Close
Menu

ਕੋਲਿਆਂਵਾਲੀ ਨੂੰ ‘ਨੱਪਣ’ ਲਈ ਵਿਜੀਲੈਂਸ ਨੇ ਚੁੱਕਿਆ ਖੂੰਡਾ

-- 26 September,2018

ਬਠਿੰਡਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਲਕਾ ਲੰਬੀ ਵਿਚ ਰੈਲੀ ਕਰਨ ਤੋਂ ਪਹਿਲਾਂ ਸਾਬਕਾ ਅਕਾਲੀ ਚੇਅਰਮੈਨ ਅਤੇ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨੂੰ ਜੇਲ੍ਹ ਦੀ ਹਵਾ ਖੁਆਉਣ ਦੇ ਰੌਂਅ ਵਿਚ ਜਾਪਦੇ ਹਨ। ਵਿਜੀਲੈਂਸ ਅਫ਼ਸਰਾਂ ਨੇ ਇਕਦਮ ਹੀ ਸਾਬਕਾ ਚੇਅਰਮੈਨ ਕੋਲਿਆਂਵਾਲੀ ਨੂੰ ਗ੍ਰਿਫ਼ਤਾਰ ਕਰਨ ਵਾਸਤੇ ਛਾਪੇ ਤੇਜ਼ ਕਰ ਦਿੱਤੇ ਹਨ। ਵਿਜੀਲੈਂਸ ਟੀਮ ਨੇ 21 ਸਤੰਬਰ ਤੋਂ ਮੁੜ ਕੋਲਿਆਂਵਾਲੀ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਉਨ੍ਹਾਂ ਦੇ ਨੇੜਲਿਆਂ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 20 ਅਗਸਤ ਨੂੰ ਕੋਲਿਆਂਵਾਲੀ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਸੀ। ਉਪਰੰਤ ਮਗਰੋਂ ਵਿਜੀਲੈਂਸ ਅਧਿਕਾਰੀ ਚੁੱਪ ਹੋ ਗਏ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਉਂ ਹੀ ਹਲਕਾ ਲੰਬੀ ਵਿੱਚ ਰੈਲੀ ਕਰਨ ਦਾ ਐਲਾਨ ਕੀਤਾ ਤਾਂ ਉਸ ਮਗਰੋਂ ਹੀ ਵਿਜੀਲੈਂਸ ਦੀਆਂ ਟੀਮਾਂ ਨੇ ਕੋਲਿਆਂਵਾਲੀ ਦੀ ਤਲਾਸ਼ ਵਿੱਚ ਚੱਪਾ ਚੱਪਾ ਛਾਨਣਾ ਸ਼ੁਰੂ ਕਰ ਦਿੱਤਾ। ਅੱਜ ਵਿਜੀਲੈਂਸ ਟੀਮ ਨੇ ਕੋਲਿਆਂਵਾਲੀ ਵਿਚ ਮੁੜ ਛਾਪਾ ਮਾਰਿਆ। ਦੱਸਣਯੋਗ ਹੈ ਕਿ ਵਿਜੀਲੈਂਸ ਨੇ 30 ਜੂਨ 2018 ਨੂੰ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਕੋਲਿਆਂਵਾਲੀ ਖ਼ਿਲਾਫ਼ ਵਸੀਲਿਆਂ ਤੋਂ ਜ਼ਿਆਦਾ 1.71 ਕਰੋੜ ਦੀ ਸੰਪੰਤੀ ਬਣਾਏ ਜਾਣ ਦਾ ਕੇਸ ਦਰਜ ਕੀਤਾ ਸੀ। ਅਮਰਿੰਦਰ ਸਿੰਘ ਨੇ ਚੋਣ ਪ੍ਰਚਾਰ ਦੌਰਾਨ ਲੰਬੀ ਰੈਲੀ ਵਿਚ ਸਟੇਜ ਤੋਂ ਕਾਂਗਰਸ ਸਰਕਾਰ ਬਣਨ ’ਤੇ ਸਭ ਤੋਂ ਪਹਿਲਾਂ ਕੋਲਿਆਂਵਾਲੀ ਨੂੰ ਰਵੀ ਸਿੱਧੂ ਵਾਂਗ ਸਲਾਖ਼ਾਂ ਪਿੱਛੇ ਭੇਜਣ ਦਾ ਐਲਾਨ ਕੀਤਾ ਸੀ।
ਦੱਸਣਯੋਗ ਹੈ ਮੁੱਖ ਮੰਤਰੀ ਨੇ ਲੰਬੀ ਦੇ ਕਿੱਲਿਆਂਵਾਲੀ ਵਿਚ 7 ਅਕਤੂਬਰ ਨੂੰ ਰੈਲੀ ਕਰਨ ਦਾ ਐਲਾਨ ਕੀਤਾ ਹੈ। ਭਾਵੇਂ ਵਿਜੀਲੈਂਸ ਇਸ ਪਿੱਛੇ ਕੋਈ ਸਿਆਸੀ ਸਖ਼ਤੀ ਹੋਣ ਤੋਂ ਇਨਕਾਰ ਕਰਦੀ ਹੈ ਪਰ ਹਕੀਕਤ ਵਿਚ ਜ਼ਿਲ੍ਹਾ ਪਰਿਸ਼ਦ ਅਤੇ ਸਮਿਤੀ ਦੀਆਂ ਵੋਟਾਂ ਪੈਣ ਮਗਰੋਂ ਹੀ ਵਿਜੀਲੈਂਸ ਮੁਸਤੈਦ ਹੋਇਆ ਹੈ। ਸੂਤਰਾਂ ਅਨੁਸਾਰ ਵਿਜੀਲੈਂਸ ਟੀਮਾਂ ਨੇ 21 ਸਤੰਬਰ ਤੋਂ ਛਾਪੇ ਮਾਰਨੇ ਸ਼ੁਰੂ ਕੀਤੇ ਅਤੇ ਲੰਘੇ ਚਾਰ ਪੰਜ ਦਿਨਾਂ ਵਿੱਚ ਵਿਜੀਲੈਂਸ ਨੇ ਕੋਲਿਆਂਵਾਲੀ ਦੇ ਘਰ, ਉਸ ਦੀਆਂ ਦੋ ਭੈਣਾਂ ਦੇ ਘਰ ਪਿੰਡ ਢੋਲੇਵਾਲ (ਮੋਗਾ) ਅਤੇ ਸ਼ੁਕਰਚੱਕ (ਤਰਨਤਾਰਨ) ਵਿਚ ਛਾਪੇ ਮਾਰੇ ਹਨ।
ਇਸੇ ਤਰ੍ਹਾਂ ਕੋਲਿਆਂਵਾਲੀ ਦੇ ਰਿਸ਼ਤੇਦਾਰਾਂ ਦੇ ਘਰ ਚੱਕ ਮੇਘਾ ਸਿੰਘ ਵਿਆਨ (ਫ਼ਾਜ਼ਿਲਕਾ) ਅਤੇ ਉਸ ਦੀ ਲੜਕੀ ਦੇ ਘਰ ਝੰਡੂਵਾਲਾ (ਫ਼ਿਰੋਜ਼ਪੁਰ) ਵਿਚ ਛਾਪੇ ਮਾਰੇ ਹਨ। ਕੋਲਿਆਂਵਾਲੀ ਦੇ ਪੀਏ ਰਹੇ ਗੁਰਮੀਤ ਸਿੰਘ ਅਤੇ ਨਿਰਮਲ ਸਿੰਘ ਦੇ ਕੋਲਿਆਂਵਾਲੀ ਘਰ ਵਿਚ ਅਤੇ ਇੱਕ ਹੋਰ ਪੀਏ ਲਵਜੀਤ ਸਿੰਘ ਦੇ ਘਰ ਪੱਕੀ ਟਿੱਬੀ ਵਿਚ ਵੀ ਕੋਲਿਆਂਵਾਲੀ ਦੀ ਤਲਾਸ਼ ਕੀਤੀ ਹੈ। ਕੋਲਿਆਂਵਾਲੀ ਦੇ ਦੋ ਦੋਸਤ ਪਿੰਡ ਮਿੱਡਾ ਦੇ ਸਾਬਕਾ ਸਰਪੰਚ ਬਗ਼ੀਚਾ ਸਿੰਘ ਅਤੇ ਕੱਟਿਆਂਵਾਲੀ ਦੇ ਸਾਬਕਾ ਸਰਪੰਚ ਰਛਪਾਲ ਸਿੰਘ ਦੇ ਘਰ ਵੀ ਵਿਜੀਲੈਂਸ ਗੇੜਾ ਲਾ ਕੇ ਆਈ ਹੈ। ਵਿਜੀਲੈਂਸ ਨੇ ਹੁਣ ਕੋਲਿਆਂਵਾਲੀ ਦੇ ਨੇੜਲਿਆਂ ਦੀ ਸ਼ਨਾਖ਼ਤ ਕੀਤੀ ਹੈ, ਜਿਸ ਦੇ ਸਬੰਧ ਵਿਚ ਪੰਜਾਬ ਤੋਂ ਇਲਾਵਾ ਗੁਆਂਢੀ ਸੂਬਿਆਂ ਵਿੱਚ ਵੀ ਛਾਪੇ ਮਾਰਨ ਦੀ ਸੰਭਾਵਨਾ ਹੈ। ਸੂਤਰ ਦੱਸਦੇ ਹਨ ਕਿ ਵਿਜੀਲੈਂਸ ਨੂੰ ਕੋਲਿਆਂਵਾਲੀ ਦੇ ਬਾਲਾਸਰ (ਹਰਿਆਣਾ) ਵਿੱਚ ਛੁਪੇ ਹੋਣ ਦੀ ਵੀ ਭਿਣਕ ਪਈ ਹੈ। ਦੱਸਣਯੋਗ ਹੈ ਕਿ ਹਾਈ ਕੋਰਟ ’ਚੋਂ ਜ਼ਮਾਨਤ ਅਰਜ਼ੀ ਰੱਦ ਹੋਣ ਮਗਰੋਂ ਕੋਲਿਆਂਵਾਲੀ ਰੂਪੋਸ਼ ਹੋ ਗਏ ਹਨ ਅਤੇ ਇਸੇ ਕਰਕੇ ਉਹ ਸਮਿਤੀ ਚੋਣਾਂ ਵਿਚ ਕਿਧਰੇ ਨਜ਼ਰ ਨਹੀਂ ਪਏ। ਵਿਜੀਲੈਂਸ ਨੇ ਕੋਲਿਆਂਵਾਲੀ ਦੇ ਬੈਂਕ ਖਾਤੇ ਵੀ ਸੀਲ ਕਰ ਦਿੱਤੇ ਹਨ ਅਤੇ ਹੁਣ ਆਮਦਨ ਕਰ ਵਿਭਾਗ ਤੋਂ ਰਿਕਾਰਡ ਮੰਗਿਆ ਹੈ। ਵਿਜੀਲੈਂਸ ਵੱਲੋਂ ਹੁਣ ਕੋਲਿਆਂਵਾਲੀ ਦੇ ਮਲੋਟ ਵਿਚਲੇ ਨੇੜਲੇ ਦੋਸਤਾਂ ਨੂੰ ਵੀ ਤਲਬ ਕਰਨ ਦੀ ਵਿਉਂਤ ਹੈ। ਵਿਜੀਲੈਂਸ ਨੇ ਕੋਲਿਆਂ ਵਾਲੀ ਦੀ ਭਾਲ ਲਈ ਪ੍ਰਾਈਵੇਟ ਸੂਹੀਏ ਵੀ ਛੱਡੇ ਹਨ ਪਰ ਹਾਲੇ ਤੱਕ ਵਿਜੀਲੈਂਸ ਅਫ਼ਸਰ ਉਸ ਦੀ ਪੈੜ ਨੱਪਣ ਵਿੱਚ ਨਕਾਮ ਰਹੇ ਹਨ। ਸੂਤਰ ਦੱਸਦੇ ਹਨ ਕਿ ਉੱਪਰੋਂ ਇਸ਼ਾਰਾ ਮਿਲਣ ਮਗਰੋਂ ਹੀ ਵਿਜੀਲੈਂਸ ਨੇ ਰਫ਼ਤਾਰ ਫੜੀ ਹੈ।

ਛਾਪੇ ਮਾਰੇ ਜਾ ਰਹੇ ਹਨ: ਐੱਸਐੱਸਪੀ
ਬਠਿੰਡਾ ਰੇਂਜ ਦੇ ਐੱਸਐੱਸਪੀ (ਵਿਜੀਲੈਂਸ) ਪਰਮਜੀਤ ਸਿੰਘ ਵਿਰਕ ਦਾ ਕਹਿਣਾ ਸੀ ਕਿ ਹਾਈ ਕੋਰਟ ’ਚੋਂ ਜ਼ਮਾਨਤ ਅਰਜ਼ੀ ਰੱਦ ਹੋਣ ਤੋਂ ਹੀ ਕੋਲਿਆਂਵਾਲੀ ਦੀ ਤਲਾਸ਼ ਵਿਚ ਛਾਪੇ ਮਾਰੇ ਜਾ ਰਹੇ ਹਨ। ਕੋਲਿਆਂਵਾਲੀ ਦੇ ਪਰਿਵਾਰਕ ਮੈਂਬਰਾਂ ਅਤੇ ਨੇੜਲਿਆਂ ਦੇ ਘਰਾਂ ਵਿਚ ਵਿਜੀਲੈਂਸ ਟੀਮਾਂ ਨੇ ਭਾਲ ਕੀਤੀ ਹੈ ਕਿਉਂਕਿ ਕਾਨੂੰਨੀ ਤੌਰ ’ਤੇ ਉਸ ਦੀ ਗ੍ਰਿਫ਼ਤਾਰੀ ਲਈ ਵਿਜੀਲੈਂਸ ਕੰਮ ਕਰ ਰਹੀ ਹੈ, ਜਿਸ ਦਾ ਹੋਰ ਕੋਈ ਲਾਗਾ ਤੇਗ਼ਾ ਨਹੀਂ ਹੈ।

ਹਰ ਹੀਲੇ ਕਾਰਵਾਈ ਹੋਵੇਗੀ: ਜਾਖੜ
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਸੀ ਕਿ ਚੋਣ ਪ੍ਰਚਾਰ ਦੌਰਾਨ ਅਮਰਿੰਦਰ ਸਿੰਘ ਨੇ ਲੰਬੀ ਵਿੱਚ ਵਾਅਦਾ ਕੀਤਾ ਸੀ ਕਿ ਪੰਜਾਬ ਨੂੰ ਲੁੱਟਣ ਵਾਲੇ ਬਖ਼ਸ਼ੇ ਨਹੀਂ ਜਾਣਗੇ, ਜਿਸ ਕਰਕੇ ਕੋਲਿਆਂਵਾਲੀ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਹਰ ਹੀਲੇ ਹੋਵੇਗੀ। ਸ੍ਰੀ ਜਾਖੜ ਨੇ ਆਖਿਆ ਕਿ 7 ਅਕਤੂਬਰ ਨੂੰ ਕਿੱਲਿਆਂਵਾਲੀ ਵਿਚ ਰੈਲੀ ਹੋਵੇਗੀ ਪਰ ਹੁਣ ਹੜ੍ਹਾਂ ’ਤੇ ਵੀ ਨਜ਼ਰ ਵਿੱਚ ਰੱਖੀ ਜਾ ਰਹੀ ਹੈ।

Facebook Comment
Project by : XtremeStudioz