Close
Menu

ਕੈਵਿਨ ਓਲੀਏਰੀ ਅੱਜ ਕਰਨਗੇ ਕੰਜ਼ਰਵੇਟਿਵ ਲੀਡਰਸਿ਼ਪ ਦੌੜ ਵਿੱਚ ਸ਼ਾਮਲ ਹੋਣ ਦਾ ਐਲਾਨ

-- 18 January,2017

ਕਿਊਬਿਕ,  ਸੈਲੇਬ੍ਰਿਟੀ ਨਿਵੇਸ਼ਕ ਕੈਵਿਨ ਓਲੀਏਰੀ ਵੱਲੋਂ ਕੰਜ਼ਰਵੇਟਿਵ ਪਾਰਟੀ ਦੀ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣ ਲਈ ਬੁੱਧਵਾਰ ਨੂੰ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ।
ਇਸ ਸਬੰਧੀ ਕੈਂਪੇਨ ਮੰਗਲਵਾਰ ਨੂੰ ਕਿਊਬਿਕ ਵਿੱਚ ਫਰੈਂਚ ਭਾਸ਼ਾ ਵਿੱਚ 13 ਸੰਭਾਵੀ ਉਮੀਦਵਾਰਾਂ ਵਿੱਚ ਲੀਡਰਸਿ਼ਪ ਬਹਿਸ ਹੋਣ ਤੋਂ ਬਾਅਦ ਲਾਂਚ ਕੀਤੀ ਜਾਵੇਗੀ। ਕੈਵਿਨ ਓਲੀਏਰੀ ਨੂੰ ਕੈਨੇਡੀਅਨ ਉਨ੍ਹਾਂ ਦੇ ਟੈਲੀਵਿਜ਼ਨ ਵਿੱਚ ਅਕਸਰ ਨਜ਼ਰ ਆਉਣ ਕਾਰਨ ਜਾਣਦੇ ਹਨ। ਉਨ੍ਹਾਂ ਇੱਕ ਸਾਫਟਵੇਅਰ ਕੰਪਨੀ ਲਾਂਚ ਕੀਤੀ ਜੋ ਕਿ 4 ਬਿਲੀਅਨ ਡਾਲਰ ਤੱਕ ਕਮਾ ਰਹੀ ਹੈ। ਉਹ ਓਲੀਏਰੀ ਫੰਡਜ਼, ਓਲੀਏਰੀ ਫਾਇਨਾਂਸ਼ੀਅਲ ਗਰੁੱਪ ਤੇ ਓਲੀਏਰੀ ਫਾਈਨ ਵਾਈਨਜ਼ ਵੀ ਸ਼ੁਰੂ ਕਰ ਚੁੱਕੇ ਹਨ।
ਉਹ ਹਮੇਸ਼ਾਂ ਜਸਟਿਨ ਟਰੂਡੋ ਦੀਆਂ ਆਰਥਿਕ ਨੀਤੀਆਂ ਦੀ ਨੁਕਤਾਚੀਨੀ ਕਰਦੇ ਹਨ। ਓਲੀਏਰੀ ਅਨੁਸਾਰ ਟਰੂਡੋ ਦੀ ਅਗਵਾਈ ਵਿੱਚ ਕੈਨੇਡਾ ਦਾ ਅਰਥਚਾਰਾ ਬੁਰੀ ਤਰ੍ਹਾਂ ਟੁੱਟ ਚੁੱਕਿਆ ਹੈ। ਉਨ੍ਹਾਂ ਦਸੰਬਰ ਵਿੱਚ ਇੱਕ ਇੰਟਰਵਿਊ ਦੌਰਾਨ ਇਹ ਆਖਿਆ ਸੀ ਕਿ ਉਨ੍ਹਾਂ ਦੇ ਨੌਜਵਾਨ ਸਮਰਥਕਾਂ ਵਿੱਚੋਂ ਬਹੁਤੇ ਅਜਿਹੇ ਹਨ ਜਿਹੜੇ ਬੇਸਮੈਂਟ ਵਿੱਚ ਰਹਿੰਦੇ ਹਨ। ਉਨ੍ਹਾਂ ਇਹ ਵੀ ਆਖਿਆ ਸੀ ਕਿ ਟਰੂਡੋ ਦੀਆਂ ਸੈਲਫੀਆਂ ਤੇ ਸੰਯੁਕਤ ਰਾਸ਼ਟਰ ਦੇ ਕੰਮ ਤੋਂ ਇਹ ਸਬੂਤ ਮਿਲਦਾ ਹੈ ਕਿ ਪ੍ਰਧਾਨ ਮੰਤਰੀ ਨੂੰ ਇਹੋ ਜਿਹੇ ਲੋਕਾਂ ਦੀ ਕੋਈ ਚਿੰਤਾ ਨਹੀਂ ਹੈ।
ਸਸਕੈਚਵਨ ਦੇ ਪ੍ਰੀਮੀਅਰ ਬ੍ਰੈਡ ਵਾਲ, ਜਿਨ੍ਹਾਂ ਨੂੰ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣ ਲਈ ਕਈ ਕੰਜ਼ਰਵੇਟਿਜ਼ ਨੇ ਹੱਲਾਸੇ਼ਰੀ ਦਿੱਤੀ, ਨੇ ਆਖਿਆ ਕਿ ਉਹ ਓਲੀਏਰੀ ਦੀਆਂ ਨੀਤੀਆਂ ਸਬੰਧੀ ਪ੍ਰਸਤਾਵਾਂ ਬਾਰੇ ਹੋਰ ਸੁਣਨਾ ਚਾਹੁੰਦੇ ਹਨ ਤੇ ਇਹ ਵੀ ਜਾਨਣਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਵਾਤਾਵਰਣ ਵਿੱਚ ਹੋ ਰਹੀਆਂ ਤਬਦੀਲੀਆਂ ਬਾਰੇ ਕੀ ਖਿਆਲ ਹਨ। ਵਾਲ ਨੇ ਆਖਿਆ ਕਿ ਉਨ੍ਹਾਂ ਨੂੰ ਇਹ ਵੀ ਸੁਣਨ ਨੂੰ ਮਿਲਿਆ ਸੀ ਕਿ ਓਲੀਏਰੀ ਵੀ ਕਾਰਬਨ ਟੈਕਸ ਦੇ ਹੱਕ ਵਿੱਚ ਹਨ ਤੇ ਇਸ ਗੱਲ ਨੂੰ ਲੈ ਕੇ ਉਹ ਆਪ ਚਿੰਤਾਤੁਰ ਹਨ। ਜਿ਼ਕਰਯੋਗ ਹੈ ਕਿ ਪਿਛਲੇ ਮਹੀਨੇ ਟਰੂਡੋ ਦੀਆਂ ਵਾਤਾਵਰਣ ਵਿੱਚ ਤਬਦੀਲੀਆਂ ਸਬੰਧੀ ਸਟ੍ਰੈਟੇਜੀ ਉੱਤੇ ਦਸਤਖ਼ਤ ਕਰਨ ਤੋਂ ਇਨਕਾਰ ਕਰਨ ਵਾਲੇ ਦੋ ਪ੍ਰੀਮੀਅਰਜ਼ ਵਿੱਚੋਂ ਵਾਲ ਵੀ ਇੱਕ ਸਨ। ਵਾਲ ਨੇ ਇਹ ਵੀ ਆਖਿਆ ਕਿ ਪਾਰਟੀ ਲੀਡਰ ਲਈ ਇਹ ਜ਼ਰੂਰੀ ਹੈ ਕਿ ਉਹ ਫਰੈਂਚ ਭਾਸ਼ਾ ਉੱਤੇ ਵੀ ਚੰਗੀ ਪਕੜ ਰੱਖਦਾ ਹੋਵੇ ਤੇ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਓਲੀਏਰੀ ਇਸ ਚੁਣੌਤੀ ਦਾ ਸਾਹਮਣਾ ਕਰ ਸਕਣਗੇ।
ਇਸੇ ਦੌਰਾਨ ਲੀਡਰਸਿ਼ਪ ਉਮੀਦਵਾਰ ਐਂਡਰਿਊ ਸੈਕਸਟਨ, ਜੋ ਕਿ ਦੋਵਾਂ ਭਾਸ਼ਾਵਾਂ ਦੀ ਸਮਝ ਰੱਖਦੇ ਹਨ, ਨੇ ਆਖਿਆ ਕਿ ਉਨ੍ਹਾਂ ਦੇ ਹਿਸਾਬ ਨਾਲ ਅਗਲੇ ਆਗੂ ਨੂੰ ਫਰੈਂਚ ਭਾਸ਼ਾ ਦਾ ਗਿਆਨ ਹੋਣਾ ਜ਼ਰੂਰੀ ਹੈ। ਸੈਕਸਟਨ ਨੇ ਆਖਿਆ ਕਿ ਕੁੱਝ ਲੋਕਾਂ ਦਾ ਇਹ ਆਖਣਾ ਹੈ ਕਿ ਓਲੀਏਰੀ ਫਰੈਂਚ ਭਾਸ਼ਾ ਵਾਲੀ ਬਹਿਸ ਵਿੱਚ ਇਸ ਲਈ ਹਿੱਸਾ ਨਹੀਂ ਲੈ ਰਹੇ ਕਿਉਂਕਿ ਉਨ੍ਹਾਂ ਨੂੰ ਇਹ ਭਾਸ਼ਾ ਆਉਂਦੀ ਹੀ ਨਹੀਂ।

Facebook Comment
Project by : XtremeStudioz