Close
Menu

‘‘ਕੈਪਟਨ ਸਰਕਾਰ ਦਿਓ ਰੋਜ਼ਗਾਰ’’ ਮੁਹਿੰਮ ਤਹਿਤ ਰੋਜ਼ਗਾਰ ਦੇ ਮੁੱਦੇ ‘ਤੇ ਆਮ ਆਦਮੀ ਪਾਰਟੀ ਦਾ ਯੂਥ ਵਿੰਗ 13 ਦਸੰਬਰ ਨੂੰ ਘੇਰੇਗਾ ਕੈਪਟਨ ਦਾ ਮੋਤੀ ਮਹਿਲ

-- 30 November,2018

ਰੋਜ਼ਗਾਰ ਦੇਣ ਦੀ ਥਾਂ ਬੇਰੁਜ਼ਗਾਰ ਨੌਜਵਾਨਾਂ ਨਾਲ ਮਜ਼ਾਕ ਕਰ ਰਹੇ ਹਨ ਕੈਪਟਨ ਦੇ ਮੰਤਰੀ- ਮੀਤ ਹੇਅਰ
ਪ੍ਰਾਈਵੇਟ ਯੂਨੀਵਰਸਿਟੀਆਂ ਦੇ ਪਲੇਸਮੈਂਟ ਪ੍ਰੋਗਰਾਮ ਨੂੰ ਆਪਣੀ ਉਪਲਬਧੀ ਗਿਣਾਉਣ ਦੀ ਥਾਂ ਰੋਜ਼ਗਾਰ ਦਾ ਪ੍ਰਬੰਧ ਕਰੇ ਕੈਪਟਨ ਸਰਕਾਰ -ਮਨਜਿੰਦਰ ਸਿੰਘ ਸਿੱਧੂ

ਚੰਡੀਗੜ, 30 ਨਵੰਬਰ 2018
ਚੋਣਾਂ ਤੋਂ ਪਹਿਲਾਂ ਘਰ-ਘਰ ਰੋਜ਼ਗਾਰ ਦੇਣ ਦਾ ਵਾਅਦਾ ਕਰਨ ਵਾਲੀ ਕੈਪਟਨ ਸਰਕਾਰ ਦੁਆਰਾ ਪੰਜਾਬ ਦੇ ਨੌਜਵਾਨਾਂ ਨਾਲ ਕੀਤੇ ਗਏ ਧੋਖੇ ਲਈ ਆਮ ਆਦਮੀ ਪਾਰਟੀ ਨੇ ਸਰਕਾਰ ਦੀ ਆਲੋਚਨਾ ਕੀਤੀ ਹੈ।
ਸ਼ੁੱਕਰਵਾਰ ਨੂੰ ਚੰਡੀਗੜ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਇੰਚਾਰਜ ਅਤੇ ਵਿਧਾਇਕ ਮੀਤ ਹੇਅਰ, ਪ੍ਰਧਾਨ ਮਨਜਿੰਦਰ ਸਿੰਘ ਸਿੱਧੂ, ਮਾਲਵਾ ਜ਼ੋਨ-3 ਦੇ ਪ੍ਰਧਾਨ ਕੁਲਜਿੰਦਰ ਢੀਂਡਸਾ, ਦੋਆਬਾ ਜ਼ੋਨ ਦੇ ਪ੍ਰਧਾਨ ਰੌਬੀ ਕੰਗ, ਜ਼ਿਲਾ ਪ੍ਰਧਾਨ ਸੰਗਰੂਰ ਨਰਿੰਦਰ ਕੌਰ ਭਰਾਜ ਅਤੇ ਹੋਰ ਆਗੂਆਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਅਨੇਕਾਂ ਵਾਅਦੇ ਕੀਤੇ ਸਨ ਪਰੰਤੂ ਉਨਾਂ ਵਿਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ।
ਮੀਤ ਹੇਅਰ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਪੰਜਾਬ ਦੀ ਹਰ ਦੀਵਾਰ ‘ਤੇ ਲਿਖ ਕੇ ਵਾਅਦਾ ਕੀਤਾ ਸੀ ਕਿ ਚੋਣਾਂ ਤੋਂ ਬਾਅਦ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਕਾਰਜ ਆਰੰਭਿਆ ਜਾਵੇਗਾ ਪਰੰਤੂ ਸਰਕਾਰ ਬਣਨ ਤੋਂ ਬਾਅਦ ਕੈਪਟਨ ਇਸ ਵਾਅਦੇ ਤੋਂ ਪਲਟ ਗਏ ਹਨ। ਇਸ ਸਮੇਂ ਆਪਣੇ ਮੰਤਰੀਆਂ ਅਤੇ ਸੰਤਰੀਆਂ ਦੀ ਜੇਬਾਂ ਭਰਨ ਤੋਂ ਇਲਾਵਾ ਕੁੱਝ ਨਹੀਂ ਕਰ ਰਹੇ ਹਨ।
ਮੀਤ ਹੇਅਰ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਮੰਤਰੀ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਥਾਂ ਉਨਾਂ ਨਾਲ ਕੋਝਾ ਮਜ਼ਾਕ ਕਰ ਰਹੇ ਹਨ। ਉਨਾਂ ਕਿਹਾ ਕਿ ਕੈਬਿਨਟ ਮੰਤਰੀ ਤਿ੍ਰਪਤ ਰਜਿੰਦਰ ਬਾਜਵਾ ਦੁਆਰਾ ਇਹ ਕਹਿਣਾ ਹੈ ਕਿ ਉਨਾਂ ਦੀ ਸਰਕਾਰ ਹਰ ਕਿਸੇ ਨੂੰ ਡਿਪਟੀ ਕਮਿਸ਼ਨਰ ਕਿਵੇਂ ਲੱਗਾ ਦੇਵੇ ਤੋਂ ਸਿੱਧ ਹੁੰਦਾ ਹੈ ਕਿ ਸਰਕਾਰ ਹੁਣ ਬਹਾਨੇ ਲੱਗਾ ਕੇ ਆਪਣੇ ਵਾਅਦੇ ਤੋਂ ਪਲਟ ਰਹੀ ਹੈ। ਉਨਾਂ ਕਿਹਾ ਕਿ ਮੰਤਰੀ ਨੂੰ ਅਜਿਹਾ ਬਿਆਨ ਚੋਣਾਂ ਤੋਂ ਪਹਿਲਾਂ ਦੇਣਾ ਚਾਹੀਦਾ ਸੀ ਤਾਂ ਜੋ ਨੌਜਵਾਨ ਉਸ ਅਨੁਸਾਰ ਵੋਟਾਂ ਪਾਉਂਦੇ। ਉਨਾਂ ਕੈਬਿਨਟ ਮੰਤਰੀ ਰਜ਼ੀਆ ਸੁਲਤਾਨਾ ਦੁਆਰਾ ਨੌਜਵਾਨਾਂ ਨੂੰ ਕਬਾੜ ਵੇਚਣ ਦਾ ਕੰਮ ਕਰਨ ਅਤੇ ਮੰਤਰੀ ਬਲਬੀਰ ਸਿੱਧੂ ਦੁਆਰਾ ਮੂੰਗਫਲੀ ਵੇਚਣ ਦੀ ਸਲਾਹ ਦੇਣ ਦੀ ਵੀ ਨਿਖੇਧੀ ਕੀਤੀ।
ਮਨਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਯੂਨੀਵਰਸਿਟੀ ਪਲੇਸਮੈਂਟ ਪ੍ਰੋਗਰਾਮ ਨੂੰ ਆਪਣੇ ਰੋਜ਼ਗਾਰ ਮੇਲੇ ਦੱਸਣ ਦੀ ਥਾਂ ਕੈਪਟਨ ਅਮਰਿੰਦਰ ਨੌਕਰੀਆਂ ਦਾ ਪ੍ਰਬੰਧ ਕਰਨ ਤਾਂ ਜੋ ਪੰਜਾਬ ਦਾ ਨੌਜਵਾਨ ਵਿਦੇਸ਼ਾਂ ਵਿਚ ਜਾਣ ਦੀ ਥਾਂ ਪੰਜਾਬ ਵਿਚ ਰਹਿਣ ਨੂੰ ਤਰਜੀਹ ਦੇਵੇ। ਸਿੱਧੂ ਨੇ ਕਿਹਾ ਕਿ ਸਰਕਾਰ ਰੋਜ਼ਗਾਰ ਮੇਲਿਆਂ ਦੇ ਨਾਮ ‘ਤੇ ਕੋਝਾ ਮਜ਼ਾਕ ਕਰ ਰਹੀ ਹੈ ਅਤੇ ਉੱਚ ਸਿੱਖਿਆ ਪ੍ਰਾਪਤ ਨੌਜਵਾਨਾਂ ਨੂੰ ਕਰਿਆਨੇ ਦੀ ਦੁਕਾਨ ਜਾਂ ਕੱਪੜੇ ਦੀ ਦੁਕਾਨ ਤੇ ਨੌਕਰੀ ਪ੍ਰਦਾਨ ਕਰ ਰਹੀ ਹੈ। ਉਨਾਂ ਕਿਹਾ ਕਿ ਪਿਛਲੀ ਦਿਨੀਂ ਨੰਗਲ ਵਿਖੇ ਲੱਗੇ ਰੋਜ਼ਗਾਰ ਮੇਲੇ ਵਿਚ ਕਥੂਰੀਆ ਕਲਾਥ ਹਾੳੂਸ, ਜਸਵੀਰ ਦੀ ਹੱਟੀ ਅਤੇ ਭਾਖੜਾ ਸਰਵਿਸ ਸਟੇਸ਼ਨ ਆਦਿ ਵਰਗਿਆਂ ਦਾ ਆਉਣਾ ਸਿੱਧ ਕਰਦਾ ਹੈ ਕਿ ਸਰਕਾਰ ਸਿਰਫ਼ ਗਿਣਤੀ ਪੂਰੀ ਕਰਨ ਦੇ ਚੱਕਰ ਵਿਚ ਹੀ ਹੈ।
ਸਿੱਧੂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦਾ ਯੂਥ ਵਿੰਗ 13 ਦਸੰਬਰ ਨੂੰ ‘‘ਕੈਪਟਨ ਸਰਕਾਰ ਦਿਓ ਰੋਜ਼ਗਾਰ’’ ਪ੍ਰੋਗਰਾਮ ਦੇ ਤਹਿਤ ਨੌਕਰੀਆਂ ਦੇ ਮੁੱਦੇ ‘ਤੇ ਪਟਿਆਲਾ ਵਿਖੇ ਰੋਸ ਪ੍ਰਦਰਸ਼ਨ ਕਰੇਗਾ ਅਤੇ ਕੈਪਟਨ ਅਮਰਿੰਦਰ ਨੂੰ ਨੌਜਵਾਨਾਂ ਨਾਲ ਕੀਤਾ ਵਾਅਦਾ ਯਾਦ ਕਰਵਾਏਗਾ।

Facebook Comment
Project by : XtremeStudioz