Close
Menu

ਕੈਪਟਨ ਅਮਰਿੰਦਰ ਸਿੰਘ ਵੱਲੋਂ ਬਲੂ ਸਟਾਰ ਓਪਰੇਸ਼ਨ ਦੌਰਾਨ ਹਰਿਮੰਦਰ ਸਾਹਿਬ ਤੋਂ ਹਟਾਈ ਗਈ ਇਤਿਹਾਸਕ ਸਮੱਗਰੀ ਵਾਪਸ ਦਿੱਤੇ ਜਾਣ ਲਈ ਰਾਜਨਾਥ ਸਿੰਘ ਨੂੰ ਪੱਤਰ

-- 06 March,2019

ਚੰਡੀਗੜ, 6 ਮਾਰਚ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਬਲੂ ਸਟਾਰ ਆਪਰੇਸ਼ਨ ਦੌਰਾਨ ਸ੍ਰੀ ਦਰਬਾਰ ਸਹਿਬ, ਅੰਮਿ੍ਰਤਸਰ ਦੀ ਲਾਇਬ੍ਰੇਰੀ ਤੋਂ ਹਟਾਈ ਗਈ ਇਤਿਹਾਸਕ ਸਮੱਗਰੀ ਤੁਰੰਤ ਵਾਪਸ ਕਰਨ ਵਾਸਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖਿਆ ਹੈ। 

ਇਸ ਮਾਮਲੇ ਵਿੱਚ ਮੰਤਰੀ ਦੇ ਦਖਲ ਦੀ ਮੰਗ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇੰਗਲੈਂਡ ਤੋਂ ਸਿੱਖ ਸੰਗਠਨਾਂ ਦੀ ਤਾਲਮੇਲ ਕਮੇਟੀ ਦੇ ਕੁਝ ਨੁਮਾਇੰਦਿਆਂ ਦਾ ਇੱਕ ਵਫ਼ਦ ਹਾਲ ਹੀ ਵਿੱਚ ਉਨਾਂ ਨੂੰ ਮਿਲਿਆ ਅਤੇ ਉਨਾਂ ਨੇ ਇੰਗਲੈਂਡ ਦੇ ਸਿੱਖ ਭਾਈਚਾਰੇ ਅਤੇ ਉੱਥੇ ਵਸੇ ਭਾਰਤੀਆਂ ਨਾਲ ਸਬੰਧਤ ਕੁਝ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਇਨਾਂ ਵਿੱਚ ਹਰਿਮੰਦਰ ਸਾਹਿਬ ਲਿਜਾਈ ਗਈ ਇਤਿਹਾਸਕ ਸਮੱਗਰੀ ਨਾਲ ਸਬੰਧਤ ਮੁੱਦਾ ਵੀ ਸ਼ਾਮਲ ਸੀ। 

ਮੁੱਖ ਮੰਤਰੀ ਨੇ ਅੱਗੇ ਲਿਖਿਆ ਹੈ ਕਿ ਪੰਜਾਬ ਸਰਕਾਰ ਵਫ਼ਦ ਵੱਲੋਂ ਉਠਾਏ ਗਏ ਮੁੱਦਿਆਂ ਦੇ ਬਾਰੇ ਢੁਕਵੇਂ ਪੱਧਰ ’ਤੇ ਪਹਿਲਾਂ ਹੀ ਵਿਚਾਰ ਚਰਚਾ ਕਰ ਰਹੀ ਹੈ। ਪਰ ਇਤਿਹਾਸਕ ਸਮੱਗਰੀ ਸ੍ਰੀ ਦਰਬਾਰ ਸਾਹਿਬ ਨੂੰ ਵਾਪਸ ਦੇਣ ਦੇ ਵਾਸਤੇ ਭਾਰਤ ਸਰਕਾਰ ਦੇ ਗ੍ਰਹਿ ਮਾਮਲਿਆਂ ਦੇ ਮੰਤਰਾਲੇ ਦੇ ਦਖਲ ਦੀ ਜ਼ਰੂਰੀ ਲੋੜ ਹੈ। 

ਮੁੱਖ ਮੰਤਰੀ ਨੇ ਅੱਗੇ ਲਿਖਿਆ ਹੈ ਕਿ ਬਹੁਤ ਸਾਰਾ ਸਿੱਖ ਧਰਮ ਦੀ ਵਡਮੁੱਲੀ ਅਤੇ ਇਤਿਹਾਸਕ ਸਮੱਗਰੀ ਜੂਨ, 1984 ਵਿੱਚ ਸੁਰੱਖਿਆ ਫੋਰਸਾਂ ਆਪਣੇ ਨਾਲ ਲੈ ਗਈਆਂ ਸਨ ਅਤੇ ਇਸ ਨੂੰ ਅਜੇ ਤੱਕ ਵਾਪਸ ਨਹੀ ਕੀਤਾ ਗਿਆ। ਸਿੱਖਾਂ ਵੱਲੋਂ ਇਸ ਮਸਲੇ ਨੂੰ ਵਾਰ-ਵਾਰ ਉਠਾਇਆ ਗਿਆ। ਇਥੋਂ ਤੱਕ ਕਿ ਪੰਜਾਬ ਸਰਕਾਰ ਨੇ ਭਾਰਤ ਸਰਕਾਰ ਨੂੰ ਇਸ ਵਿੱਚ ਦਖਲ ਦੇਣ ਦੀ ਬੇਨਤੀ ਕੀਤੀ ਤਾਂ ਜੋ ਇਸ ਇਤਿਹਾਸਕ ਸਮੱਗਰੀ ਵਾਪਸ ਸ੍ਰੀ ਦਰਬਾਰ ਸਾਹਿਬ, ਅੰਮਿ੍ਰਤਸਰ ’ਚ ਬਹਾਲ ਕਰਨ ਨੂੰ ਯਕੀਨੀ ਬਣਾਇਆ ਜਾ ਸਕੇ। 

ਮੁੱਖ ਮੰਤਰੀ ਨੇ ਇਹ ਮਾਮਲਾ ਜਲਦੀ ਹੱਲ ਕਰਨ ਵਾਸਤੇ ਸ੍ਰੀ ਰਾਜਨਾਥ ਸਿੰਘ ਤੋਂ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਸਿੱਖ ਭਾਈਚਾਰੇ ਦੀ ਲੰਮੇ ਸਮੇਂ ਤੋਂ ਲੰਬਿਤ ਪਈ ਹੋਈ ਮੰਗ ਹੈ। ਉਨਾਂ ਨੇ ਇਸ ਮਾਮਲੇ ਨੂੰ ਹੱਲ ਕਰਨ ਲਈ ਭਾਰਤ ਸਰਕਾਰ ਵਾਸਤੇ ਲੋੜੀਂਦੇ ਕਿਸੇ ਵੀ ਸਹਿਯੋਗ ਤੇ ਸਹਾਇਤਾ ਲਈ ਪੇਸ਼ਕਸ਼ ਕੀਤੀ। 

Facebook Comment
Project by : XtremeStudioz