Close
Menu

ਕੈਨੇਡਾ ਨੂੰ ਤਾਇਨਾਤ ਕਰਨੀ ਚਾਹੀਦੀ ਹੈ ਫੌਜ ਤਾਂ ਕਿ ਘਟਾਏ ਜਾ ਸਕਣ ਸ਼ਰਣਾਰਥੀ : ਮੈਕਸਿਮ ਬਰਨੀਅਰ

-- 29 March,2017
ਓਟਾਵਾ— ਕੰਜ਼ਰਵੇਟਿਵ ਲੀਡਰਸ਼ਿਪ ਉਮੀਦਵਾਰ ਮੈਕਸਿਮ ਬਰਨੀਅਰ ਨੇ ਕਿਹਾ ਕਿ ਸਰਹੱਦ ਪਾਰ ਤੋਂ ਆਉਣ ਵਾਲੇ ਸ਼ਰਣਾਰਥੀਆਂ ਦੀ ਭਰਮਾਰ ਨੂੰ ਰੋਕਣ ਲਈ ਉਹ ਹੋਰ ਕੋਸ਼ਿਸ਼ਾਂ ਕਰਨਗੇ ਪਰ ਜੇ ਫਿਰ ਵੀ ਕੰਮ ਨਾ ਬਣਿਆ ਤਾਂ ਉਹ ਆਰਜ਼ੀ ਪ੍ਰਬੰਧ ਵੀ ਕਰਨ ਬਾਰੇ ਵਿਚਾਰ ਕਰ ਸਕਦੇ ਹਨ। ਇਸ ਲਈ ਉਹ ਸਰਹੱਦ ‘ਤੇ ਫੌਜ ਤਾਇਨਾਤ ਕਰਨ ਬਾਰੇ ਵੀ ਸੋਚ ਸਕਦੇ ਹਨ।
 
ਬਰਨੀਅਰ ਨੇ ਕਿਹਾ ਕਿ ਜਦੋਂ ਕੈਨੇਡਾ ਵਿੱਚ ਕੁਦਰਤੀ ਆਫਤ ਆਉਂਦੀ ਹੈ ਤਾਂ ਅਸੀਂ ਕੈਨੇਡੀਅਨ ਫੌਜਾਂ ਦੀ ਹੀ ਵਰਤੋਂ ਕਰਦੇ ਹਾਂ। ਸਰਹੱਦ ‘ਚ ਜਿਸ ਥਾਂ ਤੋਂ ਘੁਸਪੈਠ ਹੋ ਰਹੀ ਹੈ। ਉਸ ਥਾਂ ‘ਤੇ ਫੌਜ ਤਾਇਨਾਤ ਕੀਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਇੱਕ ਹੋਰ ਲੀਡਰਸ਼ਿਪ ਉਮੀਦਵਾਰ ਕੈਵਿਨ ਓਲਿਏਰੀ ਵੱਲੋਂ ਸੋਮਵਾਰ ਨੂੰ ਇਹ ਬਿਆਨ ਦਿੱਤਾ ਗਿਆ ਸੀ ਕਿ ਕੈਨੇਡਾ ਦੇ ਅਮਰੀਕਾ ਨਾਲ ਸਰਹੱਦੀ ਸਮਝੌਤੇ ਨਾਲ ਲੋਕਾਂ ਨੂੰ ਗਲਤ ਫਾਇਦਾ ਨਹੀਂ ਉਠਾਉਣ ਦਿੱਤਾ ਜਾਣਾ ਚਾਹੀਦਾ।
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੋਣ ਤੋਂ ਬਾਅਦ ਉਨ੍ਹਾਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਸ਼ਰਣਾਰਥੀਆਂ ਉੱਤੇ ਸ਼ਿਕੰਜਾ ਕੱਸਣ ਵਰਗੇ ਬਿਆਨ ਦਿੱਤੇ ਜਾਣ ਤੋਂ ਬਾਅਦ ਤੋਂ ਹੀ ਕੈਨੇਡਾ ‘ਚ ਪਨਾਹ ਲੈਣ ਵਾਲਿਆਂ ਦਾ ਇੱਕ ਤਰ੍ਹਾਂ ਹੜ੍ਹ ਹੀ ਆ ਗਿਆ ਹੈ। ਕਿਊਬਿਕ, ਮੈਨੀਟੋਬਾ ਤੇ ਬ੍ਰਿਟਿਸ਼ ਕੋਲੰਬੀਆ ਤੋਂ ਲੋਕ ਗੈਰ-ਕਾਨੂੰਨੀ ਢੰਗ ਨਾਲ ਵੀ ਕੈਨੇਡਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਕੈਨੇਡਾ ‘ਚ ਦਾਖਲ ਹੋਣ ਤੋਂ ਬਾਅਦ ਫੜੇ ਗਏ ਸ਼ਰਣਾਰਥੀਆਂ ਨੂੰ ਨਜ਼ਰਬੰਦ ਕੀਤਾ ਜਾ ਰਿਹਾ ਹੈ।
Facebook Comment
Project by : XtremeStudioz