Close
Menu

ਕੈਪਟਨ ਤੇ ਬਾਦਲਾਂ ਨੇ ਇੱਕ-ਦੂਜੇ ਨੂੰ ਗ਼ੱਦਾਰ-ਗ਼ੱਦਾਰ ਮਸੇਰੇ ਭਾਈ ਸਾਬਤ ਕੀਤਾ-ਭਗਵੰਤ ਮਾਨ

-- 18 April,2019

ਨੂਰਾ ਕੁਸ਼ਤੀ ਖੇਡ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਬਾਦਲ ਤੇ ਕੈਪਟਨ
ਜਨਰਲ ਡਾਇਰ ਦੇ ਮਾਮਲੇ ‘ਚ ਦੋਵੇਂ ਖ਼ਾਨਦਾਨ ਮੁਆਫ਼ੀ ਮੰਗਣ

ਚੰਡੀਗੜ੍ਹ, 18 ਅਪ੍ਰੈਲ, 2019
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਜੱਲਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਅਤੇ ਜਨਰਲ ਡਾਇਰ ਦੇ ਮੁੱਦੇ ‘ਤੇ ਪਟਿਆਲਾ ਦਾ ਸ਼ਾਹੀ ਖ਼ਾਨਦਾਨ ਅਤੇ ਬਾਦਲਾਂ ਨਾਲ ਸੰਬੰਧਿਤ ਮਜੀਠੀਆ ਖ਼ਾਨਦਾਨ ‘ਗ਼ੱਦਾਰ’ ਦੀ ਸੂਚੀ ‘ਚ ਸ਼ਾਮਲ ਹਨ। ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਹਾਲੀਆ ਸ਼ਬਦੀ ਜੰਗ ਨੇ ਖ਼ੁਦ ਹੀ ਇੱਕ ਦੂਜੇ ਦੇ ਪੁਰਖਿਆਂ ਨੂੰ ਗ਼ੱਦਾਰ ਸਾਬਤ ਕਰ ਦਿੱਤਾ ਹੈ।
‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਆਪਣੇ ਪੁਰਖਿਆਂ ਦੀ ਗ਼ੱਦਾਰੀ ਦਾ ਦਾਗ਼ ਮੁਆਫ਼ੀ ਮੰਗ ਕੇ ਧੋਣ।
ਭਗਵੰਤ ਮਾਨ ਨੇ ਕਿਹਾ ਕਿ ਦੋਵੇਂ ਪਰਿਵਾਰਾਂ ਨੇ ਇੱਕ ਦੂਜੇ ਬਾਰੇ ਚੰਗੀ ਤਰ੍ਹਾਂ ਦੱਸ ਦਿੱਤਾ ਹੈ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ‘ਚ ਉਨ੍ਹਾਂ ਦੇ ਪੁਰਖੇ ਇੱਕ-ਦੂਜੇ ਤੋਂ ਵੱਡੇ ਗ਼ੱਦਾਰ ਸਨ।
ਭਗਵੰਤ ਮਾਨ ਨੇ ਕਿਹਾ ਕਿ ਜੇਕਰ ਪੁਰਖੇ ਗ਼ੱਦਾਰ ਸਨ ਤਾਂ ਇਨ੍ਹਾਂ ਨੇ ਵੀ ਘੱਟ ਨਹੀਂ ਗੁਜ਼ਾਰੀ। ਪਿਛਲੇ ਢਾਈ ਦਹਾਕਿਆਂ ਤੋਂ ਦੋਵੇਂ ਖ਼ਾਨਦਾਨ ਵਾਰੀ ਬੰਨ੍ਹ ਕੇ ਸੱਤਾ ਭੋਗਦੇ ਆ ਰਹੇ ਹਨ ਅਤੇ ਉਦੋਂ ਤੋਂ ਹੀ ਪੰਜਾਬ ਆਰਥਿਕ, ਸਮਾਜਿਕ, ਧਾਰਮਿਕ ਤੌਰ ‘ਤੇ ਪੂਰੀ ਤਰ੍ਹਾਂ ਨਿਘਾਰ ਦਿੱਤਾ ਹੈ।
2004 ਤੱਕ ਜਿਸ ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨੀ ‘ਚ ਇੱਕ ਨੰਬਰ ‘ਤੇ ਸੀ ਅੱਜ ਦੇਸ਼ ‘ਚੋਂ 16ਵੇਂ ਨੰਬਰ ‘ਤੇ ਚੱਲਿਆ ਗਿਆ ਹੈ। ਕਿਸਾਨ ਇੱਕ ਲੱਖ ਕਰੋੜ ਅਤੇ ਸੂਬਾ ਸਵਾ 2 ਲੱਖ ਕਰੋੜ ਦਾ ਕਰਜ਼ਾਈ ਕਰ ਦਿੱਤਾ ਹੈ। ਬੇਰੁਜ਼ਗਾਰੀ ਦੀ ਝੰਬੀ ਜਵਾਨੀ ਜਾ ਦੇਸ਼ ਛੱਡ ਕੇ ਵਿਦੇਸ਼ ਭੱਜ ਰਹੀ ਹੈ ਜਾਂ ਨਸ਼ਿਆਂ ਦੀ ਚਪੇਟ ‘ਚ ਆ ਗਈ ਹੈ।
ਸਰਕਾਰੀ ਸਿੱਖਿਆ ਅਤੇ ਸਿਹਤ ਸੇਵਾਵਾਂ ਹਾਸ਼ੀਏ ‘ਤੇ ਚਲੇ ਗਏ ਹਨ। ਧਰਮ ਦੇ ਨਾਂ ‘ਤੇ ਜਨਤਾ ‘ਚ ਫ਼ਿਰਕੂ ਨਫ਼ਰਤ ਫੈਲਾਈ ਜਾ ਰਹੀ ਹੈ। ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਵਾਈ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਬਚਾਉਣ ਲਈ ਹੁਣ ਪੰਥ ਅਤੇ ਪੰਜਾਬ ਨਾਲ ਵੀ ਗ਼ੱਦਾਰੀ ਕੀਤੀ ਜਾ ਰਹੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਬਰਬਾਦੀ ਦੀ ਇਸ ਕਾਗਾਰ ‘ਤੇ ਲਿਆਉਣ ਲਈ ਕੈਪਟਨ -ਬਾਦਲ- ਮਜੀਠੀਆ ਖ਼ਾਨਦਾਨ ਇੱਕ ਦੂਜੇ ਤੋਂ ਵੱਧ ਕੇ ਜ਼ਿੰਮੇਵਾਰ ਹਨ।
ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਕੈਪਟਨ ਅਤੇ ਬਾਦਲ-ਮਜੀਠੀਆ ਖ਼ਾਨਦਾਨ ਇੱਕ ਦੂਜੇ ਦੇ ਗ਼ੱਦਾਰ ਕਹਿ ਕੇ ਨੂਰਾ ਕੁਸ਼ਤੀ ਖੇਡ ਰਹੇ ਹਨ, ਜਦੋਂਕਿ ਅੰਦਰੋਂ ਆਪਸ ‘ਚ ਉਸੇ ਤਰ੍ਹਾਂ ਮਿਲੇ ਹੋਏ ਹਨ, ਜਿਵੇਂ ਗ਼ੱਦਾਰ-ਗ਼ੱਦਾਰ, ਮਸੇਰੇ ਭਾਈ ਹੁੰਦੇ ਹਨ।

Facebook Comment
Project by : XtremeStudioz