Close
Menu

ਕੋਲਗੇਟ: ਫਾਈਲਾਂ ਬਾਰੇ ਪ੍ਰਧਾਨ ਮੰਤਰੀ ਦੇ ਬਿਆਨ ਤੋਂ ਹੰਗਾਮਾ

-- 04 September,2013

99995

ਨਵੀਂ ਦਿੱਲੀ, 4 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਗੁੰਮ ਕੋਲਾ ਫਾਈਲਾਂ ’ਤੇ ਚੁੱਪ ਤੋੜਦਿਆਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਸੰਸਦ ਵਿਚ ਦਾਅਵਾ ਕੀਤਾ ਕਿ ਮੰਗੇ ਜਾ ਰਹੇ ਦਸਤਾਵੇਜ਼ ਜੇਕਰ ਸੱਚਮੁੱਚ ਗਾਇਬ ਹੋਏ ਤਾਂ ਸਰਕਾਰ ਸੀਬੀਆਈ ਜਾਂਚ ਸਣੇ ਹਰ ਤਰ੍ਹਾਂ ਦੀ ਡੂੰਘੀ ਜਾਂਚ ਕਰਕੇ ਦੋਸ਼ੀਆਂ ਲਈ ਸਜ਼ਾ ਯਕੀਨੀ ਬਣਾਏਗੀ। ਉਧਰ ਪ੍ਰਧਾਨ ਮੰਤਰੀ ਦੇ ਬਿਆਨ ਤੋਂ ਅਸੰਤੁਸ਼ਟ ਵਿਰੋਧੀ ਧਿਰ ਨੇ ਦੋਵਾਂ ਸਦਨਾਂ ਦੀ ਕਾਰਵਾਈ ਵਿਚ ਰੁਕਾਵਟ ਪਾਈ। ਇਸ ਮਾਮਲੇ ’ਚ ਵਿਰੋਧੀ ਧਿਰ ਦੇ ਸਖਤ ਰੁਖ ਤੇ ਤਿੱਖੇ ਹਮਲਿਆਂ ਵਿਚਾਲੇ ਪ੍ਰਧਾਨ ਮੰਤਰੀ ਨੇ ਰਾਜ ਸਭਾ ਵਿਚ ਵੱਖ-ਵੱਖ ਦਲਾਂ ਦੇ ਮੈਂਬਰਾਂ ਵੱਲੋਂ ਮੰਗੇ ਗਏ ਸਪਸ਼ਟੀਕਰਨ ਵਿੱਚ ਦਖਲ ਦਿੰਦਿਆਂ ਕਿਹਾ ਕਿ ਸਰਕਾਰ ਕੋਲ ਲੁਕਾਉਣ ਲਈ ਕੁਝ ਵੀ ਨਹੀਂ ਹੈ ਤੇ ਕੋਲਾ ਬਲਾਕ ਵੰਡ ਦੀ ਜਾਂਚ ਵਿਚ ਸਹਿਯੋਗ ਕਰਨ ਦੀ ਉਸ ਦੀ ‘ਨੀਅਤ’ ਉਪਰ ਜਲਦਬਾਜ਼ੀ ਵਿਚ ਕੱਢੇ ਗਏ ਸਿੱਟਿਆਂ ਰਾਹੀਂ ਸੁਆਲ ਨਾ ਉਠਾਏ ਜਾਣ। ਪ੍ਰਧਾਨ ਮੰਤਰੀ ਨੇ ਸੀਬੀਆਈ ਨੂੰ ਸੌਂਪੀਆਂ ਜਾਣ ਵਾਲੀਆਂ ਫਾਈਲਾਂ ਤੇ ਕਾਗਜ਼ਾਂ ਸਬੰਧੀ ਲੋਕ ਸਭਾ ਤੇ ਰਾਜ ਸਭਾ ਵਿਚ ਦਿੱਤੇ ਭਾਸ਼ਨਾਂ ਵਿਚ ਕਿਹਾ ਕਿ ਕੋਲਾ ਬਲਾਕ ਵੰਡ ਮਾਮਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਵਿਚ ਸੀਬੀਆਈ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ,  ‘29 ਅਗਸਤ 2013 ਦੇ ਹੁਕਮ ਵਿਚ ਅਦਾਲਤ ਨੇ ਕਿਹਾ ਹੈ ਕਿ ਸੀਬੀਆਈ ਪੰਜ ਦਿਨਾਂ ਦੇ ਅੰਦਰ ਉਨ੍ਹਾਂ ਸਾਰੇ ਕਾਗਜ਼ਾਂ ਤੇ ਦਸਤਾਵੇਜ਼ਾਂ ਦੀ ਪੂਰੀ ਸੂਚੀ ਸਰਕਾਰ ਨੂੰ ਸੌਂਪੇਗੀ, ਜੋ ਹਾਲੇ ਬਾਕੀ ਹਨ। ਉਸ ਦੇ ਦੋ ਹਫਤਿਆਂ ਮਗਰੋਂ ਸਰਕਾਰ ਸਾਰੇ ਕਾਗਜ਼ ਸੀਬੀਆਈ ਨੂੰ ਸੌਂਪੇਗੀ। ਉਨ੍ਹਾਂ ਸਦਨ ਨੂੰ ਭਰੋਸਾ ਦਿੱਤਾ ਕਿ ਸਰਕਾਰ ਅਦਾਲਤ ਦੇ ਇਨ੍ਹਾਂ ਹੁਕਮਾਂ ਦਾ ਅੱਖਰ-ਅੱਖਰ ਪਾਲਣ ਕਰੇਗੀ ਤੇ ਪੂਰੀ ਕੋਸ਼ਿਸ਼ ਕਰੇਗੀ ਕਿ ਮੰਗੇ ਗਏ ਕਾਗਜ਼ ਸੀਬੀਆਈ ਨੂੰ ਸੁਪਰੀਮ ਕੋਰਟ ਵੱਲੋਂ ਤੈਅ ਸਮੇਂ ਅੰਦਰ ਲੱਭ ਕੇ ਦਿੱਤੇ ਜਾਣ। ਜੇਕਰ ਸਰਕਾਰ ਇਨ੍ਹਾਂ ਕਾਗਜ਼ਾਂ ਨੂੰ ਤੈਅ ਸਮੇਂ ਵਿਚ ਨਹੀਂ ਲੱਭ ਸਕੀ ਤਾਂ ਜਿਵੇਂ ਅਦਾਲਤ ਦਾ ਹੁਕਮ ਹੈ, ਸੀਬੀਆਈ ਨੂੰ ਰਿਪੋਰਟ ਭੇਜ ਦਿੱਤੀ ਜਾਵੇਗੀ ਤਾਂ ਜੋ ਉਹ ਢੁੱਕਵੀਂ ਜਾਂਚ ਕਰਵਾ ਸਕੇ। ਉਨ੍ਹਾਂ ਦੇ ਬਿਆਨ ਨਾਲ ਦੋਵਾਂ ਸਦਨਾਂ ਵਿਚ ਵਿਰੋਧੀ ਧਿਰ ਸੰਤੁਸ਼ਟ ਨਹੀਂ ਹੋਈ ਤੇ ਖਾਸਾ ਹੰਗਾਮਾ ਹੋਇਆ। ਇਸ ਕਾਰਨ ਸਦਨ ਦੀ ਕਾਰਵਾਈ ਵਿਚ ਅੜਿੱਕਾ ਪਿਆ। ਵਿਰੋਧੀ ਧਿਰ ਹੋਰ ਸਪਸ਼ਟੀਕਰਨ ਚਾਹੁੰਦੀ ਸੀ। ਪ੍ਰਧਾਨ ਮੰਤਰੀ ਦੋਵਾਂ ਹੀ ਸਦਨਾਂ ਵਿਚ ਭਾਸ਼ਨ ਦੇਣ ਦੇ ਤੁਰੰਤ ਮਗਰੋਂ ਚਲੇ ਗਏ। ਰਾਜ ਸਭਾ ਵਿਚ ਜਦੋਂ ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਤੋਂ ਹੋਰ ਸਪਸ਼ਟੀਕਰਨ ਮੰਗਿਆ ਤਾਂ ਡਿਪਟੀ ਚੇਅਰਮੈਨ ਪੀ.ਜੇ. ਕੁਰੀਅਨ ਨੇ ਕਿਹਾ ਕਿ ਸ੍ਰੀ ਮਨਮੋਹਨ ਸਿੰਘ ਸਦਨ ਵਿਚੋਂ ਜਾ ਚੁੱਕੇ ਹਨ ਤੇ ਉਨ੍ਹਾਂ ਦੀ ਕੋਈ ਮਦਦ ਉਹ ਨਹੀਂ ਕਰ ਸਕਦੇ। ਲੋਕ ਸਭਾ ਵਿਚ ਵਿਰੋਧੀ ਧਿਰ ਦੀ ਆਗੂ ਸੁਸ਼ਮਾ ਸਵਰਾਜ ਤੇ ਐਲ.ਕੇ. ਅਡਵਾਨੀ ਪ੍ਰਧਾਨ ਮੰਤਰੀ ਦੇ ਬਿਆਨ ਮਗਰੋਂ ਬੋਲਣਾ ਚਾਹੁੰਦੇ ਸਨ, ਪਰ ਸਪੀਕਰ ਮੀਰਾ ਕੁਮਾਰ ਨੇ ਮੰਗ ਨੂੰ ਰੱਦ ਕਰ ਦਿੱਤਾ। ਸਦਨ ਵਿਚ ਇਸ ਕਾਰਨ ਰੌਲਾ ਪੈਣ ਲੱਗਾ ਤੇ ਸਦਨ ਨੂੰ ਬਾਅਦ ਦੁਪਹਿਰ 3 ਵਜੇ ਤੱਕ ਉਠਾ ਦਿੱਤਾ। 3 ਵਜੇ ਵੀ ਸਦਨ ਦੀ ਸਥਿਤੀ ਨਾ ਬਦਲੀ ਤਾਂ ਉਸ ਨੂੰ ਦਿਨ ਭਰ ਲਈ ਉਠਾ ਦਿੱਤਾ।

Facebook Comment
Project by : XtremeStudioz