Close
Menu

ਕੈਨੇਡਾ ਦੇ ਆਗੂਆਂ ਦੀ ਬਹਿਸ ਦਾ ਪ੍ਰਸਾਰਨ ਹੋਇਆ ਪੰਜਾਬੀ ‘ਚ

-- 09 August,2015

ਟੋਰਾਂਟੋ,  ਕੈਨੇਡਾ ‘ਚ ਸੰਸਦੀ ਚੋਣਾਂ ਲਈ ਪ੍ਰਚਾਰ ਜਾਰੀ ਹੈ ਇਸੇ ਦੌਰਾਨ ਦੇਸ਼ ‘ਚ ਸਰਗਰਮ ਚਾਰ ਪ੍ਰਮੁੱਖ ਪਾਰਟੀਆਂ ਦੇ ਨੇਤਾਵਾਂ ਦੀ ਬਹਿਸ ਦਾ ਬੀਤੇ ਕੱਲ੍ਹ ਟੈਲੀਵਿਜ਼ਨ ਤੋਂ ਸਿੱਧਾ ਪ੍ਰਸਾਰਣ ਹੋਇਆ | ਇਸ ਬਹਿਸ ਲਈ ਦੇਸ਼ ਭਰ ‘ਚ ਉਮੀਦਵਾਰਾਂ ਨੇ ਵੀ ਆਪਣੇ ਚੋਣ ਪ੍ਰਚਾਰ ਠੱਲ੍ਹ ਕੇ ਟੈਲੀਵਿਜ਼ਨ ਦੇਖੇ | ਸਟੀਫਨ ਹਾਰਪਰ, ਥਾਮਸ ਮੁਲਕੇਅਰ, ਜਸਟਿਨ ਟਰੂਡੋ ਤੇ ਏਲਿਜ਼ਾਬੈਥ ਮੇਅ ਅੰਗਰੇਜ਼ੀ ‘ਚ ਬੋਲੇ, ਜਿਸ ਦਾ ਅਨੁਵਾਦ ਕਰਨ ਵਾਲਿਆਂ ਵਲੋਂ ਨਾਲ-ਨਾਲ ਫਰੈਂਚ, ਇਤਾਲਵੀ, ਪੰਜਾਬੀ, ਮੈਂਡਰਿਨ ਤੇ ਕੈਂਟੋਨੀਜ਼ (ਚੀਨੀ ਭਾਸ਼ਾਵਾਂ) ‘ਚ ਤਰਜ਼ਮਾ ਕੀਤਾ ਜਾਂਦਾ ਰਿਹਾ | ਬਹੁ-ਸੱਭਿਆਚਾਰਕ ਦੇਸ਼ ਕੈਨੇਡਾ ‘ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਨੇਤਾਵਾਂ ਦੀ ਬਹਿਸ ਨੂੰ ਅੱਧੀ ਦਰਜਣ ਦੇ ਕਰੀਬ ਭਾਸ਼ਾਵਾਂ ‘ਚ ਪ੍ਰਸਾਰਿਤ ਕੀਤਾ ਗਿਆ ਹੋਵੇ | ਪੰਜਾਬੀ ਬੋਲੀ ਨੂੰ ਅਜਿਹਾ ਮਾਣ ਮਿਲਣ ਦਾ ਇਕ ਕਾਰਨ ਇਹ ਵੀ ਹੈ ਕਿ ਕੈਨੇਡਾ ਦੇ ਪੰਜਾਬੀਆਂ ਦੇ ਮਨਾਂ ‘ਚ ਰਾਜਨੀਤੀ ਪ੍ਰਤੀ ਡੂੰਘੀ ਦਿਲਚਸਪੀ ਹੈ | ਮਕਲੇਨਜ਼ ਮੈਗਜ਼ੀਨ ਵਲੋਂ ਇਸ ਬਹਿਸ ਦਾ ਇੰਟਰਨੈੱਟ ਰਾਹੀਂ ਕਈ ਚੈਨਲਾਂ ਤੋਂ ਪ੍ਰਸਾਰਣ ਹੋਇਆ ਤੇ ਦੇਸ਼ ਭਰ ‘ਚ ਲੋਕਾਂ ਨੇ ਡਿਬੇਟ ਨੂੰ ਉਤਸੁਕਤਾ ਨਾਲ ਦੇਖਿਆ | ਕੁਝ ਸ਼ਹਿਰਾਂ ‘ਚ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਲਈ ਟੈਲੀਵਿਜ਼ਨ ਰਾਹੀਂ ਬਹਿਸ ਦੇਖਣ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ ਤਾਂ ਕਿ ਵੱਡੇ ਖਰਚਿਆਂ ਨਾਲ ਡਿਗਰੀਆਂ ਪ੍ਰਾਪਤ ਕਰਨ ‘ਚ ਰੁੱਝੇ ਪਰ ਬੇਰੁਜ਼ਗਾਰੀ ਤੋਂ ਸਹਿਮੇ ਨੌਜਵਾਨ ਆਪਣੇ ਦੇਸ਼ ਦੇ ਆਗੂਆਂ ਦੀਆਂ ਨੀਤੀਆਂ ਨੂੰ ਸਮਝ ਸਕਣ | ਆਰਿਥਕਤਾ, ਊਰਜਾ, ਵਾਤਾਵਰਣ, ਲੋਕਤੰਤਰਕ ਸੁਧਾਰ, ਵਿਦੇਸ਼ ਨੀਤੀ ਜਹੇ ਮੁੱਦਿਆਂ ‘ਤੇ ਬਹਿਸ ਦੌਰਾਨ ਖੁੱਲ੍ਹ ਕੇ ਚਰਚਾ ਹੋਈ | ਕੰਜ਼ਰਵੇਟਿਵ ਪਾਰਟੀ ਦੇ ਆਗੂ ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਕਰਾਰ ਨੇ ਬੀਤੇ ਸਾਲਾਂ ‘ਚ ਕੈਨੇਡਾ ਦੀ ਆਰਥਿਕਤਾ ਮਜ਼ਬੂਤ ਕੀਤੀ ਤੇ ਸੁਰੱਖਿਆ ਲਈ ਸਖਤ ਫੈਸਲੇ ਲਏ | ਵਿਰੋਧੀ ਪਾਰਟੀ, ਐਨ. ਡੀ. ਪੀ. ਦੇ ਥਾਮਸ ਮੁਲਕੇਅਰ, ਲਿਬਰਲ ਪਾਰਟੀ ਦੇ ਜਸਟਿਨ ਟਰੂਡੋ ਅਤੇ ਗਰੀਨ ਪਾਰਟੀ ਦੀ ਏਲਿਜ਼ਬੈਥ ਮੇਅ ਨੇ ਆਪੋ-ਆਪਣੇ ਤਰਕਾਂ ਨਾਲ ਹਾਰਪਰ ਨੂੰ ਹਟਾ ਕੇ ਦੇਸ਼ ‘ਚ ਬਦਲਾਅ ਲਿਆਉਣ ‘ਤੇ ਜ਼ੋਰ ਦਿੱਤਾ | ਚੋਣ ਪ੍ਰਚਾਰ ਅਜੇ ਅਗਲੇ 70 ਕੁ ਦਿਨ ਚੱਲਣਾ ਹੈ ਅਤੇ ਮੁੱਢਲੇ ਸਰਵੇਖਣ ਮੁਤਾਬਿਕ ਦੇਸ਼ ਭਰ ‘ਚ 60 ਫੀਸਦ ਦੇ ਕਰੀਬ ਅਜਿਹੇ ਵੋਟਰ ਹਨ, ਜਿਨ੍ਹਾਂ ਨੇ ਅਜੇ (ਕਿਸ ਉਮੀਦਵਾਰ ਜਾਂ ਪਾਰਟੀ ਨੂੰ ) ਵੋਟ ਪਾਉਣ ਬਾਰੇ ਪੱਕਾ ਮਨ ਨਹੀਂ ਬਣਾਇਆ |

Facebook Comment
Project by : XtremeStudioz