Close
Menu

ਕੋਰੀਆ ਨੇ ਜਰਮਨੀ ਵੀ ਡੋਬਿਆ

-- 28 June,2018

ਕਜ਼ਾਨ, ਕਿਮ ਯਿੰਗ ਗਿਵੋਨ ਅਤੇ ਸੋਨ ਹਿਯੁੰਗ ਮਿਨ ਦੇ ਇੰਜੁਰੀ ਟਾਈਮ ਵਿੱਚ ਦਾਗ਼ੇ ਗੋਲਾਂ ਦੀ ਮਦਦ ਨਾਲ ਏਸ਼ਿਆਈ ਟੀਮ ਦੱਖਣੀ ਕੋਰੀਆ ਨੇ ਵਿਸ਼ਵ ਕੱਪ ਦੇ ਗਰੁੱਪ ‘ਐਫ’ ਮੈਚ ਵਿੱਚ ਅੱਜ ਇੱਥੇ ਵਿਸ਼ਵ ਚੈਂਪੀਅਨ ਜਰਮਨੀ ਨੂੰ 2-0 ਗੋਲਾਂ ਨਾਲ ਹਰਾ ਕੇ ਟੂਰਨਾਮੈਂਟ ਦੇ ਪਹਿਲੇ ਗੇੜ ਤੋਂ ਹੀ ਬਾਹਰ ਕਰ ਦਿੱਤਾ। ਕੋਰੀਆ ਦੇ ਗਿਵੋਨ (90 ਪਲੱਸ ਦੋ ਮਿੰਟ) ਅਤੇ ਸੋਨ ਹਿਯੁੰਗ ਮਿਨ (90 ਪਲੱਸ ਛੇ ਮਿੰਟ) ਨੇ ਇੰਜੁਰੀ ਟਾਈਮ ਵਿੱਚ ਗੋਲ ਦਾਗ਼ੇ। ਪਿਛਲੇ ਪੰਜ ਵਿਸ਼ਵ ਕੱਪ ਵਿੱਚ ਇਹ ਚੌਥਾ ਮੌਕਾ ਹੈ, ਜਦੋਂ ਮੌਜੂਦਾ ਚੈਂਪੀਅਨ ਟੀਮ ਪਹਿਲੇ ਗੇੜ ਵਿੱਚ ਹੀ ਟੂਰਨਾਮੈਂਟ ਤੋਂ ਬਾਹਰ ਹੋ ਗਈ। ਇਸ ਤੋਂ ਪਹਿਲਾਂ 2002 ਵਿੱਚ ਫਰਾਂਸ, 2010 ਵਿੱਚ ਇਟਲੀ ਅਤੇ 2014 ਵਿੱਚ ਸਪੇਨ ਨੂੰ ਇਸ ਤਰ੍ਹਾਂ ਦੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਜਰਮਨੀ ਦੀ ਟੀਮ ਪਹਿਲੀ ਵਾਰ ਵਿਸ਼ਵ ਕੱਪ ਦੇ ਗਰੁੱਪ ਗੇੜ ਦਾ ਅੜਿੱਕਾ ਪਾਰ ਕਰਨ ਵਿੱਚ ਅਸਫਲ ਰਹੀ ਹੈ। ਉਹ 16ਵੀਂ ਵਾਰ ਵਿਸ਼ਵ ਕੱਪ ਖੇਡ ਰਹੀ ਸੀ ਅਤੇ ਪਹਿਲੀ ਵਾਰ ਪਹਿਲੇ ਗੇੜ ਤੋਂ ਅੱਗੇ ਨਹੀਂ ਵਧ ਸਕੀ। ਕੋਰੀਆ ਦੀ ਟੀਮ ਵੀ ਵਿਸ਼ਵ ਕੱਪ ਤੋਂ ਬਾਹਰ ਹੋ ਗਈ ਹੈ। ਗਰੁੱਪ ‘ਐਫ’ ਵਿੱਚ ਜਰਮਨੀ ਦੀ ਟੀਮ ਤਿੰਨ ਮੈਚਾਂ ਵਿੱਚ ਇੱਕ ਜਿੱਤ ਅਤੇ ਦੋ ਹਾਰਾਂ ਮਗਰੋਂ ਤਿੰਨ ਅੰਕ ਨਾਲ ਆਖ਼ਰੀ ਸਥਾਨ ’ਤੇ ਰਹੀ। ਕੋਰੀਆ ਨੇ ਵੀ ਇੱਕ ਜਿੱਤ ਅਤੇ ਦੋ ਹਾਰਾਂ ਨਾਲ ਤਿੰਨ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਦੂਜੇ ਪਾਸੇ ਗਰੁੱਪ ‘ਐਫ’ ਦੀਆਂ ਹੋਰ ਟੀਮਾਂ ਵਿੱਚ ਸਵੀਡਨ ਨੇ ਮੈਕਸਿਕੋ ਨੂੰ 3-0 ਗੋਲਾਂ ਨਾਲ ਹਰਾ ਕੇ ਨਾਕਆਊਟ ਗੇੜ ਵਿੱਚ ਥਾਂ ਬਣਾ ਲਈ ਹੈ। ਜਰਮਨੀ ਨੂੰ ਮੈਕਸਿਕੋ ਹੱਥੋਂ ਪਹਿਲੇ ਮੈਚ ਵਿੱਚ 0-1 ਨਾਲ ਹਾਰ ਝੱਲਣੀ ਪਈ ਸੀ, ਪਰ ਦੂਜੇ ਮੈਚ ਵਿੱਚ ਸਵੀਡਨ ਖ਼ਿਲਾਫ਼ ਉਸ ਨੇ 2-1 ਨਾਲ ਆਖ਼ਰੀ ਮਿੰਟ ਦੀ ਜਿੱਤ ਮਗਰੋਂ ਆਪਣੀਆਂ ਉਮੀਦਾਂ ਕਾਇਮ ਰੱਖੀਆਂ ਸਨ। ਏਸ਼ਿਆਈ ਟੀਮ ਨੇ ਜਰਮਨੀ ਨੂੰ ਹਰਾ ਕੇ ਫੁਟਬਾਲ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਦਰਜ ਕਰ ਲਈ। ਜਰਮਨੀ ਲਈ ਇਸ ਹਾਰ ਦੇ ਨਾਲ-ਨਾਲ ਨਮੋਸ਼ੀਜਨਕ ਗੱਲ ਇਹ ਵੀ ਰਹੀ ਕਿ ਉਹ ਗਰੁੱਪ ਵਿੱਚ ਚੌਥੇ ਅਤੇ ਆਖ਼ਰੀ ਸਥਾਨ ’ਤੇ ਰਿਹਾ। ਸਵੀਡਨ ਨੇ ਮੈਕਸਿਕੋ ’ਤੇ ਸ਼ਾਨਦਾਰ ਜਿੱਤ ਨਾਲ ਗਰੁੱਪ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ, ਜਦਕਿ ਮੈਕਸਿਕੋ ਦੂਜੇ ਸਥਾਨ ’ਤੇ ਰਿਹਾ। ਇਸ ਗਰੁੱਪ ਤੋਂ ਮੈਕਸਿਕੋ ਅਤੇ ਸਵੀਡਨ 6-6 ਅੰਕ ਲੈ ਕੇ ਪ੍ਰੀ ਕੁਆਰਟਰ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਸਫਲ ਰਹੇ। ਕੋਰੀਆ ਅਤੇ ਜਰਮਨੀ ਨੂੰ ਵੀ 3-3 ਅੰਕ ਸਨ, ਪਰ ਇੱਕੇ ਕੋਰੀਆ ਦਾ ਗੋਲ ਔਸਤ ਬਿਹਤਰ ਰਿਹਾ।

ਜਰਮਨੀ ਅਤੇ ਦੱਖਣੀ ਕੋਰੀਆ ਦੋਵਾਂ ਨੇ ਮੈਚ ਦੀ ਤੇਜ਼ ਸੁਰੂਆਤ ਕੀਤੀ। ਦੱਖਣੀ ਕੋਰੀਆ ਨੇ ਮੈਚ ਦਾ ਪਹਿਲਾ ਮੌਕਾ ਬਣਾਇਆ, ਪਰ ਸਫਲ ਨਹੀਂ ਹੋਈ। 2010 ਦੇ ਸੈਮੀ ਫਾਈਨਲ ਵਿੱਚ ਸਪੇਨ ਖ਼ਿਲਾਫ਼ 0-1 ਦੀ ਹਾਰ ਮਗਰੋਂ ਇਹ ਪਹਿਲਾ ਵਿਸ਼ਵ ਕੱਪ ਮੈਚ ਹੈ, ਜਿਸ ਵਿੱਚ ਜਰਮਨੀ ਨੇ ਥੌਮਸ ਮਿਊਲਰ ਨੂੰ ਸ਼ੁਰੂਆਤੀ ਟੀਮ ਵਿੱਚ ਥਾਂ ਨਹੀਂ ਦਿੱਤੀ। ਜਰਮਨੀ ਨੂੰ ਚੌਥੇ ਮਿੰਟ ਵਿੱਚ ਫਰੀ ਕਿੱਕ ਮਿਲੀ, ਪਰ ਟੋਨੀ ਕਰੂਜ਼ ਹਾਫ਼ ਲਾਈਨ ਦੇ ਕਰੀਬ ਤੋਂ ਸ਼ਾਟ ਲਾਉਂਦਾ ਹੋਇਆ ਕੋਈ ਕਮਾਲ ਨਹੀਂ ਕਰ ਸਕਿਆ। ਪੰਜਵੇਂ ਮਿੰਟ ਵਿੱਚ ਜਰਮਨੀ ਦੇ ਟਿਮੋ ਵਰਨਰ ਨੇ ਮਾਰਕੋ ਰਿਊਜ਼ ਨੂੰ ਹਾਫ਼ ਲਾਈਨ ਤੋਂ ਚੰਗਾ ਪਾਸ ਦਿੱਤਾ, ਪਰ ਦੱਖਣੀ ਕੋਰੀਆ ਦੇ ਡਿਫੈਂਡਸ ਨੇ ਇਸ ਯਤਨ ਨੂੰ ਅਸਫਲ ਕਰ ਦਿੱਤਾ। ਮੈਚ ਦੇ ਦਸਵੇਂ ਮਿੰਟ ਵਿੱਚ ਦੱਖਣੀ ਕੋਰੀਆ ਦੇ ਜੁੰਗ ਵੂ ਯੰਗ ਨੂੰ ਯੌਨਸ ਹੈਕਟਰ ਫਾਊਲ ਕਰਨ ਲਈ ਪੀਲਾ ਕਾਰਡ ਵਿਖਾਇਆ ਗਿਆ।

Facebook Comment
Project by : XtremeStudioz