Close
Menu

ਕੈਪਟਨ ਅਭਿਮਨਯੂ ਦੇ ਪੰਜਾਬ ਵਿਰੋਧੀ ਰਵੱਈਏ ਦਾ ਵਿਰੋਧ ਕਰਕੇ ਆਪਣੀ ਭਰੋਸੇਯੋਗਤਾ ਸਾਬਿਤ ਕਰੋ : ਸੁਖਜਿੰਦਰ ਸਿੰਘ ਰੰਧਾਵਾ ਦੀ ਅਕਾਲੀ ਲੀਡਰਸ਼ਿਪ ਨੂੰ ਵੰਗਾਰ

-- 27 December,2018

ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁਕੰਮਲ ਹੋਣਾ ਪੰਜਾਬ ਦੇ ਕਿਸਾਨਾਂ ਲਈ ਤਬਾਹੀ ਦਾ ਕਾਰਨ ਬਣੇਗਾ

ਕਾਂਗਰਸ ਕੈਪਟਨ ਅਭਿਮਨਯੂ ਦਾ ਵਿਰੋਧ ਕਰੇਗੀ

ਚੰਡੀਗੜ੍ਹ 27 ਦਸੰਬਰ :

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ, ਪੰਜਾਬ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸ਼੍ਰੋਮਣੀ ਅਕਾਲੀ ਦਲ  ਲੀਡਰਸ਼ਿਪ ਨੂੰ ਵੰਗਾਰਦਿਆਂ ਕਿਹਾ ਕਿ ਉਹ ਹਰਿਆਣਾ ਦੇ ਵਿੱਤ ਮੰਤਰੀ ਅਤੇ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਵ-ਨਿਯੁਕਤ ਇੰਚਾਰਜ ਕੈਪਟਨ ਅਭਿਮਨਯੂ ਦੇ ਪੰਜਾਬ ਵਿਰੋਧੀ ਬਿਆਨ ਦਾ ਵਿਰੋਧ ਕਰਕੇ ਪੰਜਾਬ ਅਤੇ ਇਸਦੇ ਲੋਕਾਂ ਲਈ ਆਪਣੀ ਭਰੋਸੇਯੋਗਤਾ ਸਾਬਿਤ ਕਰਨ। ਜ਼ਿਕਰਯੋਗ ਹੈ ਕਿ ਕੈਪਟਨ ਅਭਿਮਨਯੂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸਤਲੁਜ ਯਮੁਨਾ ਲਿੰਕ ਨਹਿਰ ਪ੍ਰਾਜੈਕਟ ਹਰਿਆਣਾ ਵੱਲੋਂ ਮੁਕੰਮਲ ਕੀਤਾ ਜਾਵੇਗਾ।

ਕੈਪਟਨ ਅਭਿਮਨਯੂ ਦੇ ਬਿਆਨ ਨੂੰ ਪੂਰੀ ਤਰ੍ਹਾਂ ਪੰਜਾਬ ਦੇ ਹਿੱਤਾਂ ਦੇ ਵਿਰੋਧੀ ਕਰਾਰ ਦਿੰਦਿਆਂ ਸ. ਰੰਧਾਵਾ ਨੇ ਸਵਾਲ ਕੀਤਾ ਕਿ ਅਜਿਹੀ ਮੰਗ ਕਰਨ ਵਾਲਾ ਵਿਅਕਤੀ ਪੰਜਾਬ ਦੇ ਸਿਆਸੀ ਮਾਹੌਲ ਵਿੱਚ ਕਿਵੇਂ ਕੰਮ ਕਰ ਸਕਦਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂ ਨੇ ਅਕਾਲੀਆਂ ਨੂੰ ਇਸ ਮਾਮਲੇ ਪਿੱਛੇ ਦੀ ਅਸਲੀਅਤ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਸਤਲੁਜ ਯਮੁਨਾ ਲਿੰਕ ਨਹਿਰ ਪੰਜਾਬ ਦੇ ਖੇਤੀਬਾੜੀ ਖੇਤਰ ਲਈ ਵਿਨਾਸ਼ਕਾਰੀ ਸਿੱਧ ਹੋਵੇਗਾ ਅਤੇ ਇਸਦੀ ਭੂਮੀ ਦੇ ਵੱਡੇ ਭਾਗ ਨੂੰ ਬੰਜਰ ਬਣਾ ਦੇਵੇਗਾ।

ਅਕਾਲੀ ਲੀਡਰਸ਼ਿਪ ‘ਤੇ ਤਿੱਖੇ ਹਮਲੇ ਕਰਦਿਆਂ ਸ. ਰੰਧਾਵਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਿੱਤਾਂ ਨੂੰ ਗਿਰਵੀ ਰੱਖ ਕੇ ਸਿਆਸੀ ਲਾਹਾ ਲੈਣ ਖਾਤਰ ਅਜੇ ਵੀ ਪੰਜਾਬ ਵਿਰੋਧੀ ਕਦਮ ਚੁੱਕਣ ਵਾਲੀ ਪਾਰਟੀ ਦਾ ਪੱਖ ਪੂਰ ਰਿਹਾ ਹੈ।

ਸ. ਰੰਧਾਵਾ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਕੈਪਟਨ ਅਭਿਮਨਯੂ ਦੇ ਇਸ ਸਟੈਂਡ ਦਾ ਪੂਰੀ ਤਰ੍ਹਾਂ ਵਿਰੋਧ ਕਰੇਗੀ। ਉਨ੍ਹਾਂ ਅਕਾਲੀਆਂ ਨੂੰ ਇਸ ਗੱਲ ‘ਤੇ ਪੂਰੀ ਤਰ੍ਹਾਂ ਖੁੱਲ੍ਹ ਕੇ ਸਾਹਮਣੇ ਆਉਣ ਲਈ ਕਿਹਾ ਕਿ ਕੀ ਉਹ ਉਸ ਪਾਰਟੀ ਨਾਲ ਸਹਿਯੋਗ ਰੱਖਣ ਦੇ ਇਛੁੱਕ ਹਨ, ਜਿਸਦਾ ਆਗੂ ਪੰਜਾਬ ਦੇ ਕਿਸਾਨਾਂ ਪ੍ਰਤੀ ਆਪਣੀ ਵਿਰੋਧਤਾ ਜ਼ਾਹਿਰ ਕਰ ਰਿਹਾ ਹੈ।

Facebook Comment
Project by : XtremeStudioz