Close
Menu

ਕੈਨੇਡੀਅਨ ਡਾਲਰ ‘ਚ ਆਈ ਭਾਰੀ ਗਿਰਾਵਟ

-- 17 July,2015

ਓਟਾਵਾ— ਕੈਨੇਡਾ ਦੇ ਅਰਥਚਾਰੇ ਵਿਚ ਪਹਿਲੇ ਕੁਆਟਰ ਦੀ ਗਿਰਾਵਟ ਅਤੇ ਤੇਲ ਦੀਆਂ ਡਿੱਗਦੀਆਂ ਕੀਮਤਾਂ ਨੂੰ ਦੇਖਦੇ ਹੋਏ ਬੈਂਕ ਆਫ਼ ਕੈਨੇਡਾ ਵਲੋਂ ਇਸ ਸਾਲ ਵਿਚ ਦੂਜੀ ਵਾਰ ਵਿਆਜ਼ ਦਰਾਂ ਵਿਚ 0.25 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਸੈਂਟਰ ਬੈਂਕ ਦੀ ਇਸ ਕਟੌਤੀ ਦੇ ਪ੍ਰਭਾਵ ਕਾਰਣ ਕੈਨੇਡੀਅਨ ਡਾਲਰ ਵਿਚ ਭਾਰੀ ਗਿਰਾਵਟ ਦੇਖੀ ਗਈ। ਇਸ ਦੇ ਨਾਲ-ਨਾਲ ਸਕੈਜ਼ੁਅਲ ਬੈਂਕਾਂ ਵਲੋਂ ਵੀ ਕਰਜ਼ਾ ਦਰਾਂ ਘਟਾ ਦਿਤੀਆਂ ਗਈਆਂ ਹਨ। ਟੋਰਾਂਟੋ ਡੋਮੀਨੀਅਨ ਬੈਂਕ ਨੇ ਅੱਜ ਕਰਜ਼ੇ ਉੱਪਰ ਵਿਆਜ਼ ਵਿਚ 10 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਹੈ ਅਤੇ ਹੁਣ ਵਿਆਜ਼ ਦਰ ਘੱਟ ਕੇ 2.75 ਫੀਸਦੀ ਰਹਿ ਗਈ ਹੈ।
ਬੈਂਕ ਆਫ਼ ਕੈਨੇਡਾ ਦੇ ਗਵਰਨਰ ਸਟੀਫਨ ਪੋਲੋਜ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਇਸ ‘ਤੇ ਕੋਈ ਬਹਿਸ ਨਹੀਂ ਕਰਨਾ ਚਾਹੁੰਦੇ ਪਰ ਅਸੀਂ ਜੋ ਵੀ ਕੀਤਾ ਹੈ ਉਹ ਕੈਨੇਡਾ ਦੀ ਆਰਥਿਕਤਾ ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ ਹੈ। ਪੋਲੋਜ ਵਲੋਂ ਕਿਹਾ ਜਾ ਰਿਹਾ ਹੈ ਕਿ ਤੇਲ ਦੀ ਦਰਾਮਦ ਵਿਚ ਆਈ ਗਿਰਾਵਟ ਕਾਰਣ ਆਈ ਮੰਦੀ ਦੇ ਪ੍ਰਭਾਵਾਂ ਨੂੰ ਹੋਰ ਵਸਤਾਂ ਜਿਵੇਂ ਕਾਰ ਪੁਰਜ਼ੇ, ਲੱਕੜ, ਮਸ਼ੀਨਰੀ ਆਦਿ ਦੀ ਵਧ ਬਰਾਮਦ ਨਾਲ ਘਟਾਇਆ ਜਾ ਸਕਦਾ ਹੈ ਅਤੇ ਇਸ ਕਟੌਤੀ ਨਾਲ ਜਿੱਥੇ ਹੋਰ ਵਸਤਾਂ ਦੇ ਨਿਰਯਾਤ ਨੂੰ ਉਤਸ਼ਾਹ ਮਿਲੇਗਾ ਉਥੇ ਇਹ ਕਟੌਤੀ ਇੰਸ਼ੋਰੈਂਸ ਵਜੋਂ ਵੀ ਕੰਮ ਕਰੇਗੀ। ਸੈਂਟਰਲ ਬੈਂਕ ਵਲੋਂ ਇਸ ਗਿਰਾਵਟ ਦਾ ਭਾਂਡਾ ਅਮਰੀਕਾ ਅਤੇ ਚੀਨ ਦੇ ਸਿਰ ਭੰਨਿਆ ਗਿਆ ਹੈ, ਜਿੱਥੇ ਸਾਲ 2015 ਦੇ ਸ਼ੁਰੂ ਵਿਚ ਗਿਰਾਵਟ ਦੇਖੀ ਗਈ ਸੀ, ਜਿਸ ਨਾਲ ਤੇਲ ਅਤੇ ਹੋਰ ਉਤਪਾਦਾਂ ਦੀਆਂ ਕੀਮਤਾਂ ਵਿਚ ਗਿਰਾਵਟ ਆਈ ਸੀ ਜੋ ਕਿ ਕੈਨੇਡਾ ਦੀਆਂ ਮੁੱਖ ਉਤਪਾਦ ਵਸਤਾਂ ਹਨ।

Facebook Comment
Project by : XtremeStudioz