Close
Menu

ਕੇਜਰੀਵਾਲ ਲੁਕਾ-ਛਿਪੀ ਬੰਦ ਕਰਨ: ਕਾਂਗਰਸ

-- 17 April,2019

ਨਵੀਂ ਦਿੱਲੀ,
ਦਿੱਲੀ ਵਿਚ ਆਮ ਆਦਮੀ ਪਾਰਟੀ (‘ਆਪ’) ਨਾਲ ਗਠਜੋੜ ਸਬੰਧੀ ਭੰਬਲਭੂਸੇ ਵਾਲੀ ਸਥਿਤੀ ਦੌਰਾਨ ਕਾਂਗਰਸ ਨੇ ਅੱਜ ਕਿਹਾ ਕਿ ਰਾਹੁਲ ਗਾਂਧੀ ਨੇ ‘ਵੱਡਾ ਜਿਗਰਾ’ ਦਿਖਾਉਂਦਿਆਂ ਆਪਣੀ ਰੁਖ਼ ਸਪੱਸ਼ਟ ਕਰ ਦਿੱਤਾ ਹੈ ਅਤੇ ਹੁਣ ਅਰਵਿੰਦ ਕੇਜਰੀਵਾਲ ਨੂੰ ਲੁਕਾ-ਛਿਪੀ ਬੰਦ ਕਰਨੀ ਚਾਹੀਦੀ ਹੈ।
ਗਠਜੋੜ ਬਾਰੇ ਸਵਾਲ ਦੇ ਜਵਾਬ ਵਿੱਚ ਕਾਂਗਰਸ ਦੇ ਤਰਜਮਾਨ ਪਵਨ ਖੇੜਾ ਨੇ ਮੀਡੀਆ ਨੂੰ ਕਿਹਾ, ‘‘ਰਾਹੁਲ ਜੀ ਨੇ ਟਵੀਟ ਕਰਕੇ ਸਭ ਕੁਝ ਸਪੱਸ਼ਟ ਕਰ ਦਿੱਤਾ ਹੈ। ਅਰਵਿੰਦ ਕੇਜਰੀਵਾਲ ਜੀ ਲੁਕਾ-ਛਿਪੀ ਦੀ ਖੇਡ ਖੇਡ ਰਹੇ ਹਨ..ਮੈਂ ਉਮੀਦ ਕਰਦਾ ਹਾਂ ਕਿ ਉਨ੍ਹਾਂ ਦੀ ਲੁਕਾ-ਛਿਪੀ ਬੰਦ ਹੋ ਜਾਵੇਗੀ। ਉਨ੍ਹਾਂ ਕਿਹਾ, ‘‘ਤੁਸੀਂ (ਕੇਜਰੀਵਾਲ) ਯੂ-ਟਰਨ ਨਾ ਲਵੋ ਕਿਉਂਕਿ ਤੁਸੀਂ ਇਸ ਦੇ ਲਈ ਜਾਣੇ ਜਾਂਦੇ ਹੋ। ਤੁਹਾਡੇ ਬਾਰੇ ਵਿਚ ਲੋਕ ਦੱਸਦੇ ਹਨ ਕਿ ਤੁਸੀਂ ਕਿਸੇ ਦੀ ਬੀ ਟੀਮ ਹੋ।’’ ਖੇੜਾ ਨੇ ਕਿਹਾ, ‘‘ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੱਡਾ ਜਿਗਰਾ ਦਿਖਾਉਂਦਿਆਂ ਸਾਰੀਆਂ ਗੱਲਾਂ ਸਪੱਸ਼ਟ ਕਰ ਦਿੱਤੀਆਂ ਹਨ ਅਤੇ ਹੁਣ ਗੇਂਦ ਕੇਜਰੀਵਾਲ ਦੇ ਪਾਲੇ ਵਿੱਚ ਹੈ।’’
ਰਾਹੁਲ ਗਾਂਧੀ ਨੇ ਸੋਮਵਾਰ ਨੂੰ ਟਵੀਟ ਕੀਤਾ ਸੀ, ‘‘ਦਿੱਲੀ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਗਠਜੋੜ ਦਾ ਮਤਲਬ ਭਾਜਪਾ ਦਾ ਸਫ਼ਾਇਆ ਹੋਣਾ ਹੈ। ਇਹ ਯਕੀਨੀ ਬਣਾਉਣ ਲਈ ਕਾਂਗਰਸ ‘ਆਪ’ ਨੂੰ ਚਾਰ ਸੀਟਾਂ ਦੇਣ ਦੀ ਇਛੁੱਕ ਹੈ ਪ੍ਰੰਤੂ ਕੇਜਰੀਵਾਲ ਜੀ ਨੇ ਇੱਕ ਹੋਰ ਯੂ-ਟਰਨ ਲੈ ਲਿਆ ਹੈ।’’ ਗਾਂਧੀ ਨੇ ਕਿਹਾ, ‘‘ਸਾਡੇ ਦਰ ਅਜੇ ਵੀ ਖੁਲ੍ਹੇ ਹਨ ਪਰ ਸਮਾਂ ਬੀਤਦਾ ਜਾ ਰਿਹਾ ਹੈ।’’ ਇਸ ਟਵੀਟ ਦੇ ਜਵਾਬ ਵਿੱਚ ਕੇਜਰੀਵਾਲ ਨੇ ਕਿਹਾ, ‘‘ਕਿਹੜਾ ਯੂ-ਟਰਨ? ਹਾਲੇ ਤਾਂ ਗੱਲਬਾਤ ਚੱਲ ਰਹੀ ਸੀ। ਤੁਹਾਡਾ ਟਵੀਟ ਬਿਆਨ ਕਰਦਾ ਹੈ ਕਿ ਗਠਜੋੜ ਤੁਹਾਡੀ ਇੱਛਾ ਨਹੀਂ, ਕੇਵਲ ਦਿਖਾਵਾ ਹੈ।’’

Facebook Comment
Project by : XtremeStudioz