Close
Menu

ਕੈਨੇਡਾ ਸਰਕਾਰ ਹਵਾਬਾਜ਼ੀ ਕੰਪਨੀਆਂ ‘ਤੇ ਕੱਸੇਗੀ ਸ਼ਿਕੰਜਾ, ਸੰਸਦ ‘ਚ ਬਿੱਲ ਪੇਸ਼

-- 18 May,2017

ਟੋਰਾਂਟੋ— ਕੈਨੇਡਾ ਦੀ ਸਰਕਾਰ ਹਵਾਬਾਜ਼ੀ ਕੰਪਨੀਆਂ ਦੀ ਮਨਮਰਜ਼ੀ ‘ਤੇ ਰੋਕ ਲਾਉਣ ਜਾ ਰਹੀ ਹੈ। ਇਸ ਸੰਦਰਭ ‘ਚ ਬੁੱਧਵਾਰ ਨੂੰ ਕੈਨੇਡਾ ਦੇ ਆਵਾਜਾਈ ਮੰਤਰੀ ਮਾਰਕ ਗਾਰਨੋ ਨੇ ਸੰਸਦ ‘ਚ ਬਿੱਲ ਪੇਸ਼ ਕੀਤਾ। ਇਸ ਤਹਿਤ ਹਵਾਈ ਯਾਤਰੀਆਂ ਨੂੰ ਜ਼ਿਆਦਾ ਹੱਕ ਦਿੱਤੇ ਜਾਣ ਦੀ ਵਿਵਸਥਾ ਕੀਤੀ ਗਈ ਹੈ। ਇਸ ਵਿਵਸਥਾ ਮੁਤਾਬਕ ਹਵਾਬਾਜ਼ੀ ਕੰਪਨੀਆਂ ਪੱਕੀ ਟਿਕਟ ਵਾਲੇ ਯਾਤਰੀਆਂ ਨੂੰ ਉਡਾਣ ‘ਚ ਸਵਾਰ ਹੋਣ ਤੋਂ ਰੋਕ ਨਹੀਂ ਸਕਣਗੀਆਂ। ਉੱਥੇ ਹੀ ਸਾਮਾਨ ਦੇਰੀ ਨਾਲ ਪਹੁੰਚਣ ਜਾਂ ਗੁਆਚਣ ਦੀ ਹਾਲਤ ‘ਚ ਯਾਤਰੀ ਹਵਾਬਾਜ਼ੀ ਕੰਪਨੀ ਕੋਲੋਂ ਬਣਦਾ ਮੁਆਵਜ਼ਾ ਲੈ ਸਕਣਗੇ।ਕੈਨੇਡਾ ਟਰਾਂਸਪੋਰਟੇਸ਼ਨ ਐਕਟ ‘ਚ ਸੋਧਾਂ ਜ਼ਰੀਏ ਕੀਤੇ ਜਾਣ ਵਾਲੇ ਪ੍ਰਬੰਧਾਂ ਮੁਤਾਬਕ, ਉਡਾਣ ‘ਚ ਦੇਰੀ ਹੋਣ ‘ਤੇ ਹਵਾਬਾਜ਼ੀ ਕੰਪਨੀਆਂ ਵੱਲੋਂ ਯਾਤਰੀਆਂ ਨੂੰ ਮੰਜ਼ਲ ਤਕ ਪਹੁੰਚਾਉਣ ਲਈ ਪੂਰੀ ਵਿਵਸਥਾ ਕਰਨੀ ਹੋਵੇਗੀ। ਨਵੇਂ ਬਿੱਲ ‘ਚ ਇਹ ਵੀ ਵਿਵਸਥਾ ਹੈ ਕਿ ਜਹਾਜ਼ ‘ਚ 14 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਦੇ ਨੇੜੇ ਵਾਲੀ ਸੀਟ ਹਾਸਲ ਕਰਨ ਲਈ ਮਾਤਾ-ਪਿਤਾ ਨੂੰ ਵਾਧੂ ਪੈਸੇ ਨਹੀਂ ਦੇਣੇ ਪੈਣਗੇ। ਆਵਾਜਾਈ ਮੰਤਰੀ ਨੇ ਦੱਸਿਆ ਕਿ ਨਵੇਂ ਨਿਯਮਾਂ ਅਣਦੇਖੀ ਕਰਨ ਵਾਲੀ ਕੰਪਨੀ ਨੂੰ ਜੁਰਮਾਨਾ ਕੀਤਾ ਜਾਵੇਗਾ। ਪੀੜਤ ਮੁਸਾਫਿਰ ਨੂੰ ਕਿੰਨਾ ਮੁਆਵਾਜ਼ਾ ਮਿਲੇਗਾ, ਇਹ ਬਿੱਲ ਪਾਸ ਹੋਣ ਤੋਂ ਬਾਅਦ ਤੈਅ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਹੁਣ ਤਕ ਹਵਾਬਾਜ਼ੀ ਕੰਪਨੀਆਂ ਆਪਣੀ ਮਰਜ਼ੀ ਮੁਤਾਬਕ ਮੁਆਵਜ਼ਾ ਦਿੰਦੀਆਂ ਹਨ, ਜਿਸ ਕਾਰਨ ਅਕਸਰ ਪੀੜਤਾਂ ਨੂੰ ਮੁਆਵਜ਼ਾ ਨਹੀਂ ਮਿਲਦਾ। ਇਹ ਕਾਨੂੰਨ 2018 ‘ਚ ਨਵੇਂ ਸਾਲ ਤੋਂ ਲਾਗੂ ਕੀਤੇ ਜਾਣ ਦੀ ਉਮੀਦ ਹੈ।

Facebook Comment
Project by : XtremeStudioz