Close
Menu

ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸੱਜਣ ਆਉਣਗੇ ਭਾਰਤ

-- 09 April,2017

ਟੋਰਾਂਟੋ/ਨਵੀਂ ਦਿੱਲੀ— ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬੀ ਮੂਲ ਦੇ ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਭਾਰਤ ਦੌਰੇ ‘ਤੇ ਆ ਰਹੇ ਹਨ। ਸੱਜਣ 17 ਅਪ੍ਰੈਲ ਨੂੰ ਭਾਰਤੀ ਰੱਖਿਆ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਦੋਵੇਂ ਦੇਸ਼ ਰੱਖਿਆ ਦੇ ਖੇਤਰ ‘ਚ ਅਹਿਮ ਵਿਸਥਾਰ ‘ਤੇ ਗੱਲਬਾਤ ਕਰਨਗੇ। ਮੌਜੂਦਾ ਸਮੇਂ ਭਾਰਤ ਅਤੇ ਕੈਨੇਡਾ ਰੱਖਿਆ, ਖੋਜ, ਵਿਗਿਆਨ ਤੇ ਤਕਨਾਲੋਜੀ ਅਤੇ ਸਮਾਜਿਕ ਖੇਤਰਾਂ ‘ਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ।
ਆਪਣੀ ਯਾਤਰਾ ਦੌਰਾਨ ਹਰਜੀਤ ਸੱਜਣ ਦਿੱਲੀ ਅਤੇ ਪੰਜਾਬ ਦਾ ਦੌਰਾ ਕਰਨਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੈਨੇਡੀਅਨ ਹਾਈ ਕਮਿਸ਼ਨਰ ਨਾਦੀਰ ਪਟੇਲ ਨੇ ਕਿਹਾ, ”ਸੱਜਣ ਦਾ ਇਹ ਦੌਰਾ ਇਸ ਨਾਲ ਸੰਬੰਧਤ ਹੈ ਕਿ ਅਸੀਂ ਆਪਣੇ ਸੰਬੰਧਾਂ ਨੂੰ ਵਿਸਥਾਰ ਦੇਣ ਲਈ ਹੋਰ ਕੀ ਕੁੱਝ ਕਰ ਸਕਦੇ ਹਾਂ? ਇਹ ਦੌਰਾ ਦੋਹਾਂ ਦੇਸ਼ਾਂ ਦੇ ਰੱਖਿਆ ਖੇਤਰ ‘ਚ ਅਹਿਮ ਯੋਗਦਾਨ ਦੇਣ ਲਈ ਹੈ।” ਕੈਨੇਡਾ ‘ਚ ਸਰਗਰਮ ਕੱਟੜਪੰਥੀ ਗਰੁੱਪਾਂ ‘ਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਵੀ ਕਾਨੂੰਨ ਤੋੜੇਗਾ ਅਤੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਖਿਲਾਫ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਤੁਰੰਤ ਕਾਰਵਾਈ ਕਰਨਗੀਆਂ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ‘ਚ ਰਹਿ ਰਹੇ ਸਿੱਖ ਭਾਈਚਾਰੇ ਦੇ ਲੋਕ ਕੈਨੇਡਾ ਦੇ ਸਮਾਜ ‘ਚ ਅਹਿਮ ਯੋਗਦਾਨ ਦੇ ਰਹੇ ਹਨ ਅਤੇ ਉਹ ਸ਼ਾਂਤੀ ਪਸੰਦ ਹਨ। ਉਨ੍ਹਾਂ ਦੱਸਿਆ ਕਿ ਦੋਹਾਂ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਵਿਚਕਾਰ ਇਕ ਵੱਖਰੀ ਬੈਠਕ ਹੋਵੇਗੀ ।
ਜ਼ਿਕਰਯੋਗ ਹੈ ਕਿ ਕੈਨੇਡਾ ‘ਚ 12 ਲੱਖ ਭਾਰਤੀ-ਕੈਨੇਡੀਅਨ ਹਨ, ਜਿਨ੍ਹਾਂ ‘ਚੋਂ ਲਗਭਗ 5 ਲੱਖ ਪੰਜਾਬੀ ਅਤੇ 3 ਲੱਖ ਗੁਜਰਾਤੀ ਹਨ। ਲਗਭਗ 1000 ਕੈਨੇਡੀਅਨ ਕੰਪਨੀਆਂ ਭਾਰਤ ਨਾਲ ਵਪਾਰ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਸੱਜਣ ਦੇ ਭਾਰਤ ਦੌਰੇ ਨੂੰ ਲੈ ਕੇ ਆਸ਼ਾਵਾਦੀ ਹਨ।

Facebook Comment
Project by : XtremeStudioz