Close
Menu

ਕੈਨੇਡਾ ਫੇਰੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਜਾਣਗੇ ਗੁਰਦੁਆਰੇ ਤੇ ਮੰਦਰ

-- 06 April,2015

ਵੈਨਕੂਵਰ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਨੇਡਾ ਫੇਰੀ ਮੌਕੇ 16 ਅਪਰੈਲ ਨੂੰ ਵੈਨਕੂਵਰ ਦੇ ਗੁਰਦੁਆਰਾ ਰੌਸ ਸਟਰੀਟ ਅਤੇ ਸਰੀ ਦੇ ਲਕਸ਼ਮੀ ਨਰਾਇਣ ਮੰਦਰ ਵਿਚ ਨਤਮਸਤਕ ਹੋਣ ਦੇ ਪ੍ਰੋਗਰਾਮ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ। ਇਸ ਮੌਕੇ ਕੈਨੇਡੀਅਨ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਵੀ ਉਨ੍ਹਾਂ ਦੇ ਨਾਲ ਹੋਣਗੇ। ਉੱਧਰ ਸਿੱਖ ਜਥੇਬੰਦੀਆਂ ਨੇ ਦੋਹਾਂ ਹੀ ਥਾਵਾਂ ’ਤੇ ਮੋਦੀ ਖਿਲਾਫ ਰੋਸ ਵਿਖਾਵੇ ਕਰਨ ਦੀਆਂ ਤਿਆਰੀਆਂ  ਸ਼ੁਰੂ ਕਰ ਦਿੱਤੀਆਂ ਹਨ। ਸਮਝਿਆ ਜਾ ਰਿਹਾ ਹੈ ਕਿ ਸ੍ਰੀ ਮੋਦੀ ਦਾ ਗੁਰਦੁਆਰਾ ਸਾਹਿਬ ਦਾ ਦੌਰਾ ਇਥੇ ਰਹਿੰਦੇ ਸਿੱਖਾਂ ਵਿਚਲੇ ਪਾੜ ਨੂੰ ਹੋਰ ਚੌੜਾ ਕਰਨ ਦਾ ਕੰਮ ਕਰੇਗਾ, ਕਿਉਂਕਿ ਗੁਰਦੁਆਰਾ ਸਾਹਿਬ ਪ੍ਰਬੰਧਕਾਂ ਵਲੋਂ ਸ਼੍ਰੀ ਮੋਦੀ ਦਾ ਭਾਰਤੀ ਪ੍ਰਧਾਨ ਮੰਤਰੀ ਵਜੋਂ ਸ਼ਾਹਾਨਾ ਸਵਾਗਤ ਕੀਤੇ ਜਾਣ ਦੀਆਂ ਤਿਆਰੀਆਂ ਹਨ।
ਗੁਰਦੁਆਰੇ ਦਾ ਪ੍ਰਬੰਧ ਸੰਭਾਲ ਰਹੀ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਸੋਹਣ ਸਿੰਘ ਦਿਓ ਦਾ ਕਹਿਣਾ ਹੈ ਕਿ ੲਿਥੋਂ ਦੇ ਗੁਰਦੁਆਰੇ ਆਉਣ ਵਾਲੇ ਸ੍ਰੀ ਮੋਦੀ ਭਾਰਤ ਦੇ ਤੀਜੇ ਪ੍ਰਧਾਨ ਮੰਤਰੀ ਹੋਣਗੇ। ਇਸ ਤੋਂ ਪਹਿਲਾਂ 1949 ਵਿਚ ਜਵਾਹਰ ਲਾਲ ਨਹਿਰੂ ਤੇ ਫਿਰ 1973 ਵਿਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕੈਨੇਡਾ ਫੇਰੀ ਮੌਕੇ ਇਸ ਗੁਰਦੁਆਰਾ ਸਾਹਿਬ ਆ ਕੇ ਮੱਥਾ ਟੇਕਿਆ ਸੀ। ਉਨ੍ਹਾਂ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਵਲੋਂ ਕਾਮਾਗਾਟਾ ਮਾਰੂ ਸ਼ਤਾਬਦੀ ਮੌਕੇ ਇਥੋਂ ਦੀ ਯਾਤਰਾ, ਅਾਜ਼ਾਦੀ ਪ੍ਰਵਾਨਿਆਂ ਤੇ ਸਿੱਖਾਂ ਲਈ ਹੋਰ ਵੀ ਖਾਸ ਹੋ ਜਾਂਦੀ ਹੈ। ਸ੍ਰੀ ਮੋਦੀ ਵਲੋਂ ਇਥੇ ਨਤਮਸਤਕ ਹੋਣ ਨੂੰ ਉਸਾਰੂ ਭਾਵਨਾ ਵਜੋਂ ਵੇਖਿਆ ਜਾਣਾ ਚਾਹੀਦਾ ਹੈ। ਉੱਧਰ ਬ੍ਰਿਟਿਸ਼ ਕੋਲੰਬੀਆ ਸਿੱਖ ਗੁਰਦੁਆਰਾ ਕੌਂਸਲ ਦੇ ਬੁਲਾਰੇ ਮਹਿੰਦਰ ਸਿੰਘ ਦਾ ਕਹਿਣਾ ਹੈ ਕਿ ਭਾਰਤ ਵਿਚ ਸ਼ੁਰੂ ਤੋਂ ਹੁੰਦੇ ਅਾੲੇ ਮਨੁੱਖੀ ਹੱਕਾਂ ਦੇ ਘਾਣ ਪ੍ਰਤੀ ਆਪਣੀ ਚਿੰਤਾ ਪ੍ਰਗਟ ਕਰਨ ਲਈ ਉਹ ਦੋਹਾਂ ਹੀ ਥਾਵਾਂ ’ਤੇ ਸ਼ਾਂਤਮਈ  ਰੋਸ ਵਿਖਾਵੇ ਜ਼ਰੂਰ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਰੋਸ ਵਿਖਾਵਿਆਂ ਦੀ ਅਗਵਾਈ ਬੇਸ਼ੱਕ ਸਿੱਖ ਜਥੇਬੰਦੀਆਂ ਕਰਨਗੀਆਂ ਪਰ ਇਸ ਵਿਚ ਇਸਾਈ, ਮੁਸਲਮਾਨ ਤੇ ਹੋਰ ਧਰਮਾਂ ਦੇ ਲੋਕ ਵੀ ਸ਼ਾਮਲ ਹੋਣਗੇ।

Facebook Comment
Project by : XtremeStudioz