Close
Menu

ਕੈਨੇਡਾ ਵਿੱਚ ਲੋਕਾਂ ਨੂੰ ਦਿੱਤੀਆਂ ਜਾਣ ਜ਼ਰੂਰੀ ਦਵਾਈਆਂ ਮੁਫਤ : ਰਿਪੋਰਟ

-- 28 February,2017

ਓਟਵਾ,  ਕੈਨੇਡਾ ਦੇ ਹੈਲਥ ਕੇਅਰ ਸਿਸਟਮ ਨੂੰ 117 ਜ਼ਰੂਰੀ ਦਵਾਈਆਂ ਮੁਫਤ ਵਿੱਚ ਲੋਕਾਂ ਨੂੰ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ। ਇਹ ਕਹਿਣਾ ਹੈ ਦੋ ਖੋਜਾਰਥੀਆਂ ਦਾ ਜਿਨ੍ਹਾਂ ਅਨੁਸਾਰ ਅਜਿਹਾ ਕਰਨ ਨਾਲ ਕੈਨੇਡੀਅਨਾਂ ਨੂੰ ਸੌਖਾ ਸਾਹ ਤਾਂ ਆਵੇਗਾ ਹੀ ਸਗੋਂ ਹਰ ਸਾਲ ਡਰੱਗ ਪਲੈਨਜ਼ ਉੱਤੇ 3 ਬਿਲੀਅਨ ਡਾਲਰ ਦੀ ਬਚਤ ਵੀ ਹੋਵੇਗੀ।
ਕੈਨੇਡੀਅਨ ਮੈਡੀਕਲ ਐਸੋਸਿਏਸ਼ਨ ਜਰਨਲ ਵਿੱਚ ਸੋਮਵਾਰ ਨੂੰ ਛਪੇ ਟੋਰਾਂਟੋ ਦੇ ਸੇਂਟ ਮਾਈਕਲ ਹਸਪਤਾਲ ਦੇ ਡਾ. ਨਵ ਪ੍ਰਸਾਦ ਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਸਟੀਵ ਮੌਰਗਨ ਦੇ ਅਧਿਐਨ ਵਿੱਚ ਆਖਿਆ ਗਿਆ ਹੈ ਕਿ ਯੂਨੀਵਰਸਲ ਫਾਰਮਾਕੇਅਰ ਦਾ ਭਾਵੇਂ ਲੰਮੇਂ ਸਮੇਂ ਤੋਂ ਵਾਅਦਾ ਕੀਤਾ ਜਾ ਰਿਹਾ ਹੈ ਪਰ ਇਸ ਨੂੰ ਅਜੇ ਤੱਕ ਕੈਨੇਡਾ ਵਿੱਚ ਲਾਗੂ ਨਹੀਂ ਕੀਤਾ ਗਿਆ। ਯੂਬੀਸੀ ਸਕੂਲ ਆਫ ਪਾਪੂਲੇਸ਼ਨ ਐਂਡ ਪਬਲਿਕ ਹੈਲਥ ਦੇ ਪ੍ਰੋਫੈਸਰ ਨੇ ਇੱਕ ਬਿਆਨ ਵਿੱਚ ਆਖਿਆ ਕਿ ਅਜਿਹਾ ਇਸ ਲਈ ਕਿਉਂਕਿ ਇਹੋ ਸਮਝ ਨਹੀਂ ਆ ਰਹੀ ਕਿ ਸ਼ੁਰੂਆਤ ਕਿੱਥੋਂ ਕੀਤੀ ਜਾਵੇ। ਉਨ੍ਹਾਂ ਆਖਿਆ ਕਿ ਜੇ ਜ਼ਰੂਰੀ ਦਵਾਈਆਂ ਨੂੰ ਮੁਫਤ ਵਿੱਚ ਕੈਨੇਡੀਅਨਾਂ ਨੂੰ ਦਿੱਤਾ ਜਾਵੇ ਤਾਂ ਇਹ ਸਹੀ ਦਿਸ਼ਾ ਵੱਲ ਚੁੱਕਿਆ ਗਿਆ ਸਹੀ ਕਦਮ ਹੋਵੇਗਾ।
ਇਸ ਪ੍ਰੋਜੈਕਟ ਦੀ ਅਗਵਾਈ ਕਰਨ ਵਾਲੇ ਫੈਮਿਲੀ ਡਾਕਟਰ ਪ੍ਰਸਾਦ ਨੇ ਆਖਿਆ ਕਿ ਕੈਨੇਡਾ ਵਿੱਚ ਉਪਲਬਧ ਵੱਡੀ ਗਿਣਤੀ ਦਵਾਈਆਂ ਡਾਕਟਰਾਂ ਲਈ ਚੁਣੌਤੀ ਬਣੀਆਂ ਹੋਈਆਂ ਹਨ। ਮਿਸਾਲ ਵਜੋਂ ਓਨਟਾਰੀਓ ਡਰੱਗ ਬੈਨੇਫਿਟ ਦੀ ਦਵਾਈਆਂ ਦੀ ਸਰਕਾਰੀ ਲਿਸਟ, ਜਿਸ ਅਨੁਸਾਰ ਨੁਸਖੇ ਲਿਖੇ ਜਾਂਦੇ ਹਨ, ਨੂੰ ਫੌਰਮੁਲਰੀ ਆਖਿਆ ਜਾਂਦਾ ਹੈ, ਵਿੱਚ 3800 ਦਵਾਈਆਂ ਸ਼ਾਮਲ ਹਨ। ਕਿਊਬਿਕ ਦੀ ਇਸ ਸੂਚੀ ਵਿੱਚ 7,000 ਦਵਾਈਆਂ ਸ਼ਾਮਲ ਹਨ।
ਪ੍ਰਸਾਦ ਨੇ ਆਖਿਆ ਕਿ ਜ਼ਰੂਰੀ ਦਵਾਈਆਂ ਦੀ ਨਿੱਕੀ ਜਿਹੀ ਸੂਚੀ ਸ਼ਾਇਦ ਡਾਕਟਰਾਂ ਦਾ ਕੰਮ ਆਸਾਨ ਕਰ ਦੇਵੇ ਤੇ ਉਹ ਵਧੇਰੇ ਪ੍ਰਭਾਵਸ਼ਾਲੀ, ਸੁਰੱਖਿਅਤ ਤੇ ਢੁਕਵੀਂ ਦਵਾਈ ਆਪਣੇ ਮਰੀਜ਼ਾਂ ਨੂੰ ਦੇ ਸਕਣ। ਜਿ਼ਕਰਯੋਗ ਹੈ ਕਿ ਫੈਮਿਲੀ ਡਾਕਟਰਜ਼, ਨਰਸਾਂ, ਪ੍ਰੈਕਟਿਸ਼ਨਰਜ਼, ਫਾਰਮਾਸਿਸਟਜ਼, ਮਾਹਿਰਾਂ ਤੇ ਮਾਹਿਰਾਂ ਦੇ ਪੈਨਲ ਵੱਲੋਂ ਮੁਲਾਂਕਣ ਕੀਤੇ ਜਾਣ ਤੋਂ ਬਾਅਦ ਖੋਜਾਰਥੀਆਂ ਨੇ ਜ਼ਰੂਰੀ ਦਵਾਈਆਂ ਦੀ ਸੂਚੀ ਤਿਆਰ ਕੀਤੀ ਹੈ। ਇਸ ਵਿੱਚ ਸੰਕ੍ਰਮਣ, ਦਰਦ, ਸੂ਼ਗਰ, ਦਿਲ ਦੇ ਰੋਗਾਂ, ਤਣਾਅ, ਰਿਐਕਸ਼ਨ, ਦੌਰੇ, ਮਾਈਗ੍ਰੇਨ, ਪਾਰਕਿਨਸਨ ਦੀ ਬਿਮਾਰੀ, ਖੂਨ ਸਬੰਧੀ ਪਰੇਸ਼ਾਨੀਆਂ, ਸਾਹ ਦੀ ਤਕਲੀਫ ਤੇ ਜੋੜਾਂ ਦੀਆਂ ਬਿਮਾਰੀਆਂ ਦੇ ਇਲਾਜ ਸਬੰਧੀ ਦਵਾਈਆਂ ਸ਼ਾਮਲ ਹਨ।
ਇਸ ਅਧਿਐਨ ਵਿੱਚ ਆਖਿਆ ਗਿਆ ਹੈ ਕਿ ਦਸ ਵਿੱਚੋਂ ਇੱਕ ਕੈਨੇਡੀਅਨ ਡਾਕਟਰਾਂ ਵੱਲੋਂ ਲਿਖੇ ਨੁਸਖੇ ਦੇ ਹਿਸਾਬ ਨਾਲ ਦਵਾਈ ਨਹੀਂ ਖਰੀਦ ਸਕਦਾ ਕਿਉਂਕਿ ਉਹ ਉਸ ਦੇ ਵਿੱਤ ਅਨੁਸਾਰ ਨਹੀਂ ਹੁੰਦੀ। ਦਵਾਈਆਂ ਤੱਕ ਪਹੁੰਚ ਨਾ ਹੋਣ ਦਾ ਮਤਲਬ ਹੈ ਕਿ ਮੌਤ ਤੇ ਜਿ਼ੰਦਗੀ ਵਿੱਚ ਮਿਟਦਾ ਫਾਸਲਾ। ਭਾਵੇਂ ਐਚਆਈਵੀ ਤੇ ਦਿਲ ਦੇ ਰੋਗਾਂ ਦੇ ਇਲਾਜ ਲਈ ਵੀ ਦਵਾਈਆਂ ਹਨ ਪਰ ਕੀ ਇਹ ਉਨ੍ਹਾਂ ਲੋਕਾਂ ਤੱਕ ਪਹੁੰਚ ਰਹੀਆਂ ਹਨ ਜਿਨ੍ਹਾਂ ਨੂੰ ਇਨ੍ਹਾਂ ਦੀ ਸੱਭ ਤੋਂ ਵੱਧ ਲੋੜ ਹੈ।
ਖੋਜਾਰਥੀਆਂ ਨੇ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਕੈਨੇਡੀਅਨਾਂ ਲਈ ਥੋਕ ਵਿੱਚ ਇਹ ਦਵਾਈਆਂ ਖਰੀਦ ਲੈਣ, ਜਿਹੜੀਆਂ ਉਨ੍ਹਾਂ ਨੂੰ ਲੱਗਦਾ ਹੈ ਕਿ ਮਰੀਜ਼ਾਂ ਲਈ ਜ਼ਰੂਰੀ ਹਨ ਤੇ ਉਨ੍ਹਾਂ ਦੀ ਜਿ਼ੰਦਗੀ ਬਚਾਅ ਸਕਦੀਆਂ ਹਨ। ਇਸ ਨਾਲ ਸਰਕਾਰ ਉੱਤੇ ਹਰ ਸਾਲ 1.2 ਬਿਲੀਅਨ ਡਾਲਰ ਦਾ ਹੀ ਖਰਚਾ ਆਵੇਗਾ।

Facebook Comment
Project by : XtremeStudioz