Close
Menu

ਕੇਜਰੀਵਾਲ ਨੂੰ ਅਜੇ ਵੀ ਕਾਂਗਰਸ ਨਾਲ ਸਮਝੌਤੇ ਦੀ ਆਸ

-- 25 March,2019

ਨਵੀਂ ਦਿੱਲੀ, 25 ਮਾਰਚ
ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨਾਲ ਗੱਠਜੋੜ ਨੂੰ ਲੈ ਕੇ ਦੁਚਿੱਤੀ ਵਿੱਚ ਘਿਰੀ ਕਾਂਗਰਸ ਤੋਂ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਅਜੇ ਵੀ ਕੋਈ ਸਮਝੌਤਾ ਹੋਣ ਦੀ ਆਸ ਹੈ।
ਦਿੱਲੀ ’ਚ ਸੰਜੇ ਬਾਸੂ, ਨੀਰਜ ਕੁਮਾਰ ਤੇ ਸ਼ਸ਼ੀ ਸ਼ੇਖਰ ਦੀ ਲਿਖੀ ਕਿਤਾਬ ‘ਵਾਅਦਾ ਫਰਾਮੋਸ਼ੀ’ ਲੋਕ ਅਰਪਣ ਕਰਨ ਦੇ ਸਮਾਗਮ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਵੱਲੋਂ ਗੱਲਬਾਤ ਦਾ ਸੱਦਾ ਆਉਣ ਦਿਉ ਉਹ ਇਸ ਮੁੱਦੇ ’ਤੇ ਚਰਚਾ ਲਈ ਤਿਆਰ ਹਨ। ਜ਼ਿਕਰਯੋਗ ਹੈ ਕਿ ਦਿੱਲੀ ਕਾਂਗਰਸ ਦੇ ਇੰਚਾਰਜ ਪੀਸੀ ਚਾਕੋ ਨੇ ਸੰਕੇਤ ਦਿੱਤੇ ਸਨ ਕਿ ਉਹ ਗੱਠਜੋੜ ਕਰਨ ਲਈ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਚਰਚਾ ਕਰਨਗੇ ਜਿਸ ਬਾਰੇ ਸ੍ਰੀ ਕੇਜਰੀਵਾਲ ਨੇ ਅਗਿਆਨਤਾ ਪ੍ਰਗਟਾਈ ਹੈ।
ਇਕ ਸਰਵੇਖਣ ਮੁਤਾਬਕ ਦਿੱਲੀ ਵਿੱਚ ਕਾਂਗਰਸ ਨੂੰ ਤਾਂ ਹੀ ਲਾਹਾ ਮਿਲ ਸਕਦਾ ਹੈ ਜੇਕਰ ਉਹ ‘ਆਪ’ ਨਾਲ ਗੱਠਜੋੜ ਕਰਦੀ ਹੈ ਨਹੀਂ ਤਾਂ ਭਾਜਪਾ ਬਾਜ਼ੀ ਮਾਰ ਸਕਦੀ ਹੈ। ‘ਆਪ’ ਨੇ ਸਾਰੀਆਂ 7 ਲੋਕਾਂ ਸੀਟਾਂ ਲਈ ਉਮੀਦਵਾਰ ਵੀ ਐਲਾਨ ਦਿੱਤੇ ਹਨ ਤੇ ‘ਆਪ’ ਦੇ ਦਿੱਲੀ ਦੇ ਕਨਵੀਨਰ ਗੋਪਾਲ ਰਾਇ ਕਹਿ ਚੁੱਕੇ ਹਨ ਕਿ ਹੁਣ ਕਾਂਗਰਸ ਨਾਲ ਚੋਣ ਸਮਝੌਤੇ ਦੀਆਂ ਸੰਭਾਵਨਾਵਾਂ ਘੱਟ ਹੀ ਹਨ। ਦਿੱਲੀ ਦੀ ਸੂਬਾ ਪ੍ਰਧਾਨ ਸ਼ੀਲਾ ਦੀਕਸ਼ਿਤ ‘ਆਪ’ ਨਾਲ ਹੱਥ ਮਿਲਾਉਣ ਦੇ ਸਖ਼ਤ ਖ਼ਿਲਾਫ਼ ਹੈ। ਕਿਤਾਬ ਰਿਲੀਜ਼ ਕਰਨ ਮਗਰੋਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਐੱਨਡੀਏ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਹੇਠ ਲੋਕਾਂ ਦੀ ਦੇਸ਼ ਭਗਤੀ ਉੱਪਰ ਸਵਾਲੀਆ ਨਿਸ਼ਾਨ ਲਾਏ ਜਾ ਰਹੇ ਹਨ ਤੇ ਲੋਕਾਂ ਦੇ ਅਧਿਕਾਰਾਂ ਨੂੰ ਦਬਾਇਆ ਜਾ ਰਿਹਾ ਹੈ। ਸੰਵਿਧਾਨਕ ਸੰਸਥਾਵਾਂ ਖ਼ਤਰੇ ਵਿੱਚ ਹਨ ਜਿਸ ਕਰਕੇ ਉਨ੍ਹਾਂ ਲੋਕਾਂ ਨੂੰ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਜੋੜੀ ਨੂੰ ਭਾਂਜ ਦੇਣ ਦਾ ਸੱਦਾ ਦਿੱਤਾ ਹੈ। ਇਹ ਕਿਤਾਬ ਸਿਆਸੀ ਆਗੂਆਂ ਦੀ ਵਾਅਦਾ ਖ਼ਿਲਾਫ਼ੀ ਉੱਪਰ ਟਿੱਪਣੀਆਂ ਕਰਦੀ ਹੈ।

Facebook Comment
Project by : XtremeStudioz