Close
Menu

ਕੈਬਨਿਟ ਮੰਤਰੀ ‘ਤੇ ਜੁੱਤੀ ਸੁੱਟਣ ਵਾਲੇ ਖਾਲਿਸਤਾਨੀਆਂ ਨਾਲ ਸਾਡਾ ਕੋਈ ਸੰਬੰਧ ਨਹੀਂ : ਸੁਖਬੀਰ ਬਾਦਲ

-- 21 July,2015

ਬਠਿੰਡਾ-ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਨਿਊਯਾਰਕ ਵਿਚ ਕੈਬਨਿਟ ਮੰਤਰੀ ਤੋਤਾ ਸਿੰਘ ‘ਤੇ ਜੁੱਤੀ ਸੁੱਟਣ ਵਾਲੇ ਨਾ ਤਾਂ ਪੰਜਾਬੀ ਹਨ ਅਤੇ ਨਾ ਹੀ ਸਿੱਖ। ਉਹ ਲੋਕ ਖਾਲਿਸਤਾਨੀ ਹਨ ਜਿਨ੍ਹਾਂ ਦਾ ਉਨ੍ਹਾਂ ਜਾਂ ਸਿੱਖ ਕੌਮ ਨਾਲ ਕੋਈ ਸੰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਉਕਤ ਲੋਕ ਇਸ ਤਰ੍ਹਾਂ ਦੇ ਕੰਮ ਕਰਕੇ ਸਿੱਖ ਕੌਮ ਅਤੇ ਅਕਾਲੀ ਦਲ ਨੂੰ ਬਦਨਾਮ ਕਰ ਰਹੇ ਹਨ। ਸ. ਬਾਦਲ ਅੱਜ ਇਥੇ ਪ੍ਰਤਾਪ ਨਗਰ ਵਿਚ 121.97 ਕਰੋੜ ਰੁਪਏ ਦੀ ਲਾਗਤ ਨਾਲ 100 ਫੀਸਦੀ ਸੀਵਰੇਜ-ਪਾਣੀ, ਸੜਕਾਂ, ਸਟਰੀਟ ਲਾਈਟਾਂ ਆਦਿ ਮੁਹੱਈਆ ਕਰਵਾਉਣ ਲਈ ਪ੍ਰਾਜੈਕਟ ਦਾ ਨੀਂਹ-ਪੱਥਰ ਰੱਖਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕੁੱਝ ਲੋਕ ਇਸ ਤਰ੍ਹਾਂ ਦੀਆਂ ਹਰਕਤਾਂ ਕਰਕੇ ਪੰਜਾਬ ਦਾ ਨਾਂ ਬਦਨਾਮ ਕਰਦੇ ਹਨ, ਜਿਸ ਕਾਰਨ ਪੰਜਾਬੀਆਂ ਨੂੰ ਅਜਿਹੇ ਲੋਕਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਜੇਲਾਂ ਵਿਚ ਬੰਦ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਬਾਪੂ ਸੂਰਤ ਸਿੰਘ ਖਾਲਸਾ ਵਲੋਂ ਕੀਤੇ ਜਾ ਰਹੇ ਸੰਘਰਸ਼ ਬਾਰੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਉਹ ਬਾਬਾ ਸੂਰਤ ਸਿੰਘ ਖਾਲਸਾ ਦਾ ਸਨਮਾਨ ਕਰਦੇ ਹਨ ਪਰ ਜੇਲਾਂ ਵਿਚ ਬੰਦ ਸਿੱਖਾਂ ਦੀ ਰਿਹਾਈ ਇਸ ਤਰ੍ਹਾਂ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਜੇਲਾਂ ਵਿਚ ਬੰਦ ਸਿੱਖਾਂ ਦੀ ਰਿਹਾਈ ਕਾਨੂੰਨ ਅਨੁਸਾਰ ਹੀ ਹੋ ਸਕਦੀ ਹੈ ਅਤੇ ਉਹ ਅਜਿਹਾ ਕਰਕੇ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਉਲੰਘਣਾ ਨਹੀਂ ਕਰਨਾ ਚਾਹੁੰਦੇ।  ਇਸ ਮੌਕੇ ਮੁਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ, ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਸ਼ਰਮਾ, ਨਗਰ ਨਿਗਮ ਦੇ ਮੇਅਰ ਬਲਵੰਤ ਰਾਏ ਨਾਥ, ਨਗਰ ਨਿਗਮ ਕਮਿਸ਼ਨਰ ਦਲਵਿੰਦਰਜੀਤ ਸਿੰਘ, ਡਿਪਟੀ ਕਮਿਸ਼ਨਰ ਬਸੰਤ ਗਰਗ, ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਅਸ਼ੋਕ ਕੁਮਾਰ ਗੁਪਤਾ ਆਦਿ ਹਾਜ਼ਰ ਸਨ।

Facebook Comment
Project by : XtremeStudioz