Close
Menu

ਕੈਪਟਨ ਤੇ ਜੋਸ਼ੀ ਨੇ ਅਾਹਮੋ-ਸਾਹਮਣੇ ੲਿੱਕੋ ਸੜਕ ਦੇ ਰੱਖੇ ਨੀਂਹ ਪੱਥਰ

-- 10 July,2015

ਅੰਮ੍ਰਿਤਸਰ, ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਢਪਈ ਰੋਡ ’ਤੇ ਅਜਿਹੀ ਵਿਵਾਦਿਤ ਸੜਕ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਹੈ, ਜਿਸ ਦਾ ਡੇਢ ਮਹੀਨਾ ਪਹਿਲਾਂ ਹੀ ਪੰਜਾਬ ਦੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਵੱਲੋਂ ਨੀਂਹ ਪੱਥਰ ਰੱਖਿਆ ਜਾ ਚੁੱਕਿਅਾ ਹੈ। ਸਾਬਕਾ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੂਬੇ ਵਿੱਚ ਕਾਂਗਰਸ ਸਰਕਾਰ ਆਉਣ ’ਤੇ ਬੱਸ ਰੈਪਿਡ ਟਰਾਂਸਪੋਰਟ ਸਿਸਟਮ ਯੋਜਨਾ ਹੇਠ ਹੋ ਰਹੇ ਵਿੱਤੀ ਘਪਲੇ ਦੀ ਜਾਂਚ ਕਰਵਾਈ ਜਾਵੇਗੀ। ਆਪਣੇ ਦੋ ਰੋਜ਼ਾ ਦੌਰੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਵੇਰੇ ਇੱਥੇ ਢਪਈ ਰੋਡ ’ਤੇ ਇੱਕ ਸੜਕ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਹੈ। ਉਹ ਵਿਧਾਇਕ ਓ.ਪੀ. ਸੋਨੀ ਤੇ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਦੇ ਘਰ ਵੀ ਗਏ, ਜਿਥੇ ੳੁਨ੍ਹਾਂ ਨੇ ਵਰਕਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਆਪਣੇ ਸੰਸਦੀ ਦਫਤਰ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ। ਇਸ ਮੌਕੇ ਬਟਾਲਾ ਰੋਡ ਵਾਸੀ ਅਤੇ ਕੁਝ ਕਾਂਗਰਸੀ ਆਗੂਆਂ ਨੇ ਉਨ੍ਹਾਂ ਨੂੰ ਬੀਆਰਟੀਐਸ ਯੋਜਨਾ ਹੇਠ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਲਈ ਆਖਿਆ। ਉਹ ਚੱਲ ਰਹੇ ਕੰਮ ਨੂੰ ਦੇਖਣ ਗਏ ਅਤੇ ਅਧੂਰੇ ਕੰਮਾਂ ਵਾਲੀਅਾਂ ਥਾਵਾਂ ਦਾ ਨਿਰੀਖਣ ਕੀਤਾ। ਉਨ੍ਹਾਂ ਆਖਿਆ ਕਿ ਬੀਆਰਟੀਐਸ ਯੋਜਨਾ ਦੇ ਚੱਲ ਰਹੇ ਕੰਮ ਸਬੰਧੀ ਸ਼ਿਕਾਇਤਾਂ ਆ ਰਹੀਆਂ ਹਨ ਅਤੇ ਮੌਜੂਦਾ ਸਥਿਤੀ ਤੋਂ ਇਹੀ ਪ੍ਰਤੀਤ ਹੁੰਦਾ ਹੈ ਕਿ ਵੱਡਾ ਘਪਲਾ ਹੋ ਰਿਹਾ ਹੈ, ਜੋ ਕਿ ਜਨਤਾ ਦੇ ਪੈਸਿਆਂ ਦੀ ਦੁਰਵਰਤੋਂ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਹੁੰਦਿਅਾਂ ਅੰਮ੍ਰਿਤਸਰ ਨੂੰ ਜਵਾਹਰ ਲਾਲ ਨਹਿਰੂ ਸ਼ਹਿਰੀ ਨਵੀਨੀਕਰਨ ਮਿਸ਼ਨ ਵਿੱਚ ਸ਼ਾਮਲ ਕਰਾਇਆ ਸੀ, ਜਿਸ ਤਹਿਤ ਅਜਿਹੇ ਵਿਕਾਸ ਕਾਰਜਾਂ ਲਈ ਵੱਡੀਆਂ ਗ੍ਰਾਂਟਾਂ ਦੀ ਮਨਜ਼ੂਰੀ ਮਿਲੀ ਸੀ ਪਰ ਅਕਾਲੀ ਸਰਕਾਰ  ਨੇ ਇਨ੍ਹਾਂ ਯੋਜਨਾਵਾਂ ਨੂੰ ਠੰਢੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਕਾਂਗਰਸ ਸਰਕਾਰ ਆਉਣ ’ਤੇ ਅਜਿਹੇ ਰੁਕੇ ਹੋਏ ਸਾਰੇ ਵਿਕਾਸ ਕੰਮ ਪਹਿਲ ਦੇ ਆਧਾਰ ’ਤੇ ਪੂਰੇ ਕਰਾਏ ਜਾਣਗੇ।  ਇਸ ਤੋਂ ਪਹਿਲਾਂ ਵਿਵਾਦਿਤ ਸੜਕ ਦੀ ਉਸਾਰੀ ਦਾ ਨੀਂਹ ਪੱਥਰ ਰੱਖਣ ਸਮੇਂ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਆਖਿਆ ਕਿ ਇਹ ਸੜਕ ਸੰਸਦ ਮੈਂਬਰ ਦੇ ਅਖ਼ਤਿਆਰੀ ਕੋਟੇ ਵਿੱਚੋਂ ਮਿਲੀ 21 ਲੱਖ ਰੁਪਏ ਦੀ ਗ੍ਰਾਂਟ ਨਾਲ ਬਣਾਈ ਜਾ ਰਹੀ ਹੈ ਪਰ ਕੁਝ ਸ਼ਰਾਰਤੀ ਲੋਕਾਂ ਨੇ ਇੱਥੇ ਕਿਸੇ ਹੋਰ ਦੇ ਨਾਂ ਦਾ ਨੀਂਹ ਪੱਥਰ ਲਾ ਦਿੱਤਾ ਹੈ। ਇਸ ਸਬੰਧੀ ਉਹ ਪਹਿਲਾਂ ਵੀ ਇਤਰਾਜ਼ ਪ੍ਰਗਟਾ ਚੁੱਕੇ ਹਨ। ਉਨ੍ਹਾਂ ਆਖਿਆ ਕਿ ਅੱਜ ਸੜਕ ਦੀ ਉਸਾਰੀ ਸਬੰਧੀ ਅਸਲੀ ਨੀਂਹ ਪੱਥਰ ਰੱਖਿਆ ਗਿਆ ਹੈ ਜਦੋਂਕਿ ਪਹਿਲਾਂ ਰੱਖਿਆ ਗਿਆ ਨੀਂਹ ਪੱਥਰ ਸਿਰਫ ਗਲੀਆਂ ਦੀ ਉਸਾਰੀ ਲਈ ਹੈ। ਜਦੋਂ ਉਨ੍ਹਾਂ ਨੂੰ ਦੱਸਿਆ ਕਿ ਅਨਿਲ ਜੋਸ਼ੀ ਵੱਲੋਂ ਰੱਖੇ ਗਏ ਨੀਂਹ ਪੱਥਰ ’ਤੇ ਸੜਕ ਦੀ ਉਸਾਰੀ ਦਾ ਜ਼ਿਕਰ ਵੀ ਹੈ ਤਾਂ ਉਨ੍ਹਾਂ ਆਖਿਆ ਕਿ ਇਸ ਪੱਥਰ ਨੂੰ ਹਟਾਉਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਅੱਜ ਇੱਥੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਰੱਖੇ ਗਏ ਨੀਂਹ ਪੱਥਰ ਕਾਰਨ ਹੁਣ ਦੋਵੇਂ ਨੀਂਹ ਪੱਥਰ 20 ਗਜ਼ ਦੀ ਦੂਰੀ ’ਤੇ ਇੱਕ ਦੂਜੇ ਦੇ ਆਹਮੋ ਸਾਹਮਣੇ ਲੱਗ ਗਏ ਹਨ।

Facebook Comment
Project by : XtremeStudioz