Close
Menu

ਕੋਲਾ ਕਾਂਡ: ਸੀਬੀਆਈ ਵੱਲੋਂ ਹਿੰਡਾਲਕੋ ਮਾਮਲੇ ਦੀ ਜਾਂਚ ਮੁਕੰਮਲ

-- 19 February,2015

ਨਵੀਂ ਦਿੱਲੀ, ਸੀ.ਬੀ.ਆਈ. ਨੇ ਅੱਜ ਹਿੰਡਾਲਕੋ ਕੋਲਾ ਬਲਾਕ ਅਲਾਟਮੈਂਟ ਕਾਂਡ ਸਬੰਧੀ ਆਪਣੀ ਅੰਤਿਮ ਜਾਂਚ ਰਿਪੋਰਟ ਵਿਸ਼ੇਸ਼ ਜੱਜ ਕੋਲ ਪੇਸ਼ ਕਰ ਦਿੱਤੀ। ਇਸ ਕਾਂਡ ਵਿੱਚ ਸਾਬਕਾ ਕੋਲਾ ਸਕੱਤਰ ਪੀ.ਸੀ. ਪਾਰੇਖ, ਹਿੰਡਾਲਕੋ ਇੰਡਸਟਰੀਜ਼ ਲਿਮਟਿਡ ਤੇ ਹੋਰਨਾਂ ਦੀ ਕਥਿਤ ਸ਼ਮੂਲੀਅਤ ਹੈ।  ਵਿਸ਼ੇਸ਼ ਅਦਾਲਤ ਇਸ ਉਪਰ 11 ਮਾਰਚ ਨੂੰ ਵਿਚਾਰ ਕਰੇਗੀ।
ਸੀਨੀਅਰ ਸਰਕਾਰੀ ਵਕੀਲ ਵੀ.ਕੇ. ਸ਼ਰਮਾ ਨੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੂੰ ਦੱਸਿਆ ਕਿ ਏਜੰਸੀ ਨੇ ਇਸ ਮਾਮਲੇ ਵਿੱਚ ਆਪਣੀ ਜਾਂਚ ਪੂਰੀ ਕਰ ਲਈ ਹੈ ਅਤੇ ਗਵਾਹ ਵਜੋਂ ਨੇਵੇਲੀ ਲਿਗਨਾਈਟ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਤੇ ਐਮ.ਡੀ.ਐਸ. ਜੈਰਮਨ ਦਾ ਬਿਆਨ ਵੀ ਅਦਾਲਤ ਦੇ ਸਪੁਰਦ ਕਰ ਦਿੱਤਾ। ਸੀਬੀਆਈ ਦੇ ਵਿਸ਼ੇਸ਼ ਜੱਜ ਭਾਰਤ ਪਰਾਸ਼ਰ ਨੇ ਦੱਸਿਆ, ”ਸੀਬੀਆਈ ਨੇ ਆਪਣੀ ਅੰਤਮ ਰਿਪੋਰਟ ਤੇ ਇਕ ਹੋਰ ਗਵਾਹ ਐਸ. ਜੈਰਮਨ ਦੇ ਬਿਆਨ ਸੀਲਬੰਦ ਲਿਫਾਫੇ ਰਾਹੀਂ ਅਦਾਲਤ ਵਿੱਚ ਪੇਸ਼ ਕਰ ਦਿੱਤੇ। ਲਿਫਾਫੇ ਦੀ ਸੀਲ ਅੰਦਰਲੇ ਕਾਗਜ਼ ਦੇਖਣ ਮਗਰੋਂ ਉਨ੍ਹਾਂ ਨੂੰ ਮੁੜ ਸੀਲਬੰਦ ਕਰ ਦਿੱਤਾ ਗਿਆ ਹੈ।”
ਇਸ ਦੌਰਾਨ ਹੋਈ ਸੁਣਵਾਈ ਦੌਰਾਨ ਜਾਂਚ ਅਧਿਕਾਰੀ ਨੇ ਇਕ ਅਰਜ਼ੀ ਦੇ ਕੇ ਮੰਗ ਕੀਤੀ ਕਿ ਉਨ੍ਹਾਂ ਨੂੰ ਕੁਝ ਹੋਰ ਦਸਤਾਵੇਜ਼ ਪੇਸ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਜਿਹੜੇ ਪਹਿਲਾਂ ਪੇਸ਼ ਨਹੀਂ ਕੀਤੇ ਜਾ ਸਕੇ।
ਸਰਕਾਰੀ ਵਕੀਲ ਨੇ ਕਿਹਾ, ”ਮਾਮਲੇ ਦੀ ਜਾਂਚ ਪੂਰੀ ਹੋ ਗਈ ਹੈ। ਅਸੀਂ ਇਕ ਗਵਾਹ ਦੇ ਬਿਆਨ ਵੀ ਲੈ ਲਏ ਹਨ। ਅਸੀਂ ਇਹ ਬਿਆਨ ਵੀ ਸੀਲਬੰਦ ਲਿਫਾਫੇ ਵਿੱਚ ਪੇਸ਼ ਕੀਤੇ। ਅਸੀਂ ਕੁਝ ਹੋਰ ਅਜਿਹੇ ਦਸਤਾਵੇਜ਼ ਤੇ ਸਮੱਗਰੀ ਵੀ ਅਦਾਲਤ ਵਿੱਚ ਪੇਸ਼ ਕੀਤੀ, ਜਿਹੜੀ ਪਹਿਲਾਂ ਪੇਸ਼ ਨਹੀਂ ਸੀ ਕੀਤੀ ਜਾ ਸਕੀ।
ਅਦਾਲਤ ਨੇ ਸਾਰੇ ਦਸਤਾਵੇਜ਼ ਰਿਕਾਰਡ ਵਿੱਚ ਰੱਖਣ ਦੇ ਹੁਕਮ ਦਿੱਤੇ ਤੇ ਨਾਲ ਹੀ ਕਿਹਾ ਕਿ ਇਸ ਮਾਮਲੇ ‘ਤੇ ਵਿਚਾਰ 11 ਮਾਰਚ ਨੂੰ ਕੀਤਾ ਜਾਵੇਗਾ। ਜੇਕਰ ਕਿਸੇ ਸਪਸ਼ਟੀਕਰਨ ਦੀ ਲੋੜ ਪਈ ਤਾਂ ਉਹ ਬਾਅਦ ਵਿੱਚ ਏਜੰਸੀ ਤੋਂ ਲਿਆ ਜਾਵੇਗਾ।
ਇਹ ਮਾਮਲਾ ਸਾਲ 2005 ਵਿੱਚ ਤਾਲਾਬੀਰਾ-2 ਬਲਾਕ (ਉੜੀਸ਼ਾ) ਹਿੰਡਾਲਕੋ ਨੂੰ ਅਲਾਟ ਕਰਨ ਸਬੰਧੀ ਹੈ। ਏਜੰਸੀ ਨੇ ਇਸ ਮਾਮਲੇ ਵਿੱਚ ਸ੍ਰੀ ਪਾਰੇਖ, ਸਨਅਤਕਾਰ ਕੁਮਾਰ ਸੰਗਲਮ ਬਿਰਲਾ ਤੇ ਹੋਰ ਅਣਪਛਾਤਿਆਂ ਖ਼ਿਲਾਫ਼ ਧਾਰਾ 120 ਤਹਿਤ ਕੇਸ ਦਰਜ ਕੀਤਾ ਸੀ। ਇਸ ਮਗਰੋਂ ਸੀਬੀਆਈ ਦੀ ਰਿਪੋਰਟ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ। ਉਸ ਨੇ ਸੀਬੀਆਈ ਨੂੰ 16 ਦਸੰਬਰ 2014 ਵਿੱਚ ਹੁਕਮ ਦਿੱਤਾ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਣੇ ਪੀਐਮਓ ਦੇ ਹੋਰ ਤਤਕਾਲੀ ਅਧਿਕਾਰੀਆਂ ਤੋਂ ਪੁੱਛ-ਪੜਤਾਲ ਕਰੇ। ਸੀ ਪਾਰੇਖ ਤੇ ਹਿੰਡਾਲਕੋ ਦੋਸ਼ਾਂ ਦਾ ਖੰਡਨ ਕਰਦੇ ਆ ਰਹੇ ਹਨ।

Facebook Comment
Project by : XtremeStudioz