Close
Menu

ਕੈਨੇਡਾ ਸੰਸਦੀ ਚੋਣਾਂ ਲਈ ਅਖਾੜਾ ਭਖਿਆ

-- 13 August,2015

ਵੈਨਕੂਵਰ, ਕੈਨੇਡੀਅਨ ਸੰਸਦੀ  ਚੋਣਾਂ ਦਾ ਐਲਾਨ ਹੁੰਦੇ ਹੀ ਚੋਣ ਅਖਾੜਾ ਭਖਣਾ ਸ਼ੁਰੂ ਹੋ ਗਿਆ ਹੈ। ਚੁਰਾਹਿਆਂ ’ਚ ਉਮੀਦਵਾਰਾਂ ਦੇ ਬੋਰਡ ਦਿਸਣ ਲੱਗੇ ਹਨ ਅਤੇ ਵਾਅਦਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। 338 ਮੈਂਬਰੀ ਸੰਸਦ ਵਿੱਚ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਹਿੱਸੇ ਆਉਂਦੀਆਂ 38 ਸੀਟਾਂ ਤੋਂ ਕਿਸਮਤ ਅਜਮਾਉਣ ਵਾਲਿਆਂ ਵਿੱਚ 12 ਪੰਜਾਬੀ ਹਨ। ਪ੍ਰਮੁੱਖ ਤਿੰਨਾਂ ਪਾਰਟੀਆਂ ਐਨਡੀਪੀ, ਕਨਜ਼ਰਵੇਟਿਵ ਅਤੇ ਲਿਬਰਲਾਂ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਇਕ ਮੀਡੀਆ ਸਮੂਹ ਵੱਲੋਂ ਸਾਰੀਆਂ ਪਾਰਟੀਆਂ ਦੇ ਆਗੂਆਂ ਦੀ ਆਨਲਾਈਨ ਬਹਿਸ ਕਰਵਾਈ ਗਈ, ਜਿਸ ’ਚ ਤਿੰਨਾਂ ਪਾਰਟੀਆਂ ਦੇ ਆਗੂਆਂ ਵੱਲੋਂ ਇੱਕ ਦੂਜੇ ਉਤੇ ਤਿੱਖੇ ਸਵਾਲਾਂ ਦੀ ਬੁਛਾੜ ਕੀਤੀ। ਬੇਸ਼ੱਕ ਇਸ ਬਹਿਸ ਨੂੰ ਵੋਟਰ ਪ੍ਰਭਾਵੀ ਤਾਂ ਨਹੀਂ ਮੰਨਿਆ ਗਿਆ ਪਰ ਇਹ ਸਮਝਿਆ ਜਾ ਰਿਹਾ ਹੈ ਕਿ ਇਸ ਬਹਿਸ ਨੇ ਤਿੰਨਾਂ ਪਾਰਟੀਆਂ ਦੀਆਂ ਨੀਤੀਆਂ ਦੀ ਬਿੱਲੀ ਥੈਲਿਓਂ ਬਾਹਰ ਕੱਢ ਮਾਰੀ ਹੈ। ਸਾਰੀਆਂ ਪਾਰਟੀਆਂ ਵੱਲੋਂ ਉਮੀਦਵਾਰਾਂ ਦੀ ਚੋਣ ਕਾਫ਼ੀ ਵਿਚਾਰ ਵਟਾਂਦਰੇ ਬਾਅਦ ਕੀਤੀ ਗਈ ਹੈ ਪਰ ਫਿਰ ਵੀ ਕੁੱਝ ਹਲਕਿਅਾਂ ’ਚੋਂ ਅੰਦਰੂਨੀ ਵਿਰੋਧ ਹੋ ਰਿਹਾ ਹੈ।  ਸਰੀ ਦੇ ਨਿਊਟਨ ਹਲਕੇ ਤੋਂ ਤਿੰਨ ਪੰਜਾਬੀ ਆਹਮੋ ਸਾਹਮਣੇ ਹਨ। ਮੌਜੂਦਾ ਸੰਸਦ ਮੈਂਬਰ ਜਿੰਨੀ ਸਿਮਜ਼ (ਜੁਗਿੰਦਰ ਕੌਰ), ਸੁੱਖ ਧਾਲੀਵਾਲ ਅਤੇ ਪੱਤਰਕਾਰ ਹਰਪ੍ਰੀਤ ਸਿੰਘ ਤਿੰਨਾਂ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰ ਹਨ।  ਸਰੀ ਸੈਂਟਰਲ ਤੋਂ ਐਨਡੀਪੀ ਦੇ ਮੌਜੂਦਾ ਸੰਸਦ ਮੈਂਬਰ ਜਸਬੀਰ ਸੰਧੂ ਦੇ ਮੁਕਾਬਲੇ ਟੋਰੀ ਪਾਰਟੀ ਵੱਲੋਂ ਸੁੱਚਾ ਥਿੰਦ ਮੈਦਾਨ ’ਚ ਹਨ। ਲਿਬਰਲਾਂ ਨੂੰ ਅਜੇ ਇਥੋਂ ਮਜ਼ਬੂਤ ਉਮੀਦਵਾਰ ਨਹੀਂ ਲੱਭਾ ਹੈ।
ਸਰੀ ਫਲੀਟਵੱਡ ਹਲਕੇ ਤੋਂ ਇਸ ਵਾਰ ਗੋਰੇ ਪੁਲੀਸ ਅਫ਼ਸਰ ਗੈਰੀ ਬੈਗ ਦੇ ਐਨਡੀਪੀ ਵੱਲੋਂ ਚੋਣ ਮੈਦਾਨ ’ਚ ਕੁੱਦਣ ਕਾਰਨ ਨੀਨਾ ਗਰੇਵਾਲ ਲਈ ਰਾਹ ਅੌਖਾ ਹੋ ਗਿਆ ਹੈ। ਵੈਨਕੂਵਰ ਦੱਖਣੀ ਤੋਂ ਲਿਬਰਲ ਪਾਰਟੀ ਦੇ ਹਰਜੀਤ ਸਿੰਘ ਸੱਜਣ ਦੇ ਮੁਕਾਬਲੇ ਐਨਡੀਪੀ ਨੇ ਅਮਨਦੀਪ ਨਿੱਝਰ ਨੂੰ ਮੈਦਾਨ ਵਿੱਚ ਉਤਾਰਿਅਾ ਹੈ। ਅਾਉਣ ਵਾਲੇ ਦਿਨਾਂ ’ਚ ਚੋਣ ਆਖਾਡ਼ਾ ਹੋਰ ਭਖਣ ਦੇ ਆਸਾਰ ਹਨ।

Facebook Comment
Project by : XtremeStudioz