Close
Menu

ਕੈਨੇਡਾ ’ਚ ਅਸਥਾਈ ਵਿਦੇਸ਼ੀ ਕਾਮਿਆਂ ਲਈ ਨਿਯਮ ਸਖ਼ਤ

-- 11 August,2013

tn1_visa_jobs

ਓਟਵਾ, 11 ਅਗਸਤ (ਦੇਸ ਪ੍ਰਦੇਸ ਟਾਈਮਜ਼)-ਕੈਨੇਡਾ ਦੇ ਅਸਥਾਈ ਵਿਦੇਸ਼ੀ ਕਾਮਿਆਂ ਬਾਰੇ ਪ੍ਰੋਗਰਾਮ ਵਿੱਚ ਕਈ ਫੇਰਬਦਲ ਕੀਤੇ ਗਏ ਹਨ। ਫੈਡਰਲ ਸਰਕਾਰ ਨੇ ਕਿਹਾ ਕਿ ਵਿਦੇਸ਼ੀ ਕਾਮਿਆਂ ਦੀਆਂ ਸੇਵਾਵਾਂ ਲੈਣ ਤੋਂ ਪਹਿਲਾਂ ਹੁਣ ਰੁਜ਼ਗਾਰਦਾਤਾ ਨੂੰ ਚਾਰ ਹਫ਼ਤੇ ਪਹਿਲਾਂ ਕੈਨੇਡਾ ਵਿੱਚ ਆਸਾਮੀਆਂ ਖ਼ਾਲੀ ਹੋਣ ਬਾਰੇ ਇਸ਼ਤਿਹਾਰ ਪ੍ਰਕਾਸ਼ਤ ਕਰਵਾਉਣਾ ਹੋਵੇਗਾ। ਪਹਿਲਾਂ ਅਜਿਹਾ ਦੋ ਹਫ਼ਤੇ ਪਹਿਲਾਂ ਕੀਤਾ ਜਾਂਦਾ ਸੀ।
ਇਨ੍ਹਾਂ ਤਬਦੀਲੀਆਂ ਤਹਿਤ ਹੁਣ ਰੁਜ਼ਗਾਰਦਾਤਾ ਨੂੰ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਰੁਜ਼ਗਾਰ ਦੇਣ ਨਾਲ ਇਸ ਦੇ ਮੁਕਾਮੀ ਕਿਰਤੀਆਂ ਉਤੇ ਪੈਣ ਵਾਲੇ ਪ੍ਰਭਾਵ ਨਾਲ ਸਬੰਧਤ ਸਵਾਲਾਂ ਦੇ ਜਵਾਬ ਵੀ ਦੇਣੇ ਹੋਣਗੇ। ਇਹ ਵੀ ਦਰਸਾਉਣਾ ਹੋਵੇਗਾ ਕਿ ਸਬੰਧਤ ਕੰਮ ਲਈ ਕੋਈ ਵੀ ਕੈਨੇਡੀਅਨ ਕਾਮਾ ਉਪਲਬਧ ਨਹੀਂ ਹੈ। ਉਸ ਤੋਂ ਬਾਅਦ ਹੀ ਸਰਕਾਰ ਅਸਥਾਈ ਵਿਦੇਸ਼ੀ ਕਾਮਿਆਂ ਬਾਰੇ ਪਰਮਿਟ ਜਾਰੀ ਕਰੇਗੀ। ਰੁਜ਼ਗਾਰ ਤੇ ਸਮਾਜਕ ਵਿਕਾਸ ਮੰਤਰੀ ਜੇਸਨ ਕੇਨੀ ਨੇ ਇਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਘੱਟ ਹੁਨਰ ਵਾਲੀਆਂ ਆਸਾਮੀਆਂ ਜਿਵੇਂ ਕਿ ਫੂਡ ਸਰਵਿਸ ਇੰਡਸਟਰੀ ਵਿੱਚ ਅਸਾਮੀਆਂ ਭਰਨ ਲਈ ਰੁਜ਼ਗਾਰਦਾਤਾ ਨੂੰ ਇਹ ਦਰਸਾਉਣਾ ਹੋਵੇਗਾ ਕਿ ਉਨ੍ਹਾਂ ਨੇ ਅੰਗਹੀਣ ਨੌਜਵਾਨਾਂ ਤੇ ਲੋਕਾਂ ਨੂੰ ਨੌਕਰੀ ਦੇਣ ਦੀ ਵੀ ਕੋਸ਼ਿਸ਼ ਕੀਤੀ।
ਨਵੀਆਂ ਤਬਦੀਲੀਆਂ ਤਹਿਤ ‘ਲੇਬਰ ਮਾਰਕੀਟ ਓਪੀਨੀਅਨ ਅਰਜ਼ੀ’ ਵਿੱਚ ਨਵੇਂ ਸਵਾਲ ਸ਼ਾਮਲ ਕੀਤੇ ਗਏ ਹਨ। ਇਸ ਵਿੱਚ ਇਹ ਵੀ ਪੁੱਛਿਆ ਜਾਵੇਗਾ ਕਿ ਵਿਦੇਸ਼ੀ ਕਾਮਿਆਂ ਨੂੰ ਕੰਟਰੈਕਟ ਦੇ ਆਧਾਰ ਉੱਤੇ ਰੱਖਣ ਨਾਲ ਕੈਨੇਡੀਅਨ ਕਾਮਿਆਂ ਉਤੇ ਇਸ ਦਾ ਕੀ ਅਸਰ ਪਵੇਗਾ ਅਤੇ ਇਸ ਖਾਸ ਕਿਸਮ ਦੇ ਕੰਮ ਲਈ ਕੈਨੇਡੀਅਨਾਂ ਤੇ ਮੁਕਾਮੀ ਬਸ਼ਿੰਦਿਆਂ ਨੂੰ ਸਿਖਲਾਈ ਦੇਣ ਲਈ ਸਬੰਧਤ ਕੰਪਨੀ ਨੇ ਪਿਛਲੇ ਦੋ ਸਾਲਾਂ ਵਿੱਚ ਕੀ ਕੀਤਾ ਹੈ। ਇਹ ਮਾਪਦੰਡ 31 ਜੁਲਾਈ ਤੋਂ ਲਾਗੂ ਕਰ ਦਿੱਤੇ ਗਏ ਹਨ। ਮੰਤਰੀ ਜੇਸਨ ਕੇਨੀ ਨੇ ਇਕ ਨਿਊਜ਼ ਰਿਲੀਜ਼ ਵਿੱਚ ਆਖਿਆ ਕਿ ਇਨ੍ਹਾਂ ਨਿਯਮਾਂ ਤਹਿਤ ਹੁਣ ਅੰਗਰੇਜ਼ੀ ਤੇ ਫਰੈਂਚ ਹੀ ਦੋ ਅਜਿਹੀਆਂ ਭਾਸ਼ਾਵਾਂ ਹਨ, ਜਿਨ੍ਹਾਂ ਨੂੰ ਰੁਜ਼ਗਾਰ ਸਮੇਂ ਲੋੜੀਂਦਾ ਮੰਨਿਆ ਜਾ ਸਕਦਾ ਹੈ। ਹਾਲਾਂਕਿ ਵਿਰਲੇ ਮਾਮਲਿਆਂ ਵਿੱਚ ਕੋਈ ਛੋਟ ਵੀ ਦਿੱਤੀ ਜਾ ਸਕਦੀ ਹੈ।ਇਹ ਤਬਦੀਲੀਆਂ ਖੇਤਾਂ ਤੇ ਫਾਰਮਾਂ ਨਾਲ ਸਬੰਧਤ ਕੰਮ ਧੰਦਿਆਂ ਉੱਤੇ ਲਾਗੂ ਨਹੀਂ ਹੋਣਗੀਆਂ।

Facebook Comment
Project by : XtremeStudioz