Close
Menu

ਕੈਨੇਡਾ ‘ਚ ਪਾਈਪਲਾਈਨ ਪ੍ਰੋਜੈਕਟ ਰੱਦ ਹੋਣ ‘ਤੇ ਪ੍ਰੀਮੀਅਰਜ਼ ਨੇ ਪ੍ਰਗਟਾਈ ਚਿੰਤਾ ਤੇ ਨਿਰਾਸ਼ਾ

-- 06 October,2017

ਅਲਬਰਟਾ —ਕੈਨੇਡਾ ਦੇ ਸੂਬੇ ਅਲਬਰਟਾ ਅਤੇ ਸਸਕੈਚਵਨ ਦੇ ਪ੍ਰੀਮੀਅਰਜ਼ ਦਾ ਕਹਿਣਾ ਹੈ ਕਿ ਐਨਰਜੀ ਈਸਟ ਕੈਨੇਡਾ ਦੀ ਉਸਾਰੀ ਵਾਲਾ ਪ੍ਰੋਜੈਕਟ ਹੋ ਸਕਦਾ ਸੀ ਪਰ ਟਰਾਂਸ ਕੈਨੇਡਾ ਵੱਲੋਂ ਇਸ ਨੂੰ ਰੱਦ ਕੀਤੇ ਜਾਣ ਦਾ ਫੈਸਲਾ ਪੱਛਮ ਲਈ ਕਾਫੀ ਮੰਦਭਾਗਾ ਹੋਵੇਗਾ।
ਅਲਬਰਟਾ ਦੀ ਪ੍ਰੀਮੀਅਰ ਰੇਚਲ ਨੌਟਲੇ ਦਾ ਕਹਿਣਾ ਹੈ ਕਿ ਐਨਰਜੀ ਈਸਟ, ਜਿਸ ਰਾਹੀਂ ਅਲਬਰਟਾ ਦਾ ਤੇਲ ਟਾਈਡਵਾਟਰ ਤੱਕ ਜਾਣਾ ਸੀ ਅਤੇ ਸਾਰੇ ਕੈਨੇਡਾ ਨੂੰ ਰੋਜ਼ਗਾਰ ਦੇ ਨਵੇਂ ਮੌਕੇ, ਨਿਵੇਸ਼, ਐਨਰਜੀ ਸਕਿਓਰਿਟੀ ਮੁਹੱਈਆ ਕਰਵਾ ਸਕਦੀ ਸੀ। ਇਸ ਦੇ ਨਾਲ ਹੀ ਵਿਦੇਸ਼ੀ ਤੇਲ ਦੀ ਲੋੜ ਨੂੰ ਖਤਮ ਕਰ ਸਕਦੀ ਸੀ। ਸਸਕੈਚਵਨ ਦੇ ਪ੍ਰੀਮੀਅਰ ਬ੍ਰੈਡ ਵਾਲ ਦਾ ਕਹਿਣਾ ਹੈ ਕਿ ਇਸ ਫੈਸਲੇ ਪਿੱਛੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਸੰਘੀ ਸਰਕਾਰ ਦਾ ਕੀ ਉਦੇਸ਼ ਸੀ, ਇਹ ਉਹੀ ਜਾਣਦੇ ਹੋਣਗੇ।
ਵਾਲ ਨੇ ਕਿਹਾ ਕਿ ਕੁੱਝ ਸਮਾਂ ਪਹਿਲਾਂ ਤੱਕ ਤਾਂ ਸੰਘੀ ਸਰਕਾਰ ਅਤੇ ਪ੍ਰਧਾਨ ਮੰਤਰੀ ਇਸ ਪ੍ਰੋਜੈਕਟ ਨੂੰ ਬਿਹਤਰੀਨ ਮੰਨ ਕੇ ਚੱਲ ਰਹੇ ਸਨ ਤੇ ਫਿਰ ਜਦੋਂ ਫੈਸਲੇ ਦੀ ਘੜੀ ਆਈ ਤਾਂ ਐਨ ਮੌਕੇ ਉੱਤੇ ਉਨ੍ਹਾਂ ਪਾਸਾ ਪਲਟ ਦਿੱਤਾ। ਉਨ੍ਹਾਂ ਕਿਹਾ ਕਿ ਸੰਘੀ ਸਰਕਾਰ ਤੋਂ ਹੁਣ ਉਮੀਦ ਖਤਮ ਹੋ ਗਈ ਹੈ ਅਤੇ ਕੁੱਝ ਸ਼ਕਤੀਸ਼ਾਲੀ ਕੇਂਦਰੀ ਕੈਨੇਡੀਅਨ ਹਿੱਤਾਂ ਦੇ ਚੱਲਦਿਆਂ ਸਰਕਾਰ ਚਾਹੁੰਦੀ ਹੈ ਕਿ ਵੈਸਟ ਦਾ ਅਰਥਚਾਰਾ ਅਤੇ ਇੱਥੋਂ ਦੇ ਲੋਕ ਬੱਸ ਆਪਣੀ ਹੋਣੀ ਉੱਤੇ ਹੱਥ ਮਲਦੇ ਰਹਿ ਜਾਣ।
ਕੈਲਗਰੀ ਸਥਿਤ ਟਰਾਂਸ ਕੈਨੇਡਾ ਨੇ ਕਿਹਾ ਕਿ ਬਦਲੇ ਹੋਏ ਹਾਲਾਤ ਦਾ ਚੰਗੀ ਤਰ੍ਹਾਂ ਮੁਲਾਂਕਣ ਕਰਨ ਤੋਂ ਬਾਅਦ ਉਹ ਇਸ ਪ੍ਰੋਜੈਕਟ ਨੂੰ ਛੱਡ ਰਹੀ ਹੈ। ਨੌਟਲੇ ਨੇ ਕਿਹਾ,” ਅਸੀਂ ਟਰਾਂਸ ਕੈਨੇਡਾ ਦੇ ਅਜਿਹੇ ਫੈਸਲੇ ਤੋਂ ਕਾਫੀ ਨਿਰਾਸ਼ ਹਾਂ।ਇਹ ਫੈਸਲਾ ਕਿਸੇ ਵੀ ਤਰ੍ਹਾਂ ਕੈਨੇਡੀਅਨਾਂ ਦੇ ਹੱਕ ਵਿੱਚ ਨਹੀਂ ਹੈ। ਇਸ ਬਾਰੇ ਹੋਰ ਸਪੱਸ਼ਟ ਤਸਵੀਰ ਸਾਹਮਣੇ ਆਉਣੀ ਚਾਹੀਦੀ ਹੈ।”

Facebook Comment
Project by : XtremeStudioz