਜ਼ਿਮੇਂਵਾਰੀ ਹੈ ਕਿ ਉਹ ਆਪਣੇ ਸੂਬੇ ਦੇ ਹਿੱਤਾਂ ਦਾ ਖਿਆਲ ਰੱਖੇ।
ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਬਾਦਲ ਸਰਕਾਰ ਵਲੋਂ ਪਿਛਲੇ ਖਾਤੇ ਸਹੀ ਨਾ ਕੀਤੇ ਜਾਣ ਕਰਕੇ ਝੋਨੇ ਦੀ ਅਦਾਇਗੀ ਲਈ ਜਾਰੀ ਕੀਤੇ ਜਾਣ ਵਾਲੇ ਫੰਡ ਦੇਣ ਤੋਂ ਨਾਂਹ ਕਰ ਦਿੱਤੀ ਸੀ।ਸੂਬਾ ਸਰਕਾਰ ਇਹ ਆਸ ਲਾਈ ਬੈਠੀ ਸੀ ਕਿ ਮੋਦੀ ਸਰਕਾਰ ਆਉਂਦਿਆਂ ਹੀ ਉਹਨਾਂ ਦਾ ਮਾਲੀ ਸੰਕਟ ਹੱਲ ਕਰ ਦੇਵੇਗੀ, ਪਰ ਕੇਂਦਰ ਨੇ ਇਸ ਤੋਂ ਵੀ ਨਾ ਸਿਰਫ ਹੱਥ ਹੀ ਖੜੇ ਕੀਤੇ ਬਲਕਿ ਸੂਬਾ ਸਰਕਾਰ ਨੂੰ ਆਪਣਾ ਘਰ ਠੀਕ ਕਰਨ ਦੀ ਨਸੀਹਤ ਵੀ ਦਿੱਤੀ।
ਮਨਪ੍ਰੀਤ ਬਾਦਲ ਨੇ ਕਿਹਾ, “ਸੁਖਬੀਰ ਕੰਪਿਊਟਰ ਰਾਹੀ ਪਾਵਰ ਪ੍ਰੈਜੈਂਟੇਸ਼ਨ ਦੇਣ ਦਾ ਬਹਤਾ ਹੀ ਸ਼ੌਕੀਨ ਹੈ।ਪਰ ਇਹ ਪਤਾ ਲਾਉਣ ਦੀ ਲੋੜ ਹੈ ਕਿ ਇਸ ਬਹੁਤ ਹੀ ਗੰਭੀਰ ਮਾਮਲੇ ਉੱਤੇ ਮੋਦੀ ਸਰਕਾਰ ਨੂੰ ਪ੍ਰਭਾਵਸ਼ਾਲੀ ਪ੍ਰੈਜੈਂਟੇਸ਼ਨ ਰਾਹੀਂ ਪ੍ਰਭਾਵਤ ਕਰਨ ਵਿਚ ਉਹ ਕੋਈ ਦਿਲਚਸਪੀ ਕਿਉਂ ਨਹੀਂ ਲੈ ਰਿਹਾ।”

Facebook Comment
Project by : XtremeStudioz