Close
Menu

ਕੈਮਰੌਨ ਵੱਲੋਂ ਲੰਡਨ ‘ਚ ਗਾਂਧੀ ਦਾ ਬੁੱਤ ਲਾਉਣ ਦੀ ਵਕਾਲਤ

-- 10 January,2015

ਲੰਡਨ,  ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੇ ਲੰਡਨ ਦੇ ਮਸ਼ਹੂਰ ਪਾਰਲੀਮੈਂਟ ਸਕੁਏਅਰ ‘ਚ ਮਹਾਤਮਾ ਗਾਂਧੀ ਦਾ ਬੁੱਤ ਲਾਉਣ ਦੀ ਹਮਾਇਤ ਕੀਤੀ ਹੈ। ਪ੍ਰਧਾਨ ਮੰਤਰੀ ਨੇ ‘ਏਸ਼ੀਅਨ ਲਾਈਟ’ ਅਖ਼ਬਾਰ ਨੂੰ ਦੱਸਿਆ ਕਿ ਭਾਰਤ ਦੇ ਰਾਸ਼ਟਰਪਿਤਾ ਦਾ ਬੁੱਤ ਵਿਨਸਟਨ ਚਰਚਿਲ ਅਤੇ ਨੈਲਸਨ ਮੰਡੇਲਾ ਨਾਲ ਲਾਉਣ ਦਾ ਇਹ ਢੁੱਕਵਾਂ ਅਤੇ ਸਿਆਣਪ ਵਾਲਾ ਫੈਸਲਾ ਹੈ।
ਸ੍ਰੀ ਕੈਮਰੌਨ ਨੇ ਕਿਹਾ ਕਿ ਮਹਾਤਮਾ ਗਾਂਧੀ ਦਾ ਬੁੱਤ ਬ੍ਰਿਟਿਸ਼ ਪਾਰਲੀਮੈਂਟ ‘ਚ ਲਾਉਣ ਦੇ ਕਈ ਕਾਰਨ ਹਨ। ਉਨ੍ਹਾਂ ਮੁਤਾਬਕ ਭਾਰਤੀ ਇਤਿਹਾਸ ‘ਚ ਮਹਾਤਮਾ ਗਾਂਧੀ ਦਾ ਯੋਗਦਾਨ ਅਹਿਮ ਹੈ ਅਤੇ ਅਹਿੰਸਾ ਦਾ ਸਿਧਾਂਤ ਪੂਰੀ ਦੁਨੀਆਂ ਲਈ ਨਿਵੇਕਲਾ ਸੁਨੇਹਾ ਸੀ। ਉਨ੍ਹਾਂ ਕਿਹਾ ਕਿ ਉਹ ਗਾਂਧੀ ਵੱਲੋਂ ਪੱਤਰਕਾਰਾਂ ਨੂੰ ਦਿੱਤੇ ਗਏ ਸੁਨੇਹੇ ਨੂੰ ਹਮੇਸ਼ਾ ਯਾਦ ਰੱਖਦੇ ਹਨ, ”ਜੇਕਰ ਤੁਸੀਂ ਆਪਣੇ ਆਪ ਨੂੰ ਜਾਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਹੋਰਾਂ ਦੇ ਸੇਵਾ ‘ਚ ਜੁੱਟ ਜਾਣਾ ਚਾਹੀਦਾ ਹੈ। ਜਿਹੜਾ ਬਦਲਾਅ ਤੁਸੀਂ ਦੁਨੀਆਂ ‘ਚ ਦੇਖਣਾ ਚਾਹੁੰਦੇ ਹੋ, ਪਹਿਲਾਂ ਉਸ ਬਦਲਾਅ ਨੂੰ ਆਪਣੇ ਅੰਦਰ ਲਿਆਓ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਪਹਿਲ ਨਾਲ ਬ੍ਰਿਟੇਨ ਆਪਣੇ ਭਾਰਤ ਨਾਲ ਇਤਿਹਾਸਕ ਸਬੰਧਾਂ ਨੂੰ ਮਜ਼ਬੂਤ ਕਰ ਰਿਹਾ ਹੈ। ਉਨ੍ਹਾਂ ਬਰਤਾਨੀਆ ‘ਚ ਵਸਦੇ ਏਸ਼ਿਆਈ ਮੂਲ ਦੇ ਲੋਕਾਂ ਵੱਲੋਂ ਪਾਏ ਯੋਗਦਾਨ ਦੀ ਵੀ ਸ਼ਲਾਘਾ ਕੀਤੀ।
ਸ੍ਰੀ ਕੈਮਰੌਨ ਨੇ ਕਿਹਾ ਕਿ ਜੇਕਰ ਮਈ ‘ਚ ਚੋਣਾਂ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਬਣੀ ਤਾਂ ਉਹ ਭਾਰਤ ਨਾਲ ਆਰਥਿਕ ਰਿਸ਼ਤੇ ਹੋਰ ਮਜ਼ਬੂਤ ਕਰਨਗੇ। ਉਨ੍ਹਾਂ ਕਿਹਾ, ”ਭਾਰਤ ਦੁਨੀਆਂ ਦੀ ਉਭਰ ਰਹੀ ਇਕ ਵੱਡੀ ਤਾਕਤ ਹੈ। ਸਾਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।”
ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਆਸ ਜਤਾਈ ਕਿ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਛੇਤੀ ਹੀ ਬ੍ਰਿਟੇਨ ਦਾ ਦੌਰਾ ਕਰਨਗੇ।

Facebook Comment
Project by : XtremeStudioz