Close
Menu

ਕੈਨੇਡੀਅਨ ਆਰਥਿਕਤਾ ਮੁੜ ਲੀਹ ‘ਤੇ – ਹਾਰਪਰ

-- 03 September,2015

ਔਟਵਾ,  ਕੈਨੇਡਾ ਦੇ ਟੈਕਨੀਕਲ ਰਿਸੈਸ਼ਨ ਵਿਚ ਜਾਣ ਦੇ ਅੰਕੜਿਆਂ ਨੂੰ ਲੈ ਕੇ ਫੈਡਰਲ ਆਗੂਆਂ ਵਿਚ ਮੁੜ ਤੋਂ ਇਸ ਵਿਸ਼ੇ ਤੇ ਚਰਚਾ ਛਿੜ ਗਈ ਹੈ। ਜਿਥੇ ਵਿਰੋਧੀ ਪਾਰਟੀਆਂ ਸਰਕਾਰ ਦੀ ਕਾਰਗੁਜ਼ਾਰੀ ਦੀ ਨਿੰਦਾ ਕਰ ਰਹੀਆਂ ਹਨ ਉਥੇ ਕੰਸਰਵੇਟਿਵ ਸਰਕਾਰ ਨੇ ਕਿਹਾ ਹੈ ਕਿ ਮਾੜਾ ਦੌਰ ਮੁੱਕ ਚੁੱਕਾ ਹੈ ਅਤੇ ਆਰਥਿਕਤਾ ‘ਚ ਸੁਧਾਰ ਆ ਰਿਹਾ ਹੈ।

ਮੰਗਲਵਾਰ ਨੂੰ ਸਟੈਟਸਟਿਕ ਕੈਨੇਡਾ ਵਲੋਂ ਜੂਨ ਦੇ ਜੀ ਡੀ ਪੀ ਅੰਕੜੇ ਪੇਸ਼ ਹੋਣ ਤੋਂ ਬਾਅਦ ਪਾਰਟੀਆਂ ਵਿਚ ਇਸ ਗੱਲ ਤੇ ਚਰਚਾ ਸ਼ੁਰੂ ਹੋ ਗਈ ਕਿ ਲਿਬਰਲਾਂ ਵਲੋਂ ਬੁਨਿਆਦੀ ਢਾਂਚੇ ਤੇ ਖਰਚਾ ਕਰਨ ਦੀ ਤਜ਼ਵੀਜ਼ ਸਹੀ ਹੈ ਜਾਂ ਨਹੀਂ।

ਕੰਸਰਵੇਟਿਵ ਆਗੂ ਸਟੀਫਨ ਹਾਰਪਰ ਨੇ ਅੱਜ ਬਰਲਿੰਗਟਨ ਉਂਟੇਰੀਓ ਵਿਚ ਜੂਨ ਦੇ ਅੰਕੜਿਆਂ ਤੇ ਬੋਲਦਿਆਂ ਕਿਹਾ ਕਿ ਅੰਕੜੇ ਦਿਖਾ ਰਹੇ ਹਨ ਕਿ ਇਸ ਸਾਲ ਵਿਚ ਪਹਿਲੀ ਵੇਰਾਂ ਵਿਕਾਸ ਹੋਇਆ ਹੈ। ਉਨ੍ਹਾਂ ਕਿਹਾ ਕਿ ਕੈਨੇਡੀਅਨ ਆਰਥਿਕਤਾ ਮੁੜ ਤੋਂ ਲੀਹ ਤੇ ਚੜ ਚੁੱਕੀ ਹੈ। ਹਾਰਪਰ ਨੇ ਕਿਹਾ ਕਿ ਜੇਕਰ ਇਸ ਮੌਕੇ ਅਸੀਂ ਆਪਣੀ ਯੋਜਨਾ ਨੂੰ ਬਦਲਦੇ ਹਾਂ ਤਾਂ ਕੈਨੇਡਾ ਹੋਰ ਦੇਸ਼ਾ ਵਾਂਗ ਪੱਕੇ ਤੌਰ ਤੇ ਮੰਦੀ ਵਿਚ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਯੋਜਨਾਵਾਂ ਕੰਮ ਕਰ ਰਹੀਆਂ ਹਨ ਅਤੇ ਆਰਥਿਕਤਾ ਸਹੀ ਦਿਸ਼ਾ ਵਿਚ ਜਾ ਰਹੀ ਹੈ।

ਨਿਉ ਡੈਮੋਕਰੈਟ ਪਾਰਟੀ ਉਮੀਦਵਾਰ ਅਤੇ ਸਾਬਕਾ ਸਸਕਾਤੂਨ ਫਾਈਨੈਂਸ ਮਨਿਸਟਰ ਐਂਡਰਿਊ ਥੌਮਸਨ ਨੇ ਕਿਹਾ ਹੈ ਕਿ ਅੰਕੜੇ ਦਰਸਾ ਰਹੇ ਹਨ ਕਿ ਕੰਸਰਵੇਟਿਵ ਆਰਥਿਕ ਨੀਤੀ ਕੰਮ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਸਟੀਫਨ ਹਾਰਪਰ ਦੇ ਕਾਲ ਵਿਚ 7 ਸਾਲਾਂ ਵਿਚ ਇਹ ਦੂਜਾ ਰਿਸੈਸ਼ਨ ਹੈ। ਉਨ੍ਹਾਂ ਹਾਰਪਰ ਦੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਹਾਰਪਰ ਸਰਕਾਰ ਦੇ 10 ਸਾਲਾਂ ਰਾਜ ਵਿਚ ਰੁਜ਼ਗਾਰ ਘੱਟੇ ਹਨ, ਬੁਨਿਆਦੀ ਢਾਂਚਾ ਤਹਿਸ ਨਹਿਸ ਹੋਇਆ ਹੈ ਅਤੇ ਸਰਕਾਰ ਨੇ ਅਮੀਰਾਂ ਨੂੰ ਟੈਕਸ ਛੋਟਾਂ ਦਿਤੀਆਂ ਹਨ ਜਦਕਿ ਮੱਧ ਵਰਗ ਇਸ ਮੰਦੀ ਤੋਂ ਪ੍ਰਭਾਵਿਤ ਹੋਇਆ ਹੈ।

ਲਿਬਰਲ ਆਗੂ ਜਸਟਿਨ ਟਰੂਡੋ ਨੇ ਮੰਨਿਆ ਕਿ ਰਿਸੈਸ਼ਨ ਛੋਟੇ ਪੱਧਰ ਦਾ ਹੈ ਪਰ ਆਮ ਤੌਰ ਤੇ ਵੇਖਿਆ ਗਿਆ ਹੈ ਕਿ ਕੈਨੇਡੀਅਨ ਲੋਕ ਇਸ ਆਰਥਿਕਤਾ ਵਿਚ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਨੇਡੀਅਨ ਲੋਕ ਇਸ ਮੰਦੀ ਦੇ ਪ੍ਰਭਾਵ ਵਿਚ ਰਹਿ ਰਹੇ ਹਨ ਅਤੇ ਇਸ ਲਈ ਕਿਸੇ ਅੰਕੜੇ ਦੀ ਲੋੜ ਨਹੀਂ ਹੈ। ਟਰੂਡੋ ਨੇ ਕਿਹਾ ਕਿ ਰਿਸੈਸ਼ਨ ਬਾਰੇ ਸਹੀ ਅਰਥ ਕੱਢਣ ਦੀ ਬਜਾਏ ਵਧੀਆਂ ਹੁੰਦਾ ਕਿ ਸਿਆਸਤਦਾਨ ਰੁਜ਼ਗਾਰਾਂ ਅਤੇ ਭਵਿਖ ਬਾਰੇ ਚਿੰਤਾ ਕਰਦੇ। ਟਰੂਡੋ ਅੱਜ ਗਾਤੀਨੋਅ ਕੈਬਕ ਵਿਚ ਚੋਣ ਪ੍ਰਚਾਰ ਕਰ ਰਹੇ ਸਨ।

ਟਰੂਡੋ ਨੇ ਕਿਹਾ ਕਿ ਇਸ ਕਾਰਣ ਹੀ ਲਿਬਰਲ ਕੰਸਰਵੇਟਿਵ ਅਤੇ ਐਨ ਡੀ ਪੀ ਪਾਰਟੀ ਤੋਂ ਵਖਰੀ ਹੈ ਕਿਉਂਕਿ ਅਸੀਂ ਕੁੱਝ ਸਾਲਾਂ ਲਈ ਘਾਟਾ ਦਿਖਾ ਕੇ 2019 ਵਿਚ ਬਜੱਟ ਨੂੰ ਸੰਤੁਲਿਤ ਕਰਨ ਦੀ ਗੱਲ ਕਰਦੇ ਹਾਂ। ਇਸ ਨਾਲ ਬੁਨਿਆਦੀ ਢਾਂਚੇ ਵਿਚ ਨਿਵੇਸ਼ ਕਰਕੇ ਆਰਥਿਕਤਾ ਨੂੰ ਧੱਕਾ ਲਗਾਇਆ ਜਾਵੇਗਾ। ਜੋ ਕਿ ਇੱਕ ਕਾਰਗਰ ਯੋਜਨਾ ਸਾਬਤ ਹੋਵੇਗੀ।

Facebook Comment
Project by : XtremeStudioz