Close
Menu

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਦੋਸ਼ੀ ਗ੍ਰਿਫਤਾਰ

-- 27 May,2017

ਸਸਕਾਟੂਨ— ਪਤਨੀ ਸੋਫੀ ਗ੍ਰੋਗੋਇਰ ਨੂੰ ਧਮਕੀਆਂ ਦਿੱਤੇ ਜਾਣ ਦੀ ਘਟਨਾ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਧਮਕੀਆਂ ਦੇਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਸਕੈਚਵਾਨ ਦਾ ਇਕ ਵਿਅਕਤੀ ਪ੍ਰਧਾਨ ਮੰਤਰੀ ਟਰੂਡੋ ਨੂੰ ਸੋਸ਼ਲ ਮੀਡੀਆ ‘ਤੇ ਧਮਕਾਅ ਰਿਹਾ ਸੀ। ਨਿਊ ਬਰੰਸਵਿਕ ਦੇ ਪੁਲਸ ਅਧਿਕਾਰੀ ਨੇ ਮਾਰਚ ਵਿਚ ਨੈਸ਼ਨਲ ਸਕਿਓਰਿਟੀ ਇਨਫੋਰਸਮੈਂਟ ਸੈਕਸ਼ਨ ਨੂੰ ਇਸ ਬਾਰੇ ਜਣਕਾਰੀ ਦਿੱਤੀ। ਸੋਸ਼ਲ ਮੀਡੀਆ ‘ਤੇ ਟਰੂਡੋ ਨੂੰ ਦਿੱਤੀ ਗਈ ਇਹ ਧਮਕੀ ਭਰੀ ਫਾਈਲ ਸਸਕੈਚਵਾਨ ਤੋਂ ਭੇਜੀ ਗਈ ਸੀ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ, ਜਿਸ ਤੋਂ ਬਾਅਦ ਸਸਕੈਚਵਾਨ ਦੇ ਬੋਰਡਨ ਇਲਾਕੇ ਤੋਂ 34 ਸਾਲਾ ਡੇਰੇਕ ਹਰੇਲ ਨੂੰ ਗ੍ਰਿਫਤਾਰ ਕਰ ਲਿਆ। ਉਸ ‘ਤੇ ਧਮਕਾਉਣ ਦੇ ਦੋਸ਼ ਲਗਾਏ ਗਏ ਹਨ। ਪੁਲਸ ਨੇ ਕਿਹਾ ਕਿ ਦੋਸ਼ੀ ਵਿਅਕਤੀ ਦੇ ਬੋਰਡਨ ਵਿਖੇ ਸਥਿਤ ਘਰ ਤੋਂ ਕਈ ਤਰ੍ਹਾਂ ਦੀਆਂ ਇਲੈਕਟ੍ਰਾਨਿਕ ਡਿਵਾਈਸਾਂ ਇਕੱਠੀਆਂ ਕੀਤੀਆਂ ਗਈਆਂ ਹਨ।
ਇਸ ਤੋਂ ਇਕ ਹਫਤਾ ਪਹਿਲਾਂ ਹੀ ਟਰੂਡੋ ਦੀ ਪਤਨੀ ਸੋਫੀ ਗ੍ਰੋਗੋਇਰ ਟਰੂਡੋ ਨੂੰ ਅਜਿਹੀਆਂ ਧਮਕੀਆਂ ਦੇਣ ਵਾਲੀ ਇਕ ਔਰਤ ਨੂੰ ਦੱਖਣੀ ਐਲਬਰਟਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸਸਕੈਚਵਾਨ ਦੇ ਇਕ ਹੋਰ ਵਿਅਕਤੀ ਕ੍ਰਿਸਟੋਫਰ ਹੇਜ਼ ਨੂੰ ਫੇਸਬੁੱਕ ‘ਤੇ ਟਰੂਡੋ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੇ ਜਾਣ ਤੋਂ ਬਾਅਦ ਦੋਸ਼ੀ ਐਲਾਨਿਆ ਗਿਆ ਸੀ। ਇਸ ਵਿਅਕਤੀ ‘ਤੇ ਫਰਵਰੀ ਵਿਚ 500 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਸੀ ਅਤੇ ਉਸ ਨੂੰ 10 ਮਹੀਨਿਆਂ ਤੱਕ ਪੁਲਸ ਦੀ ਨਿਗਰਾਨੀ ਵਿਚ ਰਹਿਣ ਦੀ ਸਜ਼ਾ ਸੁਣਾਈ ਗਈ ਸੀ। ਹੇਜ਼ ‘ਤੇ 3 ਸਾਲਾਂ ਤੱਕ ਹਥਿਆਰ ਰੱਖਣ ਦੀ ਪਾਬੰਦੀ ਵੀ ਲਗਾਈ ਗਈ ਸੀ। ਬੀਤੇ 10 ਮਹੀਨਿਆਂ ਵਿਚ ਇਹ ਇਸ ਤਰ੍ਹਾਂ ਦੀਆਂ ਦੋ ਘਟਨਾਵਾਂ ਹਨ। ਦੋਹਾਂ ਘਟਨਾਵਾਂ ਵਿਚ ਧਮਕੀਆਂ ਦੇਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਗਈ। ਪੁਲਸ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਿਸੇ ਵੀ ਮਾਮਲੇ ਵਿਚ ਸ਼ਾਮਲ ਕਿਸੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਸ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Facebook Comment
Project by : XtremeStudioz