Close
Menu

ਕੈਨੇਡਾ ‘ਚ ਹਵਾਈ ਯਾਤਰੀਆਂ ਦੀ ਸੁਰੱਖਿਆ ਲਈ ਬਣੇਗਾ ਨਵਾਂ ਕਾਨੂੰਨ

-- 14 April,2017

ਓਟਾਵਾ— ਕੈਨੇਡਾ ਦੇ ਆਵਾਜਾਈ ਮੰਤਰੀ ਮਾਰਕ ਗਾਰਨੀਊ ਨੇ ਕਿਹਾ ਕਿ ਕੈਨੇਡਾ ਇਸ ਗੱਲ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਕਿ ਯਾਤਰੀਆਂ ਨਾਲ ਬੁਰਾ ਸਲੂਕ ਕੀਤਾ ਜਾਵੇ। ਉਨ੍ਹਾਂ ਇਹ ਗੱਲ ‘ਯੁਨਾਈਟਡ ਏਅਰਲਾਈਨਸ’ ‘ਚ ਵਾਪਰੀ ਹਿੰਸਕ ਘਟਨਾ ਕਾਰਨ ਆਖੀ ਹੈ। ਉਨ੍ਹਾਂ ਕਿਹਾ ਕਿ ਇਸ ਹਫਤੇ ਅਮਰੀਕਨ ਡਾਕਟਰ ਨਾਲ ਜਹਾਜ਼ ਅਧਿਕਾਰੀਆਂ ਨੇ ਬਦਤਮੀਜ਼ੀ ਕੀਤੀ ਸੀ ਅਤੇ ਇਸ ਦੌਰਾਨ ਉਹ ਜ਼ਖਮੀ ਹੋ ਗਿਆ ਸੀ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹੀ ਘਟਨਾ ਕਦੇ ਵੀ ਕੈਨੇਡਾ ‘ਚ ਨਹੀਂ ਵਾਪਰਨੀ ਚਾਹੀਦੀ।ਉਨ੍ਹਾਂ ਨੇ ਕੈਨੇਡਾ ਦੀਆਂ ਅੰਦਰੂਨੀ ਅਤੇ ਬਾਹਰੀ ਏਅਰਲਾਈਨਜ਼ ਨੂੰ ਇਸ ਸੰਬੰਧੀ ਪੱਤਰ ਭੇਜੇ ਹਨ। ਮਾਰਕ ਗਾਰਨੀਊ ਨੇ ਕਿਹਾ ਕਿ ਉਹ ਅਜਿਹਾ ਕਾਨੂੰਨ ਬਣਾਉਣ ਬਾਰੇ ਸੋਚ ਰਹੇ ਹਨ ਕਿ ਯਾਤਰੀਆਂ ਨੂੰ ਜਹਾਜ਼ ਦੇ ਪ੍ਰਬੰਧਾਂ ਤੋਂ ਤਸੱਲੀ ਹੋਵੇ। ਮਾਰਕ ਗਾਰਨੀਊ ਨੇ ਕਿਹਾ,”ਜਦੋਂ ਯਾਤਰੀ ਟਿਕਟ ਖਰੀਦਦਾ ਹੈ ਤਾਂ ਉਹ ਆਸ ਕਰਦਾ ਹੈ ਕਿ ਏਅਰਲਾਈਨ ਉਸ ਦੇ ਸਾਮਾਨ ਅਤੇ ਉਸ ਨੂੰ ਸੁਰੱਖਿਅਤ ਰੱਖੇਗੀ। ਅਜਿਹੇ ‘ਚ ਜੇਕਰ ਏਅਰਲਾਈਨਸ ਯਾਤਰੀਆਂ ਦੀਆਂ ਸੁਵਿਧਾਵਾਂ ਦਾ ਧਿਆਨ ਨਹੀਂ ਰੱਖਦੀਆਂ ਤਾਂ ਯਾਤਰੀਆਂ ਨੂੰ ਤੰਗ ਹੋਣਾ ਪੈਂਦਾ ਹੈ।” ਉਨ੍ਹਾਂ ਜਾਣਕਾਰੀ ਦਿੱਤੀ ਕਿ ਆਉਣ ਵਾਲੇ ਹਫਤਿਆਂ ‘ਚ ਉਹ ਇਸ ਸੰਬੰਧੀ ਬਿੱਲ ਲਿਆਉਣਗੇ, ਜਿਸ ਦੀ ਜਹਾਜ਼ ਕੰਪਨੀਆਂ ਨੂੰ ਸਖਤੀ ਨਾਲ ਪਾਲਣਾ ਕਰਨੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਜੇਕਰ ਜਹਾਜ਼ ‘ਚ ਯਾਤਰੀਆਂ ਦੀ ਗਿਣਤੀ ਜ਼ਿਆਦਾ ਹੋਣ ‘ਤੇ ਕਿਸੇ ਵੀ ਯਾਤਰੀ ਨਾਲ ਬਦਸਲੂਕੀ ਕੀਤੀ ਗਈ ਤਾਂ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Facebook Comment
Project by : XtremeStudioz