Close
Menu

ਕੈਨੇਡੀਅਨ ਪੰਜਾਬਣ ਹਰਲੀਨ ਸਿੱਧੂ ਨੇ ਬਾਸਕਟ ਬਾਲ ‘ਚ ਚਮਕਾਇਆ ਨਾਂ

-- 23 November,2013

ਸਰੀ ,23 ਨਵੰਬਰ (ਦੇਸ ਪ੍ਰਦੇਸ ਟਾਈਮਜ਼)-ਕੈਨੇਡਾ ਦੀ ਜੰਮਪਲ ਪੰਜਾਬੀ ਮੁਟਿਆਰ ਹਰਲੀਨ ਕੌਰ ਸਿੱਧੂ ਨੇ ਬਾਸਕਟਬਾਲ ਦੀ ਖੇਡ ‘ਚ ਅਹਿਮ ਪ੍ਰਾਪਤੀਆਂ ਕਰਦਿਆਂ ਸਮੁੱਚੇ ਪੰਜਾਬੀਆਂ ਦਾ ਮਾਣ ਵਧਾਇਆ ਹੈ । ਛੇ ਫੁੱਟ ਦੋ ਇੰਚ ਲੰਮੀ 23 ਸਾਲਾ ਮੁਟਿਆਰ ਹਰਲੀਨ ਕੌਰ ਸਿੱਧੂ  ਯੂ. ਬੀ. ਸੀ. ਥੰਡਰਬਰਡਜ਼ ਟੀਮ ‘ਚ ਫਾਰਵਰਡ ਵਜੋਂ ਖੇਡਦੀ ਹੈ । ਖੱਬੇ ਗੋਡੇ ‘ਤੇ ਸੱਟ ਦੇ ਬਾਵਜੂਦ ਉਸ ਵੱਲੋਂ ਘਰੇਲੂ ਮੈਦਾਨ ‘ਚ ਸ਼ਾਨਦਾਰ ਵਾਪਸੀ ਕਰਦਿਆਂ ਬਿਹਤਰੀਨ ਖੇਡ ਦਾ ਮੁਜ਼ਾਹਰਾ ਕੀਤਾ ਗਿਆ ਹੈ । ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ‘ਚ ਪੈਂਦੇ ਪਿੰਡ ਖੁਸਰੋਪੁਰ ਨਾਲ ਸਬੰਧਿਤ ਕੈਨੇਡਾ ਦੇ ਸਿੱਖ ਆਗੂ ਜੋਗਿੰਦਰ ਸਿੰਘ ਸਿੱਧੂ ਦੀ ਪੋਤਰੀ ਹਰਲੀਨ ਕੌਰ ਸਿੱਧੂ ਇਸ ਹਫਤੇ ਆਪਣਾ 23ਵਾਂ ਜਨਮ ਦਿਨ ਮਨਾ ਰਹੀ ਹੈ। ਇਸ ਲਈ ਹਰਲੀਨ ਅਤੇ ਉਸ ਦੇ ਪਰਿਵਾਰ ਲਈ ਇਹ ਖੇਡ ਪ੍ਰਾਪਤੀਆਂ ਹੋਰ ਵੀ ਖੁਸ਼ੀ ਭਰਪੂਰ ਹੋ ਨਿੱਬੜੀਆਂ ਹਨ । ਖਾਲਸਾ ਸਕੂਲ ਦੇ ਹੈੱਡ ਕੋਚ ਮਿਸ਼ੈਲ ਕੈਲੀ ਨੇ ਹਰਲੀਨ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ 12 ਸਾਲ ਦੀ ਉਮਰ ਵਿੱਚ ਹੀ ਉਸ ਨੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮੰਨਵਾ ਲਿਆ ਸੀ । ਉਸਦੇ ਹਾਈ ਸਕੂਲ ਦੀ ਹੈੱਡ ਕੋਚ ਰਾਜਵਿੰਦਰ ਕੌਰ ਬਿੰਦਰਾ ਨੇ ਉਸਦੀਆਂ ਪ੍ਰਾਪਤੀਆਂ ‘ਤੇ ਮਾਣ ਕਰਦਿਆਂ ਕਿਹਾ ਹੈ ਕਿ ਹਰਲੀਨ ਸ਼ੁਰੂ ਤੋਂ ਹੀ ਸਖਤ ਮਿਹਨਤ ਕਰਦੀ ਰਹੀ ਹੈ । ਪੂਰੇ ਉੱਤਰੀ ਅਮਰੀਕਾ ‘ਚ ਬਾਸਕਟਬਾਲ ਦੀ ਖੇਡ ਵਿੱਚ ਉਹ ਬਿਹਤਰੀਨ ਸਿੱਖ ਖਿਡਾਰਣ ਵਜੋਂ ਵੀ ਉੱਭਰ ਕੇ ਸਾਹਮਣੇ ਆਈ ਹੈ ।

Facebook Comment
Project by : XtremeStudioz