Close
Menu

ਕੌਮੀ ਚੈਂਪੀਅਨਸ਼ਿਪ ’ਚ ਮਹੇਸ਼ਵਰੀ ਨਹੀਂ ਕਰ ਸਕਿਆ ਆਪਣੇ ਖਿਤਾਬ ਦਾ ਬਚਾਅ

-- 12 September,2013

Olympics Day 11 - Athletics

ਰਾਂਚੀ, 12 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਡੋਪਿੰਗ ਦੇ ਪੰਜ ਸਾਲ ਪੁਰਾਣੇ ਮਾਮਲੇ ਕਾਰਨ ਇਸ ਸਾਲ ਅਰਜੁਨ ਪੁਰਸਕਾਰ ਤੋਂ ਵਾਂਝੇ ਰਹੇ ਤੀਹਰੀ ਛਾਲ ਦੇ ਅਥਲੀਟ ਰਣਨੀਤ ਮਹੇਸ਼ਵਰੀ ਮੰਗਲਵਾਰ ਨੂੰ ਇੱਥੇ ਸਮਾਪਤ ਹੋਈ 53ਵੀਂ ਕੌਮੀ ਓਪਨ ਅਥਲੈਟਿਕ ਚੈਂਪੀਅਨਸ਼ਿਪ ਵਿਚ ਆਪਣਾ ਖ਼ਿਤਾਬ ਨਹੀਂ ਬਚਾ ਸਕਿਆ। ਦੱਸਣਯੋਗ ਹੈ ਕਿ ਮਹੇਸ਼ਵਰੀ 31 ਅਗਸਤ ਨੂੰ ਅਰਜੁਨ ਪੁਰਸਕਾਰ ਲੈਣ ਦਿੱਲੀ ਆਇਆ ਸੀ ਪਰ ਪੁਰਸਕਾਰ ਸਮਾਰੋਹ ਤੋਂ ਕੁਝ ਘੰਟੇ ਪਹਿਲਾਂ ਉਸ ਨੂੰ ਦੱਸਿਆ ਗਿਆ ਕਿ ਡੋਪਿੰਗ ਦੇ ਇਕ ਪੁਰਾਣੇ ਮਾਮਲੇ ਕਾਰਨ ਉਹ ਪੁਰਸਕਾਰ ਅੱਜ ਨਹੀਂ ਲੈ ਸਕੇਗਾ। ਇਸ ਮਾਮਲੇ ’ਚ ਮਹੇਸ਼ਵਰੀ ਨੇ ਖੇਡ ਮੰਤਰੀ ਨਾਲ ਵੀ ਮੁਲਾਕਾਤ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਡੋਪਿੰਗ ਮਾਮਲੇ ਦੀ ਜਾਂਚ ਬਾਅਦ ਉਸ ਨੂੰ ਪੁਰਸਕਾਰ ਦਿੱਤਾ ਜਾਵੇਗਾ ਪਰ ਹਾਲੇ ਤਕ ਇਸ ਬਾਰੇ ਕੋਈ ਐਲਾਨ ਨਹੀਂ ਹੋਇਆ ਹੈ।
ਕੌਮੀ ਚੈਂਪੀਅਨਸ਼ਿਪ ’ਚ ਰੇਲਵੇ ਦੇ ਮਹੇਸ਼ਵਰੀ ਨੇ 16.64 ਮੀਟਰ ਛਾਲ ਲਗਾਈ ਅਤੇ  ਦੂਜੇ ਸਥਾਨ ’ਤੇ ਸਬਰ ਕਰਨਾ ਪਿਆ। ਓਐਨਜੀਸੀ ਦੇ ਅਰਪਿੰਦਰ ਸਿੰਘ ਨੇ 16.70 ਮੀਟਰ ਛਾਲ ਲਗਾ ਕੇ ਸੋਨੇ ਦਾ ਤਗ਼ਮਾ ਜਿੱਤਿਆ। ਇਸ ਦੌਰਾਨ ਮਹੇਸ਼ਵਰੀ ਦੀ ਟੀਮ ਦਾ ਸਰੇਸ਼ ਜੋਸਫ 1500 ਮੀਟਰ ਦੌੜ ’ਚ ਆਪਣੀ ਹੈਟ੍ਰਿਕ ਪੂਰੀ ਨਹੀਂ ਕਰ ਸਕਿਆ। ਜੋਸਫ ਨੇ 800 ਮੀਟਰ ’ਚ ਆਪਣੀ ਹੈਟ੍ਰਿਕ ਪੂਰੀ ਕੀਤੀ ਸੀ ਪਰ 1500 ਮੀਟਰ ’ਚ ਉਹ ਦੂਜੇ ਸਥਾਨ ’ਤੇ ਰਿਹਾ। ਸੈਨਾ ਦੇ ਸੰਦੀਪ ਕਰਨ ਸਿੰਘ ਨੇ ਇਸ ਮੁਕਾਬਲੇ ’ਚ ਜਿੱਤ ਹਾਸਲ ਕੀਤੀ।
ਸੈਨਾ ਦੇ ਖੇਤਾ ਰਾਮ ਨੇ 10 ਹਜ਼ਾਰ ਮੀਟਰ ਅਤੇ ਸੈਨਾ ਦੇ ਹੀ ਕੁਨਰੂ ਮੁਹੰਮਦ ਨੇ 400 ਮੀਟਰ ਦੌੜ, ਉੜੀਸਾ ਦੇ ਅਮਿਤ ਕੁਮਾਰ ਮਲਿਕ ਦੇ 200 ਮੀਟਰ ਦੌੜ, ਉੱਤਰ ਪ੍ਰਦੇਸ਼ ਦੇ ਨਰਾਇਣ ਸਿੰਘ ਨੇ ਹੈਮਰ ਥਰੋਅ, ਤਾਮਿਲਨਾਡੂ ਨੇ 4×100 ਮੀਟਰ ਰਿਲੇਅ ਦੌੜ ਅਤੇ ਸੈਨਾ ਨੇ 4×400 ਮੀਟਰ ਰਿਲੇਅ ਦੌੜ ’ਚ ਜਿੱਤ ਹਾਸਲ ਕੀਤੀ ਹੈ।
ਮਹਿਲਾਵਾਂ ਦੇ ਮੁਕਾਬਲਿਆਂ ’ਚ ਓਐਨਜੀਸੀ ਦੇ ਦੂਤੀ ਚੰਦ ਨੇ 24.02 ਸੈਕਿੰਡ ਨਾਲ 200 ਮੀਟਰ ਦੌੜ ਜਿੱਤ ਕੇ ਫਰਾਟਾ ਦੌੜ ਦਾ ਡਬਲ ਪੂਰਾ ਕੀਤਾ। ਓਐਨਜੀਸੀ ਦੀ ਸਿਨੀ ਏ. ਮਾਰਕਸ ਨੇ 1500 ਮੀਟਰ ਦੌੜ, ਰੇਲਵੇ ਦੀ ਪ੍ਰੋਮਿਲਾ ਨੇ ਡਿਸਕਸ ਥਰੋਅ, ਰੇਲਵੇ ਦੀ ਸੁਸ਼ਿਮਤਾ ਸਿੰਘਾਰਾਏ ਨੇ ਹੈਪਟਾਥਲਨ, ਰੇਲਵੇ ਨੇ 4×400 ਮੀਟਰ ਰਿਲੇਅ ਅਤੇ ਕੇਰਲਾ ਨੇ 4×400 ਮੀਟਰ ਰਿਲੇਅ ’ਚ ਸੋਨੇ ਦਾ ਤਗ਼ਮਾ ਜਿੱਤਿਆ। ਰੇਲਵੇ ਦੀ ਸੂਰਿਆ ਨੇ 10 ਹਜ਼ਾਰ ਮੀਟਰ ਦੌੜ ’ਚ ਕਵਿਤਾ ਰਾਊਤ ਅਤੇ ਪ੍ਰੀਨਾ ਸ੍ਰੀਧਰਨ ਵਰਗੀਆਂ ਅਥਲੀਟਾਂ ਨੂੰ ਹਰਾ ਕੇ ਸੋਨੇ ਦਾ ਤਗ਼ਮਾ ਜਿੱਤਿਆ। ਰੇਲਵੇ ਨੇ ਓਵਰਆਲ ਚੈਂਪੀਅਨਸ਼ਿਪ ’ਤੇ ਕਬਜ਼ਾ ਕਰ ਲਿਆ।

Facebook Comment
Project by : XtremeStudioz