Close
Menu

ਕੈਨੇਡਾ ਦੇ ਨੌਜਵਾਨਾਂ ’ਚ ਹੁੱਕਾ ਹੋਇਆ ਹਰਮਨਪਿਆਰਾ

-- 01 April,2015

ਟੋਰਾਂਟੋ, ਕੈਨੇਡਾ ਦੇ ਸਕੂਲਾਂ ਅਤੇ ਕਾਲਜਾਂ ਦੇ ਮੁੰਡੇ ਕੁੜੀਆਂ ਸਿਗਰਟਾਂ ਦੀ ਬਜਾਏ ‘ਹੁੱਕਾ’ ਪੀਣ ਨੂੰ ਤਰਜੀਹ ਦੇਣ ਲੱਗ ਪੲੇ ਹਨ। ਇਹ ਇੰਕਸ਼ਾਫ ਵਾਟਰਲੂ ਯੂਨੀਵਰਸਿਟੀ ਦੀ ਖੋਜ ਰਿਪੋਰਟ ’ਚ ਕੀਤਾ ਗਿਆ ਹੈ। ਪਿਛਲੇ ਵਰ੍ਹਿਆਂ ਦੌਰਾਨ ਹੁੱਕਾ ਅਹਾਤਿਆਂ (ਕੈਫਿਅਾਂ) ਦੀ ਗਿਣਤੀ ਵੀ ਵਧੀ ਹੈ।

ਇਹ ਖੋਜ ਰਿਪੋਰਟ ‘ਕੈਂਸਰ ਦੇ ਕਾਰਨ ਅਤੇ ਰੋਕਥਾਮ’ ਪਰਚੇ ਵਿੱਚ ਛਪੀ ਹੈ ਜਿਸ ਅਨੁਸਾਰ ਮੁਲਕ ਦੇ 78 ਹਜ਼ਾਰ ਤੋਂ ਵੱਧ ਨੌਜਵਾਨ ‘ਹੁੱਕੇ’ ਦਾ ਸੇਵਨ ਕਰ ਰਹੇ ਹਨ। ਇਥੇ ‘ਹੁੱਕੇ’ ਨੂੰ ‘ਸ਼ੀਸ਼ਾ’ ਵੀ ਕਹਿੰਦੇ ਹਨ। ਨੌਜਵਾਨਾਂ ਦਾ ਵੱਡਾ ਵਰਗ ਇਹ ਸਮਝਦਾ ਹੈ ਕਿ ‘ਹੁੱਕੇ’ ਵਿੱਚ ਤੰਬਾਕੂ ਪਾਣੀ ਰਾਹੀਂ ਸਾਫ ਹੋ ਕੇ ਆਉਂਦਾ ਹੈ ਅਤੇ ਇਹ ਸਿਗਰਟਾਂ ਨਾਲੋਂ ਘੱਟ ਹਾਨੀਕਾਰਕ ਹੈ। ਰਿਪੋਰਟ ਦੀ ਪ੍ਰਮੁੱਖ ਖੋਜੀ ਲੀਆ ਮਿਅੰਕਰ ਮੁਤਾਬਕ ਹੁੱਕਾ ਪੀਣ ਵਾਲੇ ਲੰਬਾ ਸਮਾਂ ‘ਕਸ਼’ ਖਿਚਦੇ ਰਹਿੰਦੇ ਹਨ ਜਿਸ ਕਰਕੇ ਉਹ ਸਿਗਰਟ ਦੇ ਮੁਕਾਬਲੇ ‘ਜ਼ਹਿਰੀਲੇ’ ਅੰਸ਼ ਜਿਆਦਾ ਮਾਤਰਾ ਵਿੱਚ ਆਪਣੇ ਅੰਦਰ ਸੁੱਟਦੇ ਹਨ। ਸੂਤਰਾਂ ਮੁਤਾਬਕ ‘ਹੁੱਕੇ’ ਦੀ ਇੱਕ ਬੈਠਕ 100 ਤੋਂ 200 ਸਿਗਰਟਾਂ ਦੇ ਬਰਾਬਰ ਪਹੁੰਚ ਜਾਂਦੀ ਹੈ।
ਕੁਝ ਸਾਲਾਂ ਤੋਂ ‘ਈ-ਸਿਗਰਟ’ ਵੀ ਬਹੁਤ ਪ੍ਰਚਲਤ ਹੋਈ ਹੈ ਅਤੇ ਪੈੱਨ ਵਰਗਾ ਯੰਤਰ, ਪਾਣੀ, ਗਲੀਸਰੀਨ ਅਤੇ ਨਿਕੋਟਿਨ ਨੂੰ ਭਾਫ ’ਚ ਬਦਲਦਾ ਹੈ। ਰਿਪੋਰਟ ਮੁਤਾਬਕ 9ਵੀਂ ਤੋਂ 12ਵੀਂ ਜਮਾਤ ਦੇ 14 ਫ਼ੀਸਦ ਵਿਦਿਆਰਥੀਆਂ ਨੇ 2012-13 ਵਿੱਚ ‘ਹੁੱਕੇ’ ਦਾ ਸਵਾਦ ਲਿਆ ਜੋ ਪਿਛਲੇ ਸਾਲਾਂ ਨਾਲੋਂ ਚਾਰ ਫ਼ੀਸਦ ਵੱਧ ਹਨ। ਦੁਨੀਆ ਦੇ ਕਈ ਮੁਲਕਾਂ ਵਿੱਚ ਜਨਤਕ ਥਾਵਾਂ ’ਤੇ ਹੁੱਕਾ ਪੀਣ ਦੀ ਮਨਾਹੀ ਹੈ ਅਤੇ ਕੈਨੇਡਾ ਦੇ ਅਲਬਰਟਾ ਅਤੇ ਨੋਵਾ ਸਕੋਸ਼ੀਆ ਸੂਬਿਆਂ ਵਿੱਚ ਵੀ ਇਸ ਦੀ ਇਜਾਜ਼ਤ ਨਹੀਂ। ਟੋਰਾਂਟੋ ’ਚ 100 ਦੇ ਕਰੀਬ ‘ਸ਼ੀਸ਼ਾ ਕੈਫੇ’ ਮੌਜੂਦ ਹਨ।
1990 ’ਚ ਮਿਸਰ ਦੀ ਇਕ ਕੰਪਨੀ ਨੇ ਇਸ ’ਚ ਕਈ ‘ਫਲਾਂ ਦੀ ਸੁਗੰਧ’ ਮਿਲਾਉਣੀ ਸ਼ੁਰੂ ਕਰ ਦਿੱਤੀ ਜਿਸ ਨਾਲ ਮਰਦਾਂ ਦੇ ਨਾਲ ਨਾਲ ਅੌਰਤਾਂ ਵੀ ਇਸ ਨੂੰ ਪੀਣ ਲੱਗ ਪੲੀਆਂ।
ਇੱਥੇ ਮਿਸਰ ਅਤੇ ਚੀਨ ਦੇ ਬਣੇ ਹੁੱਕੇ 30 ਡਾਲਰ ਤੋਂ 400 ਡਾਲਰ ਤਕ ਵਿਕਦੇ ਹਨ। ਨਾਨ-ਸਮੋਕਰ ਸੰਸਥਾਵਾਂ ਸਰਕਾਰ ’ਤੇ ‘ਸ਼ੀਸ਼ਾ’ ਕਾਰੋਬਾਰ ਬੰਦ ਕਰਵਾਉਣ ਲਈ ਦਬਾਅ ਪਾ ਰਹੀਆਂ ਹਨ। ਜਿਥੋਂ ਤਕ ‘ਤੰਬਾਕੂ’ ਦੀ ਬਜਾਏ ‘ਚਸਕਾ’ ਪੂਰਾ ਕਰਨ ਲਈ ‘ਫਲਾਂ ਦੀ ਸੁਗੰਧ’ ਵਾਲੇ ਹੁੱਕੇ ਦੀ ਗੱਲ ਹੈ ਇਹ ਸੂਬਾਈ ਕਾਨੂੰਨ ਲਈ ਨਾਜਾਇਜ਼ ਨਹੀਂ।

Facebook Comment
Project by : XtremeStudioz