Close
Menu

ਕੈਪਟਨ ਵੱਖਰੀ ਪਾਰਟੀ ਬਣਾਉਣ ਸਬੰਧੀ ਸਥਿਤੀ ਸਪੱਸ਼ਟ ਕਰਨ: ਬਾਜਵਾ

-- 04 October,2015

ਪਟਿਆਲਾ, 4 ਅਕਤੂਬਰ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੱਖਰੀ ਪਾਰਟੀ ਬਣਾਉਣ ਦੀਆਂ ਕਿਆਸਰਾਈਆਂ ’ਤੇ ਟਿੱਪਣੀ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਇੱਥੇ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਸਬੰਧੀ ਸਥਿਤੀ ਸਪੱਸ਼ਟ ਕਰਨ ਲੲੀ ਕਿਹਾ| ਪੰਜਾਬ ਕਾਂਗਰਸ ਵਿਚਲੇ ਵਿਵਾਦ ਬਾਰੇ ਉਨ੍ਹਾਂ ਕਿਹਾ ਕਿ ਇਹ ਹਾਈ ਕਮਾਨ ਨੇ ਵੇਖਣਾ ਹੈ। ਪਾਰਟੀ ਦਾ ਜੋ ਵੀ ਹੁਕਮ ਹੋਵੇਗਾ, ਉਨ੍ਹਾਂ ਲਈ ਸਿਰ ਮੱਥੇ ਹੋਵੇਗਾ|
ਉਹ ਅੱਜ ਇੱਥੇ ਸੇਵਾਮੁਕਤ ਡੀਆਈਜੀ ਹਰਿੰਦਰ ਸਿੰਘ ਚਾਹਲ ਦੀ ਮਾਤਾ ਅਤੇ ਫਿਲਮੀ ਅਦਾਕਾਰ ਗੁਲਜ਼ਾਰ ਇੰਦਰ ਸਿੰਘ ਚਹਿਲ ਦੇ ਦਾਦੀ ਦਲੀਪ ਕੌਰ ਦੇ ਅਕਾਲ ਚਲਾਣੇ ’ਤੇ ਪਰਿਵਾਰ ਨਾਲ ਦੁਖ ਪ੍ਰਗਟ ਕਰਨ ਲਈ ਇਥੇ ਬਡੂੰਗਰ ਸਥਿਤ ੳੁਨ੍ਹਾਂ ਦੇ ਘਰ ਪੁੱਜੇ ਹੋਏ ਸਨ| ਸ੍ਰੀ ਬਾਜਵਾ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਜਿਵੇਂ ਅਮਰਿੰਦਰ ਸਿੰਘ ਵੱਲੋਂ ਵੱਖਰੀ ਪਾਰਟੀ ਬਣਾਉਣ ਦੀ ਚਰਚਾ ਜ਼ੋਰਾਂ ’ਤੇ ਹੈ, ਇਸ ਬਾਬਤ ਉਨ੍ਹਾਂ ਨੂੰ ਵੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ| ਇਸੇ ਦੌਰਾਨ ‘ਆਪ’ ਦੀਆਂ ਰੈਲੀਆਂ ਵਿੱਚ ਹੋ ਰਹੇ ਵੱਡੇ ਇਕੱਠਾਂ ਬਾਰੇ ਸ੍ਰੀ ਬਾਜਵਾ ਨੇ ਕਿਹਾ ਕਿ ਹਾਲ ਦੀ ਘੜੀ ਇਹ ਧਿਰ ਇਕੱਠਾਂ ਤੱਕ ਹੀ ਸੀਮਤ ਹੈ, ਕਿਉਂਕਿ ਕਿਸੇ ਵੀ ਨਵੀਂ ਚੀਜ਼ ਨੂੰ ਵੇਖਣ ਲਈ ਉਤਸ਼ਾਹ ਵਿੱਚ ਆ ਜਾਣਾ ਪੰਜਾਬ ਦੇ ਲੋਕਾਂ ਦਾ ਸੁਭਾਅ ਹੈ| ‘ਆਪ’ ਤੋਂ ਕਾਂਗਰਸ ਨੂੰ ਚੁਣੌਤੀ ਬਾਰੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਿਅਾਸਤ ਵਿੱਚ ਦੂਜਿਆਂ ਨੂੰ ਚੁਣੌਤੀ ਮੰਨ ਕੇ ਚੱਲਣ ਵਾਲਾ ਹੀ ਹਮੇਸ਼ਾ ਕਾਮਯਾਬ ਹੁੰਦਾ ਹੈ| ਪਰ ਜਿਵੇਂ ‘ਆਪ’ ਦੀ ਸਰਕਾਰ ਦਿੱਲੀ ਵਿੱਚ ਅਸਫਲ ਸਿੱਧ ਹੋ ਰਹੀ ਹੈ ਤੇ ‘ਆਪ’ ਦੀ ਲੜਾਈ ਵੀ ਸਿਖਰਾਂ ‘ਤੇ ਹੈ, ਅਜਿਹੇ ਹਾਲਾਤ ‘ਆਪ’ ਦੇ ਚੋਣਾਂ ਤੋਂ ਪਹਿਲਾਂ ਹੀ ਬਿਖਰ ਜਾਣ ਦੀ ਹਾਮੀ ਭਰਦੇ ਹਨ| ਅਕਾਲੀ-ਭਾਜਪਾ ਸਰਕਾਰ ਬਾਰੇ ਉਨ੍ਹਾਂ ਕਿਹਾ ਕਿ ਲੋਕ ਤੀਜੀ ਵਾਰ ਅਕਾਲੀਆਂ ਨੂੰ ਸੱਤਾ ਸੌਂਪਣ ਦੀ ਗ਼ਲਤੀ ਨਹੀਂ ਕਰਨਗੇ|
ਇਸ ਮੌਕੇ ਕਾਂਗਰਸ ਆਗੂ ਭੁਪਿੰਦਰ ਸਿੰਘ ਬਧੌਛੀ, ਐਡਵਕੇਟ ਗੁਰਿੰਦਰ ਸਿੰਘ ਢਿੱਲੋਂ, ਕਾਂਗਰਸ ਛੱਡ ਕੇ ਹਾਲ ਵਿੱਚ ‘ਆਪ’ ਵਿੱਚ ਸ਼ਾਮਲ ਹੋਏ ਸ਼ਰਨਜੀਤ ਸਿੰਘ ਜੋਗੀਪੁਰ ਸਮੇਤ ਕਈ ਹੋਰ ਵੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਸ੍ਰੀ ਚਹਿਲ ਦੇ ਘਰ ਪੁੱਜੇ ਹੋਏ ਸਨ|

Facebook Comment
Project by : XtremeStudioz