Close
Menu

ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਗੀਆਂ ਨੂੰ ਕਾਂਗਰਸ ਤੋਂ ਬਾਹਰ ਦਾ ਰਸਤਾ ਵਿਖਾਉਣ ਦੀ ਚੇਤਾਵਨੀ

-- 08 March,2019

ਗੁਰਦਾਸਪੁਰ ਤੋਂ ਸੁਨੀਲ ਜਾਖੜ ਹੀ ਪਾਰਟੀ ਉਮੀਦਵਾਰ ਹੋਣਗੇ

ਲੋਕ ਸਭਾ ਚੋਣਾਂ ਲਈ ਕਾਂਗਰਸੀ ਉਮੀਦਵਾਰਾਂ ਦਾ ਐਲਾਨ ਇੱਕ ਹਫਤੇ ਵਿੱਚ ਹੋਵੇਗਾ

ਪਠਾਨਕੋਟ, 8 ਮਾਰਚ:

        ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਗਾਮੀ ਲੋਕ ਸਭਾ ਚੋਣਾਂ ਲਈ ਟਿਕਟ ਲੈਣ ਦੇ ਚਾਹਵਾਨਾਂ ਨੂੰ ਪਾਰਟੀ ਦੇ ਕਿਸੇ ਵੀ ਅਧਿਕਾਰਿਤ ਉਮੀਦਵਾਰ ਵਿਰੁੱਧ ਬਾਗੀ ਸੁਰ ਅਪਣਾਉਣ ’ਤੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣ ਦੀ ਚਿਤਾਵਨੀ ਦਿੱਤੀ ਹੈ।

        ਅੱਜ ਇੱਥੇ ਸ਼ਾਹਪੁਰ ਕੰਢੀ ਡੈਮ ਪ੍ਰਾਜੈਕਟ ਪੰਜਾਬ ਦੇ ਲੋਕਾਂ ਨੂੰ ਮੁੜ ਸਮਰਪਿਤ ਕਰਨ ਦੇ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਗੁਰਦਾਸਪੁਰ ਤੋਂ ਮੌਜੂਦਾ ਸੰਸਦ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੀ ਇੱਥੋਂ ਪਾਰਟੀ ਦੇ ਉਮੀਦਵਾਰ ਹੋਣਗੇ।

        ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਵੱਲੋਂ ਇੱਕ ਹਫਤੇ ਵਿੱਚ ਉਮੀਦਵਾਰਾਂ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਜੇਕਰ ਅਧਿਕਾਰਤ ਉਮੀਦਵਾਰਾਂ ਖਿਲਾਫ ਕਿਸੇ ਨੇ ਵੀ ਬਗਾਵਤ ਕੀਤੀ ਤਾਂ ਉਸ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਜਾਵੇਗਾ। ਸ਼ੇਰ ਸਿੰਘ ਘੁਬਾਇਆ ਨੂੰ ਪਾਰਟੀ ਵਿੱਚ ਕਾਂਗਰਸ ਵਿੱਚ ਸ਼ਾਮਲ ਕਰਨ ਤੋਂ ਬਾਅਦ ਪਾਰਟੀ ਅੰਦਰ ਮੱਤਭੇਦ ਪੈਦਾ ਹੋਣ ਦੀਆਂ ਰਿਪੋਰਟਾਂ ਨੂੰ ਰੱਦ ਕਰਦਿਆਂ ਉਨਾਂ ਕਿਹਾ ਕਿ ਸਾਰੇ ਵਰਕਰਾਂ ਨੂੰ ਪਾਰਟੀ ਦੀ ਲੀਹ ’ਤੇ ਚੱਲਣਾ ਹੋਵੇਗਾ ਅਤੇ ਟਿਕਟ ਮੰਗਣ ਵਾਲੇ ਕਿਸੇ ਵੀ ਵਰਕਰ ਜਾਂ ਲੀਡਰ ਨੂੰ ਉਮੀਦਵਾਰ ਬਣਾਉਣ ਦਾ ਫੈਸਲਾ ਹਾਈਕਮਾਨ ਵੱਲੋਂ ਉਸ ਦੀ ਜੇਤੂ ਸਮਰਥਾ ਨੂੰ ਆਧਾਰ ਬਣਾ ਕੇ ਲਿਆ ਜਾਵੇਗਾ। ਉਨਾਂ ਕਿਹਾ ਕਿ ਜੇਕਰ ਕੋਈ ਹਾਈਕਮਾਨ ਦੇ ਫੈਸਲੇ ਵਿਰੁੱਧ ਜਾਵੇਗਾ ਤਾਂ ਉਸ ਨੂੰ ਤੁਰੰਤ ਪਾਰਟੀ ਤੋਂ ਚਲਦਾ ਕਰ ਦਿੱਤਾ ਜਾਵੇਗਾ।

        ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਮੁੜ ਦੋਹਰਾਇਆ ਕਿ ਬੇਅਦਬੀ ਦੀਆਂ ਘਟਨਾਵਾਂ ਅਤੇ ਇਸ ਤੋਂ ਬਾਅਦ ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਵਾਪਰੇ ਗੋਲੀ ਕਾਂਡ ਵਿੱਚ ਸ਼ਾਮਲ ਕਿਸੇ ਵੀ ਦੋਸ਼ੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ ਐਸ.ਆਈ.ਟੀ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਉਸ ਵੱਲੋਂ ਆਪਣੀ ਰਿਪੋਰਟ ਸੌਂਪਣ ਤੋਂ ਬਾਅਦ ਦੋਸ਼ੀਆਂ ਵਿਰੁੱਧ ਢੁਕਵੀ ਕਾਰਵਾਈ ਕੀਤੀ ਜਾਵੇਗੀ।

        ਅੰਮਿ੍ਰਤਸਰ ਵਿੱਚ ਨਸ਼ੇ ਦੀ ਬਹੁਤਾਤ ਨਾਲ ਹੋਈਆਂ ਮੌਤਾਂ ਬਾਰੇ ਪੁੱਛੇ ਜਾਣ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਘਟਨਾ ਨੂੰ ਮੰਦਭਾਗੀ ਦੱਸਦਿਆਂ ਆਖਿਆ ਕਿ ਅਜਿਹੇ ਬਹੁਤ ਸਾਰੇ ਮਾਮਲੇ ਨਸ਼ੀਲੀਆਂ ਦਵਾਈਆਂ ਦੀ ਮਿਲਾਵਟ ਦੀ ਖਪਤ ਨਾਲ ਵਾਪਰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਇਸ ਵਿਰੁੱਧ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਉਪਰਾਲੇ ਕਰ ਰਹੀ ਹੈ ਅਤੇ ਇੱਥੋਂ ਤੱਕ ਕਿ ਸੂਬੇ ਵਿੱਚ ਨਸ਼ਿਆਂ ਦੀ ਲਾਹਨਤ ਦੇ ਖਾਤਮੇ ਲਈ ਸਖਤ ਕਦਮ ਚੁੱਕ ਰਹੀ ਹੈ।

Facebook Comment
Project by : XtremeStudioz