Close
Menu

ਕੋਈ ਧਰਮ ਇਕ-ਦੂਜੇ ਤੋਂ ਵੱਡਾ ਨਹੀਂ: ਫਾਰੂਕ ਅਬਦੁੱਲਾ

-- 21 December,2018

ਕੋਲਕਾਤਾ, 21 ਦਸੰਬਰ
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਦੇਸ਼ ਵਿੱਚ ਬਣੇ ‘ਡਰ ਤੇ ਨਫ਼ਰਤ’ ਦੇ ਮਾਹੌਲ ’ਤੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਕੋਈ ਧਰਮ ਇਕ-ਦੂਜੇ ਤੋਂ ਵੱਡਾ ਨਹੀਂ ਹੈ। ਉਹ ਇੱਥੇ ਇਕ ਪ੍ਰੋਗਰਾਮ ਵਿੱਚ ਬੋਲ ਰਹੇ ਸਨ।
ਸ੍ਰੀ ਅਬਦੁੱਲਾ ਨੇ ਕਿਹਾ ਕਿ ਲੋਕਾਂ ਨੂੰ ਅਜਿਹਾ ਦੇਸ਼ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿੱਥੇ ਸਾਰੇ ਧਰਮਾਂ ਦਾ ਬਰਾਬਰ ਮਾਣ-ਸਨਮਾਨ ਹੋਵੇ। ‘ਮਨੁੱਖਤਾ, ਸ਼ਕਤੀ ਤੇ ਅਧਿਆਤਮਿਕਤਾ ਦਾ ਵਿਸ਼ਵ ਸੰਗਮ’ ਦੇ 11ਵੇਂ ਸੈਸ਼ਨ ’ਚ ਉਨ੍ਹਾਂ ਕਿਹਾ ਕਿ ਕੋਈ ਧਰਮ ਇਕ-ਦੂਜੇ ਤੋਂ ਵੱਡਾ ਨਹੀਂ ਹੈ। ਜਦੋਂ ਉਹ ਦੂਜਿਆਂ ਦੀਆਂ ਅੱਖਾਂ ’ਚ ਦੇਖਦੇ ਹਨ ਤਾਂ ਆਪਣੇ ਰੱਬ ਨੂੰ ਦੇਖਦੇ ਹਨ ਅਤੇ ਜਦੋਂ ਦੂਜੇ ਉਨ੍ਹਾਂ ਦੀਆਂ ਅੱਖਾਂ ’ਚ ਦੇਖਦੇ ਹਨ ਤਾਂ ਉਹ ਆਪਣੇ ਰੱਬ ਨੂੰ ਦੇਖਦੇ ਹਨ, ਇਸ ਵਾਸਤੇ ਕੋਈ ਫ਼ਰਕ ਨਹੀਂ ਹੈ। ਇਹ ਬ੍ਰਹਮੰਡ ਬਣਾਉਣ ਵਾਲਾ ਇਕ ਹੀ ਹੈ।
ਨੈਸ਼ਨਲ ਕਾਨਫ਼ਰੰਸ ਦੇ ਆਗੂ ਨੇ ਲੋਕਾਂ ਨੂੰ ਦੂਜੇ ਫਿਰਕੇ ਦੇ ਲੋਕਾਂ ਨੂੰ ਸਮਝਣ ਅਤੇ ਉਨ੍ਹਾਂ ਦਾ ਮਾਣ-ਸਨਮਾਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਅਜਿਹੇ ਭਾਰਤ ਦਾ ਨਿਰਮਾਣ ਕੀਤਾ ਹੈ ਜਿੱਥੇ ਡਰ ਅਤੇ ਨਫ਼ਰਤ ਹੈ।
ਉਨ੍ਹਾਂ ਇਕ-ਦੂਜੇ ਨਾਲ ਹਮਦਰਦੀ ਰੱਖਣ ਅਤੇ ਇਕ-ਦੂਜੇ ਦਾ ਦਰਦ ਸਮਝਣ ਦੀ ਅਪੀਲ ਕੀਤੀ। ਸ੍ਰੀ ਅਬਦੁੱਲਾ ਨੇ ਕਿਹਾ ਕਿ ਹਸਪਤਾਲ ਵਿੱਚ ਖ਼ੂਨ ਚੜ੍ਹਾਉਣ ਦੌਰਾਨ ਧਰਮ ਕੋਈ ਨਹੀਂ ਦੇਖਦਾ। ਹਿੰਦੂ, ਮੁਸਲਮਾਨ, ਸਿੱਖ, ਇਸਾਈ ਸਾਰਿਆਂ ਦੀਆਂ ਨਾੜੀਆਂ ਵਿੱਚ ਇਕ ਹੀ ਖ਼ੂਨ ਵਗਦਾ ਹੈ।

Facebook Comment
Project by : XtremeStudioz