Close
Menu

ਕੈਨੇਡੀਅਨ ਰੀਅਲ ਅਸਟੇਟ ‘ਚ ਲਗਾਤਾਰ ਪੰਜਵੇ ਮਹੀਨੇ ਵੀ ਗਿਰਾਵਟ ਜਾਰੀ

-- 18 February,2014

house_for_sale_signਟੋਰਾਂਟੋ  ,18 ਫ਼ਰਵਰੀ (ਦੇਸ ਪ੍ਰਦੇਸ ਟਾਈਮਜ਼)- ਕੈਨੇਡਾ ਵਿੱਚ ਘਰਾਂ ਦੀ ਵਿੱਕਰੀ ਵਿੱਚ ਜਨਵਰੀ ਵਿੱਚ ਲਗਾਤਾਰ ਪੰਜਵੇ ਮਹੀਨੇ ਗਿਰਾਵਟ ਦਰਜ ਕੀਤੀ ਗਈ। ਪਰ ਘਰਾਂ ਦੀਆਂ ਕੀਮਤਾਂ ਅਜੇ ਵੀ ਅਸਮਾਨੀ ਚੜ੍ਹ ਰਹੀਆਂ ਹਨ। ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਵੱਲੋਂ ਸ਼ੁੱਕਰਵਾਰ ਨੂੰ ਕੀਤੇ ਗਏ ਐਲਾਨ ਵਿੱਚ ਆਖਿਆ ਗਿਆ ਕਿ ਦਸੰਬਰ ਤੋਂ ਜਨਵਰੀ ਤੱਕ ਘਰਾਂ ਦੀ ਵਿੱਕਰੀ ਵਿੱਚ 3.3 ਫੀ ਸਦੀ ਕਮੀ ਆਈ। ਐਸੋਸੀਏਸ਼ਨ ਨੇ ਇੱਕ ਬਿਆਨ ਵਿੱਚ ਆਖਿਆ ਕਿ ਘਰਾਂ ਦੀ ਵਿੱਕਰੀ ਜਨਵਰੀ ਵਿੱਚ 9.1 ਫੀ ਸਦੀ ਦੇ ਉਸ ਪੱਧਰ ਉੱਤੇ ਪਹੁੰਚ ਗਈ ਹੈ ਜਿੱਥੇ ਪਿਛਲੇ ਸਾਲ ਅਗਸਤ ਦੇ ਮਹੀਨੇ ਸੀ। ਜਨਵਰੀ ਵਿੱਚ ਸਾਰੀਆਂ ਸਥਾਨਕ ਮਾਰਕਿਟਾਂ ਵਿੱਚੋਂ 60 ਫੀ ਸਦੀ ਤੋਂ ਵੀ ਵੱਧ ਵਿੱਚ ਮਹੀਨਾ ਦਰ ਮਹੀਨਾ ਦੇ ਹਿਸਾਬ ਨਾਲ ਘਰਾਂ ਦੀ ਵਿੱਕਰੀ ਵਿੱਚ ਕਮੀ ਦਰਜ ਕੀਤੀ ਗਈ ਹੈ। ਗ੍ਰੇਟਰ ਟੋਰਾਂਟੋ ਏਰੀਆ, ਗ੍ਰੇਟਰ ਵੈਨਕੂਵਰ ਏਰੀਆ, ਲੰਡਨ ਸਮੇਤ ਦੱਖਣੀ ਓਨਟਾਰੀਓ ਦੇ ਕਈ ਹਿੱਸੇ, ਸੇਂਟ ਥਾਮਸ ਤੇ ਵਿੰਡਸਰ-ਐਸੈਕਸ ਵਿੱਚ ਵੀ ਘਰਾਂ ਦੀ ਵਿੱਕਰੀ ਠੰਢੀ ਚੱਲ ਰਹੀ ਹੈ। ਸੀਆਰਈਏ ਦੇ ਚੀਫ ਇਕਨਾਮਿਸਟ ਗ੍ਰੈਗਰੀ ਕਲੰਪ ਦਾ ਕਹਿਣਾ ਹੈ ਕਿ ਇਸ ਕਮੀ ਦਾ ਇੱਕ ਵੱਡਾ ਕਾਰਨ ਖਰਾਬ ਮੌਸਮ ਵੀ ਹੋ ਸਕਦਾ ਹੈ। ਉਨ੍ਹਾਂ ਆਖਿਆ ਕਿ ਅਸੀਂ ਇਨ੍ਹਾਂ ਅੰਕੜਿਆਂ ਉੱਤੇ ਵੀ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਾਂ। ਇੱਕ ਸਾਲ ਪਹਿਲਾਂ ਦੇ ਮੁਕਾਬਲੇ ਜਨਵਰੀ ਵਿੱਚ ਘਰਾਂ ਦੀ ਵਿੱਕਰੀ 0.4 ਫੀ ਸਦੀ ਨਾਲ ਵੱਧ ਸੀ, ਇਸ ਪੱਖੋਂ ਬ੍ਰਿਟਿਸ਼ ਕੋਲੰਬੀਆ ਤੇ ਕੈਲਗਰੀ ਵਿੱਚ ਹਾਲਾਤ ਕਾਫੀ ਸਾਜ਼ਗਾਰ ਰਹੇ ਪਰ ਓਨਟਾਰੀਓ, ਕਿਊਬਿਕ ਤੇ ਮੈਰੀਟਾਈਮਜ਼ ਵਿੱਚ ਘਰਾਂ ਦੀ ਵਿੱਕਰੀ ਘੱਟ ਰਹੀ। ਦੂਜੇ ਪਾਸੇ ਘਰਾਂ ਦੀਆਂ ਕੀਮਤਾਂ ਦਿਨੋਂ ਦਿਨ ਵੱਧ ਰਹੀਆਂ ਹਨ। ਜਨਵਰੀ ਵਿੱਚ ਕੌਮੀ ਪੱਧਰ ਉੱਤੇ ਘਰ ਦੀ ਔਸਤ ਕੀਮਤ 388,553 ਡਾਲਰ ਰਹੀ। ਜਨਵਰੀ 2013 ਦੇ ਮੁਕਾਬਲੇ ਇਹ ਵਾਧਾ 9.5 ਫੀ ਸਦੀ ਰਿਹਾ।

Facebook Comment
Project by : XtremeStudioz