Close
Menu

ਕੈਨੇਡਾ ਵਿੱਚ ‘ਆਪ’ ਆਗੂਆਂ ਨੂੰ ਹੁੰਗਾਰਾ

-- 26 August,2015

ਵੈਨਕੂਵਰ, ਪੰਜਾਬ ਦੇ ਅਕਾਲੀ ਆਗੂਆਂ ਦੇ ਕੈਨੇਡਾ ’ਚ ਹੋਏ ਵਿਰੋਧ ਦੇ ਉਲਟ ਆਮ ਆਦਮੀ ਪਾਰਟੀ ਦੇ ਆਗੂਆਂ ਸੰਜੈ ਸਿੰਘ ਤੇ ਹਿੰਮਤ ਸਿੰਘ ਸ਼ੇਰਗਿੱਲ ਦਾ ਇਥੋਂ ਦੇ ਲੋਕਾਂ ਨੇ ਨਿੱਘਾ ਸਵਾਗਤ ਕੀਤਾ। ਤਿੰਨ ਦਿਨਾਂ ਫੇਰੀ ’ਤੇ ਸ਼ੁੱਕਰਵਾਰ ਨੂੰ ਇਥੇ ਪੁੱਜੇ ਸੰਜੇ ਸਿੰਘ ਤੇ ਸ੍ਰੀ ਸ਼ੇਰਗਿੱਲ ਨੇ ਅੱਜ ਸਰੀ ਦੇ ਕਨਵੈਨਸ਼ਨ ਹਾਲ ਵਿੱਚ ਜਨਤਕ ਮਿਲਣੀ ਦੌਰਾਨ ਪਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਅਾਗਾਮੀ ਚੋਣਾਂ ਦੌਰਾਨ ਪੰਜਾਬ ਦੀ ਵਾਗਡੋਰ ਇਮਾਨਦਾਰ ਲੋਕਾਂ ਹੱਥ ਫੜਾਉਣ ਲਈ ਉਹ ਇਥੇ ਬੈਠ ਕੇ ਜਾਂ ਪੰਜਾਬ ਆ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ। ਅਰਵਿੰਦ ਕੇਜਰੀਵਾਲ ਦੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਅੱਗੇ ਆਉਣ ਦੀਆਂ ਖ਼ਬਰਾਂ ਨੂੰ ਸੰਜੇ ਸਿੰਘ ਨੇ ਮੁੱਢੋਂ ਖ਼ਾਰਿਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰੀ ਕੇਜਰੀਵਾਲ ਪੰਜਾਬ ਚੋਣਾਂ ਤੋਂ ਛੇ ਮਹੀਨੇ ਪਹਿਲਾਂ ਜ਼ਰੂਰ ਪੰਜਾਬ ’ਚ ਡੇਰਾ ਲਾ ਲੈਣਗੇ ਤਾਂ ਜੋ ਪੰਜਾਬ ਦੇ ਹਰ ਪਿੰਡ, ਕਸਬੇ ਤੇ ਸ਼ਹਿਰਾਂ ਦੇ ਮੁਹੱਲਿਆਂ ਦੇ ਲੋਕਾਂ ਤਕ ਪਹੁੰਚ ਕੀਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੋਟਰਾਂ ਦੇ ਮਨ ਦੀ ਅਾਵਾਜ਼ ਬਣ ਕੇ ਮੈਦਾਨ ’ਚ ਨਿਤਰੇਗੀ ਅਤੇ ਨਤੀਜਿਆਂ ’ਚ ਦਿੱਲੀ ਵਾਲਾ ਇਤਿਹਾਸ ਦੁਹਰਾਏਗੀ। ਉਨ੍ਹਾਂ ਨੇ ਮੀਡੀਆ ਦੇ ਇੱਕ ਹਿੱਸੇ ਦੇ ਪੱਖਪਾਤੀ ਰਵੱਈਏ ਦੀ ਨਿਖੇਧੀ ਕੀਤੀ ਪਰ ਨਾਲ ਹੀ ਭਰੋਸਾ ਪ੍ਰਗਟਾਇਆ ਕਿ ਪੰਜਾਬ ਦੇ ਲੋਕ ਹੁਣ ਸੱਚ ਤੇ ਝੂਠ ਵਿਚਲਾ ਫਰਕ ਸਮਝਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰੀ ਤੰਤਰ ’ਚ ਸੁਧਾਰ ਲਈ ਵਚਨਬੱਧ ਹੈ।  ‘ਆਪ’ ਦੇ ਬ੍ਰਿਟਿਸ਼ ਕੋਲੰਬੀਆ ਦੇ ਕਨਵੀਨਰ ਲਖਬੀਰ ਸਿੰਘ ਚਾਹਲ ਦੀ ਅਗਵਾਈ ’ਚ ਦੋਹਾਂ ਆਗੂਆਂ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ। ਉਨ੍ਹਾਂ ਸਮਾਗਮ ਦੇ ਪ੍ਰਬੰਧਕਾਂ ਲਖਬੀਰ ਚਾਹਲ, ਬੀਬੀ ਜਸਕੀਰਤ ਮਾਨ, ਰਘਬੀਰ ਸਿੰਘ ਭਰੋਵਾਲ, ਹਰਜੀਤ ਨਾਗਰਾ, ਹਰਬੰਸ ਸਿੰਘ ਚਾਹਲ, ਗੁਰਪ੍ਰਤਾਪ ਸਿੰਘ ਵਿਰਕ, ਤੇਜਿੰਦਰ ਜੌਹਲ ਅਤੇ ਰਜਿੰਦਰ ਸਿੰਘ ਦਾ ਧੰਨਵਾਦ ਕੀਤਾ।

Facebook Comment
Project by : XtremeStudioz