Close
Menu

ਕੈਲਗਰੀ ਦੇ ਮੈਕਾਲ ਹਲਕੇ ਦੀ ਨਾਮਜ਼ਦਗੀ ਚੋਣ ਦਾ ਨਤੀਜਾ ਰੋਕਿਆ

-- 08 April,2015

ਕੈਲਗਰੀ, ਪ੍ਰੋਗਰੈਸਿਵ ਕੰਜ਼ਰਵੇਟਿਵ (ਪੀਸੀ) ਪਾਰਟੀ ਵੱਲੋਂ ਕੈਲਗਰੀ ਦੇ ਮੈਕਾਲ ਹਲਕੇ ਲਈ ਆਪਣੀ ਉਮੀਦਵਾਰੀ ਵਾਸਤੇ ਅੱਜ ਹੋਈ ਚੋਣ ਦਾ ਨਤੀਜਾ ਘੋਸ਼ਿਤ ਨਹੀਂ ਹੋ ਸਕਿਆ। ਕੁਝ ਉਮੀਦਵਾਰਾਂ ਵਲੋਂ ਚੋਣ ਪ੍ਰਕਿਰਿਆ ਉਪਰ ਕੀਤੇ ਇਤਰਾਜ਼ਾਂ ਤੋਂ ਬਾਅਦ ਪਾਰਟੀ ਨੇ ਰਿਵੀਊ ਕਰਨ ਲਈ ਨਤੀਜਾ 72 ਘੰਟਿਆਂ ਲਈ ਰੋਕ ਲਿਆ ਹੈ। ਇਹ ਵੋਟਾਂ ਮੈਕਾਲ ਹਲਕੇ ਤੋਂ ਪੀਸੀ ਪਾਰਟੀ ਦਾ ਉਮੀਦਵਾਰ ਤੈਅ ਕਰਨ ਲਈ ਕਰਵਾਈਆਂ ਗਈਆਂ ਸਨ। ਇਸ ਨਾਮੀਨੇਸ਼ਨ ਲਈ ਛੇ ਉਮੀਦਵਾਰ ਮੈਦਾਨ ਵਿੱਚ ਸਨ।
ਅੱਜ ਜਿਉਂ ਹੀ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਇਆ ਤਾਂ ਉਮੀਦਵਾਰਾਂ ਨੇ ਘਰਾਂ ਤੋਂ ਵੋਟਰ ਢੋਹਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਰਫ਼ਤਾਰ ਜਾਂਚਣ ਲਈ ਨਾਰਥ ਈਸਟ ਸਪੋਰਟਸ ਕੰਪਲੈਕਸ ਦੇ ਬਾਹਰ ਲਾਏ ਨਾਕੇ ਕਾਰਨ ਕਈ ਕੈਲਗਰੀ ਪੁਲੀਸ ਦੇ ਅੜਿੱਕੇ ਆਏ। ਸਾਰਾ ਦਿਨ ਬਰਫ ਨੁਮਾ ਮੀਂਹ ਪੈਂਦਾ ਰਿਹਾ ਪਰ ਇਹ ਪੰਜਾਬੀਆਂ ਦੇ ਸਿਆਸੀ ਜੋਸ਼ ਨੂੰ ਮੱਠਾ ਨਹੀਂ ਕਰ ਸਕਿਆ। ਵੋਟਾਂ ਭਾਵੇਂ ਅੱਜ ਕੰਮ-ਕਾਜੀ ਦਿਨ ਪਈਆਂ ਪਰ ਫਿਰ ਵੀ ਬਹੁਤਿਆਂ ਨੇ ਛੁੱਟੀ ਕਰ ਕੇ ਚੋਣਾਂ ਵਿੱਚ ਹਿੱਸਾ ਲਿਆ।
ਸ਼ਾਮੀਂ 7 ਵਜੇ ਤੱਕ ਵੋਟਾਂ ਪੈਣ ਤੋਂ ਬਾਅਦ ਗਿਣਤੀ ਸ਼ੁਰੂ ਹੋਈ । ਪੀਸੀ ਪਾਰਟੀ ਵਲੋਂ ਨਿਯੁਕਤ ਕੀਤੇ ਗਏ ਚੋਣ ਨਿਗਰਾਨ ਸ੍ਰੀ ਕੈਲੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਮੀਦਵਾਰਾਂ ਦੇ ਇਤਰਾਜ਼ਾਂ ਉੱਪਰ ਵਿਚਾਰ ਕਰਨ ਤੋਂ ਬਾਅਦ ਹੀ ਪਾਰਟੀ ਜੇਤੂ ਉਮੀਦਵਾਰ ਦਾ ਐਲਾਨ ਕਰੇਗੀ। ਪੀਸੀ ਪਾਰਟੀ ਦੇ 2700 ਦੇ ਕਰੀਬ ਮੈਂਬਰਾਂ ਨੇ ਵੋਟਾਂ ਪਾਈਆਂ। ਦੱਸਣਯੋਗ ਹੈ ਕਿ ਪੀਸੀ ਪਾਰਟੀ ਪਿਛਲੇ ਚਾਰ ਦਹਾਕਿਆਂ ਤੋਂ ਅਲਬਰਟਾ ਦੀ ਸੱਤਾ ’ਤੇ ਕਾਬਜ਼ ਹੈ, ਜਿਸ ਕਰਕੇ ਇਸ ਪਾਰਟੀ ਦੀ ਉਮੀਦਵਾਰੀ ਲਈ ਪੂਰੀ ਟੱਕਰ ਹੁੰਦੀ ਹੈ। ਮੈਕਾਲ ਹਲਕੇ ਤੋਂ ਲਿਬਰਲ ਪਾਰਟੀ ਅਤੇ ਵਾਈਲਡ ਰੋਜ਼ ਪਾਰਟੀ ਨੇ ਆਪਣੇ ਉਮੀਦਵਾਰ ਪਹਿਲਾਂ ਹੀ ਐਲਾਨ ਦਿੱਤੇ ਹਨ। ਸੂਬਾਈ ਚੋਣਾਂ ਲਈ ਤਾਰੀਖ਼ ਦਾ ਐਲਾਨ ਛੇਤੀ ਹੋਣ ਦੀ ਸੰਭਾਵਨਾ ਹੈ।

Facebook Comment
Project by : XtremeStudioz