Close
Menu

ਕੈਪਟਨ ਅਮਰਿੰਦਰ ਵੱਲੋਂ ਨਵੀਂ ਪਾਰਟੀ ਬਣਾੳੁਣ ਨਾਲ ਅਕਾਲੀ ਦਲ ਨੂੰ ਫਰਕ ਨਹੀਂ ਪੈਣਾ: ਮਜੀਠੀਆ

-- 23 September,2015

ਜੈਂਤੀਪੁਰ, 23 ਸਤੰਬਰ
ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਵਿੱਚ ਪਈ ਆਪੋਧਾਪੀ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਪਾਟੋਧਾੜ ਦੀ ਸ਼ਿਕਾਰ ਕਾਂਗਰਸ ਪਾਰਟੀ ਇਕੱਲੇ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ ’ਚ ਮੂਧੇ ਮੂੰਹ ਡਿੱਗ ਚੁੱਕੀ ਹੈ  ਅਤੇ ਇਸ ਦਾ ਕੋਈ ਸਿਆਸੀ ਭਵਿੱਖ ਨਹੀਂ ਹੈ। ਸ੍ਰੀ ਮਜੀਠੀਆ ਅੱਜ ਇੱਥੇ ਹਲਕਾ ਮਜੀਠਾ ਦੇ ਪਿੰਡ ਸਰਹਾਲਾ ਵਿਖੇ ਉਦਾਸੀ ਸੰਪਰਦਾ ਦੇ ਮੋਢੀ ਬਾਬਾ ਸ੍ਰੀ ਚੰਦ ਦੇ 541ਵੇਂ ਪ੍ਰਕਾਸ਼ ਦਿਹਾੜੇ ਸਬੰਧੀ ਰੱਖੇ ਧਾਰਮਿਕ ਸਮਾਗਮ ’ਚ ਸ਼ਿਰਕਤ ਕਰਨ ਪਿਛੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ, ਨੇ ਕਿਹਾ ਕਿ ਕਾਂਗਰਸ ਪਾਰਟੀ ਅੰਦਰ ਪਿਛਲੇ ਲੰਮੇ ਸਮੇਂ ਤੋਂ ਧੁਖਦੀ ਆ ਰਹੀ ਚੌਧਰ ਦੀ ਲੜਾਈ ਦੇ ਜਨਤਕ ਹੋਣ ਨਾਲ ਇਹ ਸਪਸ਼ਟ ਹੋ ਗਿਆ ਹੈ ਕਿ ਨਾ ਤਾਂ ਕਾਂਗਰਸ ਪਾਰਟੀ ਅਤੇ ਨਾ ਹੀ ਕਾਂਗਰਸੀ ਲੀਡਰ ਪੰਜਾਬ ਦੇ ਮੁੱਦਿਆਂ ਪ੍ਰਤੀ ਕਦੀ ਗੰਭੀਰ ਹੋਏ ਹਨ ਜਿਸ ਬਾਰੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ’ਚ ਕਾਂਗਰਸ ਦੇ ਉਪ ਮੁਖੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਖ਼ੁਲਾਸੇ ਉਪਰੰਤ ਕਾਂਗਰਸ ਦਾ ਪੰਜਾਬ ਵਿਰੋਧੀ ਹੋਣ ਬਾਰੇ ਕੋਈ ਸ਼ੱਕ ਨਹੀਂ ਰਹਿ ਜਾਂਦਾ। ਸ੍ਰੀ ਮਜੀਠੀਆ ਨੇ ਕਿਹਾ ਕਿ ਸਿਖਰਾਂ ਦੀ ਅੰਦਰੂਨੀ ਧੜੇਬੰਦੀ ਨਾਲ ਜੂਝ ਰਹੀ ਕਾਂਗਰਸ ਪਾਰਟੀ ਦੇ ਦਿਨ ਪੁੱਗ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਪਾਰਟੀ ਵਿੱਚ ਤਿਕੋਣੀ ਧੜੇਬੰਦੀ ਚੱਲ ਰਹੀ ਹੈ, ਕਿਸੇ ਸਮੇਂ ਇੰਡੀਅਨ ਨੈਸ਼ਨਲ ਕਾਂਗਰਸ ਵਜੋਂ ਜਾਣੀ ਜਾਂਦੀ ਪਾਰਟੀ ਅੱਜ ਪੰਜਾਬ ਵਿਧਾਨ ਸਭਾ ਵਿੱਚ ਵੀ ਕੈਪਟਨ ਕਾਂਗਰਸ ਗਰੁੱਪ, ਬਾਜਵਾ ਗਰੁੱਪ ਅਤੇ ਰਾਹੁਲ ਗਰੁੱਪ ਵਜੋਂ ਆਪੋ ਆਪਣੀ ਸਫ਼ਬੰਦੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਆਪਸ ਵਿੱਚ ਹੀ ਚੌਧਰ ਲਈ ਲੜ ਰਹੇ ਹੋਣ ਉਨ੍ਹਾਂ ਤੋਂ ਲੋਕ ਮਸਲਿਆਂ ਨੂੰ ਹਲ ਕਰਨ ਪ੍ਰਤੀ ਕੀ ਆਸ ਕੀਤੀ ਜਾ ਸਕਦੀ ਹੈ। ਇਹੀ ਕਾਰਨ ਹੈ ਕਿ ਅੱਜ ਕਾਂਗਰਸ ਹਿੰਦੁਸਤਾਨ ਦੇ ਸਿਆਸੀ ਨਕਸ਼ੇ ਤੋਂ ਬੜੀ ਤੇਜ਼ੀ ਨਾਲ ਗਾਇਬ ਹੋ ਰਹੀ ਹੈ। ਲੋਕ ਸਭਾ ’ਚ ਕਾਂਗਰਸ ਪਾਰਟੀ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਾਈ ਕਮਾਂਡ ਵੱਲ ਵੱਟੀ ਘੂਰੀ ਅਤੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਬਾਰੇ ਕੀਤੀ ਟਿੱਪਣੀ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਕੈਪਟਨ ਦਾ ਹੀ ਨਹੀਂ ਕਾਂਗਰਸ ਦੇ ਬਹੁਤ ਸਾਰੇ ਸੀਨੀਅਰ ਆਗੂਆਂ ਦਾ ਵੀ ਇਹੀ ਵਿਚਾਰ ਹੈ ਕਿ ਰਾਹੁਲ ਗਾਂਧੀ ਬੇਸਮਝ, ਨਾਦਾਨ ਅਤੇ ਅਨਾੜੀ ਹੈ, ਜਿਸ ਕੋਲ ਕੋਈ ਵੀ ਸਿਆਸੀ ਸੂਝ ਬੂਝ ਨਹੀਂ ਹੈ।  ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾ ਲੈਣ ਨਾਲ ਵੀ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪਵੇਗਾ।  ਇਸ ਤੋਂ ਪਹਿਲਾਂ ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਮਜੀਠੀਆ ਨੇ ਸਮਾਜਕ ਬੁਰਾਈਆਂ ਨੂੰ ਜੜ੍ਹੋਂ ਉਖਾੜ ਸੁੱਟਣ ਅਤੇ  ਸੰਤਾਂ ਮਹਾਂ ਪੁਰਸ਼ਾਂ ਦੇ ਦੱਸੇ ਰਾਹ ’ਤੇ ਚਲਣ ਲਈ ਲੋਕਾਂ ਨੂੰ ਅਪੀਲ ਕੀਤੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਬਾਬਾ ਕਿਰਪਾਲ ਦਾਸ ਸਰਹਾਲਾ ਵਾਲੇ, ਬਾਬਾ ਗੁਰਦੀਪ ਸਿੰਘ ਖਜਾਲੇਵਾਲੇ, ਮੇਜਰ ਸ਼ਿਵੀ, ਪ੍ਰੋ: ਸਰਚਾਂਦ ਸਿੰਘ ਮੀਡੀਆ ਸਲਾਹਕਾਰ, ਸੁਖਵਿੰਦਰ ਸਿੰਘ ਗੋਲਡੀ, ਕੁਲਵਿੰਦਰ ਸਿੰਘ ਧਾਰੀਵਾਲ, ਗੁਰਜਿੰਦਰ ਸਿੰਘ ਟਪਈਆਂ, ਦਿਲਬਾਗ ਸਿੰਘ ਲਹਿਰਕਾ, ਪੱਪੂ ਜੈਂਤੀਪੁਰ, ਗੁਰਵੇਲ ਸਿੰਘ ਅਲਕੜੇ, ਸਰਬਜੀਤ ਸਿੰਘ ਬਾਬੋਵਾਲ, ਪ੍ਰੋ: ਪਰਮਬੀਰ ਸਿੰਘ ਮੱਤੇਵਾਲ, ਜਗੀਰ ਸਿੰਘ ਸਰਪੰਚ, ਅਜੀਤ ਸਿੰਘ ਸਰਹਾਲਾ, ਗੁਰਚਰਨ ਸਿੰਘ, ਸਤਨਾਮ ਸਿੰਘ ਅਬਦਾਲ,  ਰਤਨ ਸਿੰਘ ਫਤੂਭੀਲਾ, ਜਸਪਾਲ ਸਿੰਘ ਭੋਏ ਆਦਿ ਮੌਜੂਦ ਸਨ।

Facebook Comment
Project by : XtremeStudioz