Close
Menu

ਕੋਲਕਾਤਾ ਓਪਨ: ਰਾਮਕੁਮਾਰ ਵੱਲੋਂ ਸੋਮਦੇਵ ਨੂੰ ਮਾਤ

-- 24 February,2015

ਕੋਲਕਾਤਾ, ਜਾਇੰਟ ਕਿੱਲਰ ਦੇ ਨਾਂ ਨਾਲ ਪ੍ਰਸਿੱਧ ਭਾਰਤ ਦੇ ਟੈਨਿਸ ਖਿਡਾਰੀ ਰਾਮਕੁਮਾਰ ਰਾਮਨਾਥਨ ਨੇ ਅੱਜ ਦੇਸ਼ ਦੇ ਅੱਵਲ ਨੰਬਰ ਖਿਡਾਰੀ ਸੋਮਦੇਵ ਦੇਵਬਰਮਨ ਨੂੰ ਕੋਲਕਾਤਾ ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚ ਹੀ ਹਰਾ ਦਿੱਤਾ। 20 ਸਾਲਾ ਰਾਮਕੁਮਾਰ ਨੇ ਪਛੜਨ ਬਾਅਦ ਜ਼ੋਰਦਾਰ ਵਾਪਸੀ ਕਰਦਿਆਂ ਦੋ ਦਿਨ ਪਹਿਲਾਂ ਦਿੱਲੀ ਓਪਨ ਦਾ ਖ਼ਿਤਾਬ ਜਿੱਤਣ ਵਾਲੇ ਸੋਮਦੇਵ ਨੂੰ 4-6, 6-3, 6-4 ਨਾਲ ਹਰਾ ਦਿੱਤਾ। ਦੱਸਣਯੋਗ ਹੈ ਕਿ ਰਾਮਕੁਮਾਰ ਨੇ ਪਿਛਲੇ ਸਾਲ ਚੇਨੱਈ ਓਪਨ ਦੇ ਪਹਿਲੇ ਗੇੜ ਵਿੱਚ ਹੀ ਸੋਮਦੇਵ ਨੂੰ ਇਸੇ ਸਕੋਰ ਨਾਲ ਬਾਹਰ ਦਾ ਰਸਤਾ ਦਿਖਾਇਆ ਸੀ। ਰਾਮਕੁਮਾਰ ਨੇ ਆਪਣੀ ਜਿੱਤ ਨੂੰ ਆਪਣੇ ਪਿਤਾ ਤੇ ਕੋਚ ਜੌਹਨ ਨੂੰ ਸਮਰਪਿਤ ਕਰਦਿਆਂ ਕਿਹਾ,‘ਉਮੀਦ ਕਰਦਾ ਹਾਂ ਕਿ ਭਵਿੱਖ ਵਿੱਚ ਹੋਰ ਜਿੱਤਾਂ ਦਰਜ ਕਰਾਂਗਾ।’
ਮੈਚ ਹਾਰਨ ਬਾਅਦ ਸੋਮਦੇਵ ਨੇ ਕਿਹਾ,‘ਮੈਂ ਇਥੇ ਐਤਵਾਰ ਦੇਰ ਰਾਤ ਆਇਆ ਸੀ। ਇਸ ਲਈ ਆਰਾਮ ਲਈ ਜ਼ਿਆਦਾ ਸਮਾਂ ਨਹੀਂ ਮਿਲਿਆ ਪਰ ਇਹ ਕੋਈ ਬਹਾਨਾ ਨਹੀਂ ਹੈ। ਅਖੀਰ ਮੈਂ 4-1 ਨਾਲ ਅੱਗੇ ਸੀ। ਇਨ੍ਹਾਂ ਮੈਚਾਂ ਬਾਰੇ ਸੋਚਣ ਦਾ ਕੋਈ ਫਾਇਦਾ ਨਹੀਂ। ਮੈਂ ਕਦੇ ਨਹੀਂ ਸੋਚਿਆ ਕਿ ਮੈਚ ਹੱਥੋਂ ਨਿਕਲ ਰਿਹਾ ਹੈ। ਆਮ ਤੌਰ ’ਤੇ ਅਜਿਹੇ ਮੈਚਾਂ ਨੂੰ ਖਤਮ ਕਰਨ ਵਿੱਚ ਮੈਂ ਬਹੁਤ ਚੰਗਾ ਹਾਂ ਪਰ ਅੱਜ ਅਜਿਹਾ ਨਹੀਂ ਹੋਇਆ। ਉਹ ਚੰਗਾ ਖਿਡਾਰੀ ਹੈ।’ ਇਸ ਤੋਂ ਪਹਿਲਾਂ ਦਿੱਲੀ ਓਪਨ ਦੇ ਉਪ ਜੇਤੂ ਯੂਕੀ ਭਾਂਬਰੀ ਨੇ ਸਪੇਨ ਦੀ ਐਨਰਿਕੇ ਲੋਪੇਜ਼ ਪੇਰੇਜ਼ ਨੂੰ 6-2, 6-2 ਨਾਲ ਸ਼ਿਕਸਤ ਦਿੱਤੀ। ਰਾਮਕੁਮਾਰ ਹੁਣ ਅਗਲੇ ਗੇੜ ਵਿੱਚ ਸਰਬੀਆ ਦੇ ਮਿਕੀ ਜਾਂਕੋਵਿਚ ਨਾਲ ਭਿੜੇਗਾ ਜਦੋਂ ਕਿ ਯੂਕੀ ਪ੍ਰੀਕੁਆਰਟਰ ਫਾਈਨਲ ਵਿੱਚ ਮਾਲਦੋਵਾ ਦੇ ਰਾਡੂ ਅਲਬੋਟ ਨਾਲ ਟੱਕਰ ਲਵੇਗਾ।

Facebook Comment
Project by : XtremeStudioz