Close
Menu

ਕੋਰੀਆ ਨੂੰ ਹਰਾ ਕੇ ਭਾਰਤੀ ਮਹਿਲਾ ਹਾਕੀ ਟੀਮ ਸੈਮੀ ਫਾਈਨਲ ’ਚ ਪੁੱਜੀ

-- 27 August,2018

ਜਕਾਰਤਾ, ਗੁਰਜੀਤ ਕੌਰ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਕੋਰੀਆ ਨੂੰ ਅੱਜ 4-1 ਨਾਲ ਹਰਾ ਕੇ 18ਵੀਆਂ ਏਸ਼ਿਆਈ ਖੇਡਾਂ ਦੀ ਹਾਕੀ ਦੇ ਸੈਮੀ ਫਾਈਨਲ ਵਿੱਚ ਥਾਂ ਬਣਾ ਲਈ ਹੈ। ਭਾਰਤ ਦੀ ਪੂਲ ‘ਬੀ’ ਵਿੱਚ ਇਹ ਲਗਾਤਾਰ ਤੀਜੀ ਜਿੱਤ ਹੈ ਅਤੇ ਉਹ ਨੌਂ ਅੰਕਾਂ ਨਾਲ ਸੂਚੀ ਵਿੱਚ ਚੋਟੀ ’ਤੇ ਆ ਗਿਆ ਹੈ। ਕੋਰੀਆ ਨੂੰ ਟੂਰਨਾਮੈਂਟ ਵਿੱਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਛੇ ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਭਾਰਤ ਨੇ ਇਸ ਤੋਂ ਪਹਿਲਾਂ ਇੰਡੋਨੇਸ਼ੀਆ ਨੂੰ 8-0 ਨਾਲ ਅਤੇ ਕਜ਼ਾਖ਼ਸਤਾਨ ਨੂੰ 21-0 ਨਾਲ ਹਰਾਇਆ ਸੀ। ਭਾਰਤ ਦਾ ਆਖ਼ਰੀ ਪੂਲ ਮੁਕਾਬਲਾ ਸੋਮਵਾਰ ਨੂੰ ਥਾਈਲੈਂਡ ਨਾਲ ਹੋਵੇਗਾ।
ਪਹਿਲੇ ਕੁਆਰਟਰ ਤੱਕ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ, ਪਰ ਦੂਜਾ ਕੁਆਰਟਰ ਸ਼ੁਰੂ ਹੁੰਦੇ ਹੀ ਨਵਨੀਤ ਕੌਰ ਨੇ 16ਵੇਂ ਮਿੰਟ ਵਿੱਚ ਪਹਿਲਾ ਗੋਲ ਦਾਗ਼ਿਆ। ਯੂਰੀਮ ਲੀ ਨੇ 21ਵੇਂ ਮਿੰਟ ਵਿੱਚ ਪੈਨਲਟੀ ਸਟ੍ਰੋਕ ’ਤੇ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਪਹਿਲੇ ਹਾਫ਼ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ ’ਤੇ ਸਨ। ਤੀਜਾ ਕੁਆਰਟਰ ਵੀ ਬਰਾਬਰੀ ’ਤੇ ਰਿਹਾ, ਭਾਰਤ ਨੇ ਆਖ਼ਰੀ ਸੱਤ ਮਿੰਟ ਵਿੱਚ ਤਿੰਨ ਗੋਲ ਕਰਕੇ ਮੈਚ ਆਪਣੇ ਪੱਖ ਵਿੱਚ ਕਰ ਲਿਆ।

Facebook Comment
Project by : XtremeStudioz