Close
Menu

ਕੈਪਟਨ ਅਮਰਿੰਦਰ ਸਿੰਘ ਵਲੋਂ ਸ੍ਰੀ ਕਰਤਾਰਪੁਰ ਸਹਿਬ ਲਈ ਲਾਂਘਾ ਖੋਲ੍ਹਣ ਦਾ ਮੁੱਦਾ ਪਾਕਿਸਤਾਨ ਕੋਲ ਉਠਾਉਣ ਲਈ ਸੁਸ਼ਮਾ ਨੂੰ ਅਪੀਲ

-- 09 November,2018
ਚੰਡੀਗੜ੍ਹ, 09 ਨਵੰਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੇਰਾ ਬਾਬਾ ਨਾਨਕ ਤੋਂ ਸ੍ਰੀ ਕਰਤਾਰਪੁਰ ਸਹਿਬ ਤੱਕ ਲਾਂਘਾ ਖੋਲ੍ਹਣ ਦਾ ਮੁੱਦਾ ਪਾਕਿਸਤਾਨ ਸਰਕਾਰ ਕੋਲ ਉਠਾਉਣ ਲਈ ਵਿਦੇਸ਼ ਮਾਮਲਿਆਂ ਦੀ ਮੰਤਰੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਹੈ | 
ਸੁਸ਼ਮਾ ਸਵਰਾਜ ਨੂੰ ਲਿਖੇ ਇਕ ਪੱਤਰ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਸਿੱਖਾਂ ਲਈ  ਉੱਚ ਪੂਜਣਯੋਗ ਪਵਿੱਤਰ ਧਾਰਮਿਕ ਸਥਾਨ ਹੈ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਇਥੇ ਗੁਜਾਰਿਆ ਹੈ | 
ਗੁਰਦਾਸਪੁਰ ਜਿਲ੍ਹੇ ਦੇ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਵਾਲੇ ਪਾਸੇ ਪੱਛਮ ਵੱਲ ਤਕਰੀਬਨ 4 ਕਿਲੋਮੀਟਰ ਦੂਰ ਇਸ ਗੁਰਦੁਆਰੇ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਅੰਤਰਰਾਸ਼ਟਰੀ ਸਰਹੱਦ ਤੋਂ ਕਰਤਾਰ ਸਾਹਿਬ ਤੱਕ ਲਾਂਘੇ ਨੂੰ ਖੋਲ੍ਹਣ ਦਾ ਮੁੱਦਾ ਪਾਕਿਸਤਾਨ ਸਰਕਾਰ ਕੋਲ ਉਠਾਉਣ ਲਈ ਵਾਰ-ਵਾਰ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਹੈ | 
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਵੰਬਰ, 2019 ਵਿੱਚ ਮਨਾਏ ਜਾ ਰਹੇ 550ਵੇਂ  ਪ੍ਰਕਾਸ਼ ਪੁਰਬ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਵਿਦੇਸ਼ ਮਾਮਲਿਆਂ ਦੀ ਮੰਤਰੀ ਨੂੰ ਦੱਸਿਆ ਕਿ ਪੰਜਾਬ ਵਿਧਾਨ ਸਭਾ ਨੇ 27 ਅਗਸਤ, 2018 ਨੂੰ ਆਮ ਸਹਿਮਤੀ ਨਾਲ ਇਕ ਮੱਤਾ ਪਾਸ ਕਰਕੇ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ (ਪਾਕਿਸਤਾਨ) ਲਈ ਬਿਨਾ ਰੋਕ ਟੋਕ ਵਾਲਾ ਲਾਂਘਾ ਖੋਲ੍ਹਨ ਦੀ ਮੰਗ ਕੀਤੀ ਸੀ |  
ਗੌਰਤਲਬ ਹੈ ਕਿ ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਵੀ 20 ਅਗਸਤ, 2018 ਨੂੰ ਸੁਸ਼ਮਾ ਸਵਰਾਜ ਨੂੰ ਅਰਧ-ਸਰਕਾਰੀ ਪੱਤਰ ਲਿਖਕੇ ਇਹ ਮੁੱਦਾ ਗੁਆਂਡੀ ਦੇਸ਼ ਨਾਲ ਉਠਾਉਣ ਦੀ ਬੇਨਤੀ ਕੀਤੀ ਸੀ | 
Facebook Comment
Project by : XtremeStudioz