Close
Menu

ਕੈਨੇਡਾ ਦੀ ਅੰਦਰੂਨੀ ਰਿਪੋਰਟ ਵਿੱਚ ਭਾਰਤ ‘ਨਕਲੀ ਵਿਆਹਾਂ’ ਪੱਖੋਂ ਮੋਹਰੀ ਕਰਾਰ

-- 10 April,2015

ਟਰਾਂਟੋ, ਕੈਨੇਡਾ ਦੀ ਇਮੀਗਰੇਸ਼ਨ ਲੈਣ ਲਈ ਲੋਕਾਂ ਵਲੋਂ ਪੁੱਠੇ ਸਿੱਧੇ ਢੰਗ-ਤਰੀਕੇ ਬਹੁਤ ਸਾਲਾਂ ਤੋਂ ਵਰਤੇ ਜਾਣਾ ਤਾਂ ਜੱਗਜ਼ਾਹਰ ਹੋ ਚੁੱਕਾ ਹੈ, ਪਰ ਹੁਣ ਕੈਨੇਡਾ ਸਰਕਾਰ ਦੇ ਅੰਦਰੂਨੀ ਦਸਤਾਵੇਜ਼ ਵੀ ਬੋਲ ਪਏ ਹਨ ਕਿ ਭਾਰਤ ਤੋਂ ਆਉਂਦੇ ਵਿਆਂਦੜਾਂ ਦੀਆਂ ਅਰਜ਼ੀਆਂ ਦਾ ਤੀਜਾ ਹਿੱਸਾ ‘ਜਾਅਲੀ ਵਿਆਹਾਂ’ ੳੁਤੇ ਆਧਾਰਤ ਹੁੰਦਾ ਹੈ। ਮੁਲਕ ਦੀ ਸੀਮਾ ਸੁਰੱਖਿਆ ਏਜੰਸੀ (ਸੀਬੀਐਸਏ) ਦੀ 2013 ਦੀ ਅੱਜ ਜਨਤਕ ਹੋਈ ਰਿਪੋਰਟ ਕਹਿੰਦੀ ਹੈ ਕਿ ਭਾਰਤੀ ਲੋਕਾਂ ਦਾ ‘ਵਿਆਹ’ ਦੇ ਰਾਹ ਪੱਕੇ ਹੋਣਾ, ਕੈਨੇਡਾ ਦੀ ਸਾਖ਼ ਲੲੀ ਖ਼ਤਰਾ ਬਣਨ ਲੱਗਾ ਹੈ।
ਰਿਪੋਰਟ ਮੁਤਾਬਕ ਇਹ ਗੈਰਕਾਨੂੰਨੀ ਧੰਦਾ ਇੱਕ ਵਿਉਂਤਬੱਧ ਅਪਰਾਧ ਹੈ। ਵੈਨਕੂਵਰ ਦੇ ਇਮੀਗਰੇਸ਼ਨ ਵਕੀਲ ਰਿਚਰਡ ਕਰਲੈਂਡ ਦੀ ਮਦਦ ਨਾਲ ਸਾਹਮਣੇ ਆਈ ਰਿਪੋਰਟ ਅਨੁਸਾਰ ਭਾਰਤ ਤੋਂ ਇਲਾਵਾ ਇਹ ਧੰਦਾ ਚੀਨ, ਪਾਕਿਸਤਾਨ, ਸ੍ਰੀਲੰਕਾ, ਵੀਅਤਨਾਮ, ਇਥੋਪੀਆ, ਹੈਤੀ ਆਦਿ 10-15 ਮੁਲਕਾਂ ਤੱਕ ਫੈਲਿਆ ਹੋਇਆ ਹੈ। ਰਿਪੋਰਟ ਵਿੱਚ ਭਾਰਤ ਵੱਲ ਉਂਗਲ ਉਠਾਉਂਦਿਆਂ ਕਿਹਾ ਗਿਆ ਹੈ ਕਿ ਇਸ ਮਾਮਲੇ ’ਚ ਵੱਡੀ ਸਮੱਸਿਆ ਇਧਰੋਂ ਹੀ ਪੈ ਰਹੀ ਹੈ, ਜਿਥੇ ਕੁੱਲ ਸਪਾਂਸਰ ਕੇਸਾਂ ’ਚ 36 ਫੀਸਦੀ ‘ਨਕਲੀ ਫਾਈਲਾਂ’ ਹਨ। ਸਰਕਾਰੀ ਦਸਤਾਵੇਜ਼ਾਂ ਮੁਤਾਬਕ ਸਾਰੇ ਮੁਲਕਾਂ ’ਚੋਂ ਵਿਆਂਦੜਾਂ ਦੇ ਕੇਸ 2008 ਤੋਂ 2011 ਤੱਕ 14 ਫੀਸਦ ਫੇਲ੍ਹ ਹੋਏ ਅਤੇ 2012 ਵਿਚ ਇਹ ਵਧ ਕੇ 17 ਫੀਸਦ (ਕਰੀਬ 4500) ਹੋ ਗਏ ।
ਇਸ ਰਿਪੋਰਟ ਵਿਚ ਪੰਜਾਬ ਵਿਚ ਵਧਦੀ ਭਰੂਣ ਹੱਤਿਆ ਅਤੇ ਲਿੰਗ-ਅਨੁਪਾਤ ਵੱਲ ਵੀ ਇਸ਼ਾਰਾ ਕਰਦਿਆਂ ਕਿਹਾ ਗਿਆ ਹੈ ਕਿ ਉਥੇ ਮਰਦਾਂ ਨੂੰ ਵਿਆਹ ਕਰਾਉਣ ਲਈ ਅੌਰਤਾਂ ਦੀ ਥੋੜ੍ਹ ਪੈ ਰਹੀ ਹੈ ਅਤੇ ਇਸ ਲਈ ‘ਇੰਡੋ-ਕੈਨੇਡੀਅਨ’ ਅੌਰਤਾਂ ਨੂੰ ਵਿਆਹੁਣ ਦਾ ਧੱਕਾ ਪੈ ਰਿਹਾ ਹੈ, ਜੋ ਕੈਨੇਡਾ ਦੇ ਆਵਾਸ ਢਾਂਚੇ ਦਾ ਨੁਕਸਾਨ ਕਰ ਰਿਹਾ ਹੈ। ਪੰਜਾਬ ਨੂੰ ਭਾਰਤ ਵਿਚੋਂ ਕੈਨੇਡਾ ਵੱਲ ਆਵਾਸ ਦਾ ਪ੍ਰਮੁੱਖ ਸਰੋਤ ਕਿਹਾ ਗਿਆ ਹੈ। ਸਮਝਿਆ ਜਾ ਰਿਹਾ ਹੈ ਕਿ ਹੁਣ ਸਰਕਾਰ ਅਤੇ ਬਾਰਡਰ ਏਜੰਸੀ ਦੀ ਸਖਤੀ ਕਾਰਨ ਇਸ ਰੁਝਾਨ ਨੂੰ ਠੱਲ੍ਹ ਪੈ ਰਹੀ ਹੈ ਅਤੇ ਕੈਨੇਡਾ ’ਚ ਜੰਮੀ ਪੀੜ੍ਹੀ ਦੀ ਭਾਰਤ ਜਾ ਕੇ ਵਿਆਹ ਕਰਾਉਣ ਦੀ ਦਿਲਚਸਪੀ ਘਟ ਰਹੀ ਹੈ।
ਬੇਸ਼ਕ ਇਸ ਰਿਪੋਰਟ ਦੀਆਂ ਕਈ ਗੱਲਾਂ ਨੂੰ ਮੁਲਕ ਦੇ ‘ਜਾਣਕਾਰੀ ਐਕਟ’ ਤਹਿਤ ਨਸ਼ਰ ਨਹੀਂ ਕੀਤਾ ਗਿਆ ਪਰ ਫਿਰ ਵੀ ਇਸ ਨੂੰ ਇੰਡੋ-ਕੈਨੇਡੀਅਨ ਲੋਕਾਂ ਲਈ ਕਾਫੀ ਅਹਿਮ ਅਤੇ ਨਮੋਸ਼ੀ ਵਾਲੀ ਖ਼ਬਰ ਮੰਨਿਆ ਜਾ ਰਿਹਾ ਹੈ।

Facebook Comment
Project by : XtremeStudioz