Close
Menu

ਕੈਲਗਰੀ ‘ਚ ਵੱਸਦੇ ਪਰਵਾਸੀਆਂ ਨੂੰ ਬਣਾਇਆ ਜਾ ਰਿਹੈ ਨਿਸ਼ਾਨਾ

-- 05 September,2015

ਕੈਲਗਰੀ, – ਕੈਲਗਰੀ ‘ਚ ਵੱਸਦੇ ਪਰਵਾਸੀਆਂ ਨੂੰ ਲੁੱਟਣ ਦੇ ਵੱਡੇ ਘੋਟਾਲੇ ਦਾ ਪਰਦਾਫਾਸ਼ ਹੋਇਆ ਹੈ। ਜਿਸ ਤੋਂ ਬਾਅਦ ਪੁਲਸ ਕੈਲਗਰੀ ਵਾਸੀਆਂ ਖਾਸ ਤੌਰ ‘ਤੇ ਪਰਵਾਸੀਆਂ ਨੂੰ ਲੁੱਟੇ ਜਾਣ ਦੇ ਤਰੀਕਿਆਂ ਪ੍ਰਤੀ ਹੋਰ ਵੀ ਚੌਕਸ ਹੋ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਕੈਨੇਡਾ ਰੈਵਨਿਊ ਏਜੰਸੀ (ਸੀ. ਆਰ. ਏ.) ਦੇ ਨਾਂ ‘ਤੇ ਕੈਲਗਰੀ ‘ਚ ਵੱਸਦੇ ਪਰਵਾਸੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਅਤੇ ਪਿੱਛਲੇ ਕੁਝ ਹਫਤਿਆਂ ਵਿਚ ਹੀ ਸੀ. ਆਰ. ਏ. ਘੋਟਾਲੇ ਦੇ ਅਜਿਹਾ 607 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਪੀੜਤਾਂ ਤੋਂ 50000 ਡਾਲਰ ਲੁੱਟੇ ਜਾ ਚੁੱਕੇ ਹਨ। ਇਸ ਘੋਟਾਲੇ ਦਾ ਪਰਦਾਫਾਸ਼ ਫਰਵਰੀ, 2015 ਵਿਚ ਹੋਇਆ।
ਜਾਣਕਾਰੀ ਮੁਤਾਬਕ ਅਪਰਾਧੀ ਪੀੜਤਾਂ ਨੂੰ ਸੀ. ਆਰ. ਏ. ਦੇ ਅਧਿਕਾਰੀ ਬਣ ਕੇ ਫੋਨ ਕਾਲ ਕਰਦੇ ਹਨ ਅਤੇ ਕਹਿੰਦੇ ਹਨ ਕਿ ਉਨ੍ਹਾਂ ਦੇ ਟੈਕਸ ਭਰਨ ਵਾਲੇ ਪਏ ਹਨ ਜਾਂ ਫਿਰ ਉਹ ਦੇਸ਼ ਵਿਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਹਨ। ਪੀੜਤਾਂ ਨੂੰ ਜੇਲ੍ਹ ਜਾਣ ਤੇ ਡਿਪੋਰਟੇਸ਼ਨ ਤੋਂ ਬਚਣ ਲਈ ਕੁਝ ਫੀਸ ਜਮਾ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਪੂਰੀ ਕਾਲ ਦੌਰਾਨ ਨਕਲੀ ਅਧਿਕਾਰੀ ਪੀੜਤ ਨੂੰ ਪ੍ਰੀਪੇਡ ਕ੍ਰੈਡਿਟ ਕਾਰਡ, ਕੈਸ਼ ਡਿਪੋਜ਼ਿਟ ਆਦਿ ਰਾਹੀਂ ਪੈਸੇ ਟਰਾਂਸਫਰ ਕਰਨ ਲਈ ਕਹਿੰਦਾ ਹੈ ਅਤੇ ਬੈਂਕ ਜਾਣ ਲਈ ਉਨ੍ਹਾਂ ਦੇ ਘਰ ਦੇ ਬਾਹਰ ਟੈਕਸੀ ਵੀ ਭਿਜਵਾ ਦਿੰਦਾ ਹੈ।
ਕਈ ਵਾਰ ਇਕ ਪੀੜਤ ਨੂੰ ਆਪਣੇ ਜਾਲ ਵਿਚ ਫਸਾਉਣ ਲਈ ਇਹ ਲੋਕ ਇਕ ਤੋਂ ਜ਼ਿਆਦਾ ਕਾਲਜ਼ ਕਰਦੇ ਹਨ। ਇਹ ਸਾਰੀਆਂ ਕਾਲਜ਼ ਕਾਲ ਸਵੂਫਿੰਗ ਸਿਸਟਮ ਰਾਹੀਂ ਓਟਾਵਾ ਦੇ ਕੋਡ ’613′ ਤੋਂ ਕੀਤੀਆਂ ਜਾਂਦੀਆਂ ਹਨ, ਜਦੋਂ ਕਿ ਇਹ ਸ਼ਾਤਿਰ ਅਪਰਾਧੀ ਦੇਸ਼ ਤੋਂ ਬਾਹਰ ਬੈਠੇ ਹੁੰਦੇ ਹਨ। ਇਨ੍ਹਾਂ ਸ਼ਾਤਿਰ ਅਪਰਾਧੀਆਂ ਦਾ ਮੁੱਖ ਨਿਸ਼ਾਨਾ ਨਵੇਂ ਕੈਨੇਡੀਅਨ ਹੁੰਦੇ ਹਨ। ਪੁਲਸ ਨੇ ਲੋਕਾਂ ਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਅਜਿਹੇ ਕਿਸੇ ਮਾਮਲੇ ਵਿਚ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ ਤਾਂ ਉਹ ਤੁਰੰਤ ਉਨ੍ਹਾਂ ਨਾਲ ਕੈਲਗਰੀ ਪੁਲਸ ਦੇ ਨਾਨ ਐਮਰਜੈਂਸੀ ਨੰਬਰ 403-266-1234 ‘ਤੇ ਸੰਪਰਕ ਕਰਕੇ ਜਾਣਕਾਰੀ ਦੇਣ। ਤਾਂ ਜੋ ਲੋਕਾਂ ਦੀ ਮਿਹਨਤ ਦੀ ਕਮਾਈ ਦੇ ਪੈਸੇ ਨੂੰ ਬਚਾਇਆ ਜਾ ਸਕੇ।

Facebook Comment
Project by : XtremeStudioz