Close
Menu

ਕ੍ਰਾਈਸਟਚਰਚ ਵੀਡੀਓ: ਅਮਰੀਕੀ ਪੈਨਲ ਵੱਲੋਂ ਫੇਸਬੁੱਕ ਤੇ ਹੋਰਨਾਂ ਦੀ ਜਵਾਬਤਲਬੀ

-- 22 March,2019

ਵਾਸ਼ਿੰਗਟਨ/ਕ੍ਰਾਈਸਟਚਰਚ, 22 ਮਾਰਚ
ਅਮਰੀਕੀ ਕਾਨੂੰਨਘਾੜਿਆਂ ਦੇ ਇਕ ਪੈਨਲ ਨੇ ਨਿਊਜ਼ੀਲੈਂਡ ਵਿੱਚ ਹੋਏ ਦਹਿਸ਼ਤੀ ਹਮਲੇ ਦੀ ‘ਖੌਫਨਾਕ’ ਵੀਡੀਓ ਪਹਿਲਾਂ ਫੇਸਬੁੱਕ ਤੇ ਮਗਰੋਂ ਹੋਰਨਾਂ ਆਨਲਾਈਨ ਮੰਚਾਂ ’ਤੇ ਨਸ਼ਰ ਹੋਣ ਸਬੰਧੀ ਮੁਕਾਮੀ ਟੈੱਕ ਫਰਮਾਂ ਦੇ ਸਿਖਰਲੇ ਅਧਿਕਾਰੀਆਂ ਤੋਂ ਜਵਾਬ ਮੰਗਿਆ ਹੈ। ਉਧਰ ਨਿਊਜ਼ੀਲੈਂਡ ਪੁਲੀਸ ਨੇ ਦਹਿਸ਼ਤੀ ਹਮਲੇ ਦੀ ਲਾਈਵ ਵੀਡੀਓ ਨੂੰ ਅੱਗੇ ਸਾਂਝਿਆਂ ਕਰਨ ਲਈ ਫਿਲਿਮ ਅਰਪਸ (44) ਨਾਂ ਦੇ ਵਿਅਕਤੀ ਖ਼ਿਲਾਫ਼ ਦੋਸ਼ ਆਇਦ ਕੀਤੇ ਹਨ। ਅਰਪਸ ਦੂਜਾ ਵਿਅਕਤੀ ਹੈ ਜਿਸ ਖ਼ਿਲਾਫ ਅਜਿਹੇ ਦੋਸ਼ ਆਇਦ ਹੋਏ ਹਨ।
ਹੋਮਲੈਂਡ ਸਕਿਉਰਿਟੀ ਬਾਰੇ ਹਾਊਸ ਕਮੇਟੀ ਨੇ ਜਿਨ੍ਹਾਂ ਚਾਰ ਸਿਖਰਲੀਆਂ ਟੈੱਕ ਫਰਮਾਂ ਦੀ ਜਵਾਬਤਲਬੀ ਕੀਤੀ ਹੈ, ਉਨ੍ਹਾਂ ਵਿੱਚ ਫੇਸਬੁੱਕ ਦਾ ਮੁਖੀ ਮਾਰਕ ਜ਼ਕਰਬਰਗ, ਯੂਟਿਊਬ ਦਾ ਸੀਈਓ ਸੂਸਨ ਵੋਜਸਿਸਕੀ, ਟਵਿੱਟਰ ਦਾ ਸੀਈਓ ਜੈਕ ਡੋਰਸੀ ਤੇ ਮਾਈਕਰੋਸਾਫ਼ਟ ਦਾ ਸੀਈਓ ਸਤਿਆ ਨਾਡੇਲਾ ਸ਼ਾਮਲ ਹਨ। ਕਮੇਟੀ ਦੇ ਚੇਅਰਮੈਨ ਬੈਨੀ ਥੌਂਪਸਨ ਨੇ ਕਿਹਾ ਕਿ ਇਹ ਬਹੁਤ ਦੁੱਖਦਾਈ ਹੈ ਕਿ ਅਤਿਵਾਦ ਦੇ ਟਾਕਰੇ ਲਈ ਬਣੀ ਗਲੋਬਲ ਇੰਟਰਨੈੱਟ ਫੋਰਮ ਦੀ ਵਚਨਬੱਧਤਾ ਦੇ ਬਾਵਜੁੂਦ ਅਜਿਹੀ ਵੀਡੀਓ ਵਾਇਰਲ ਹੋ ਗਈ। ਕਾਬਿਲੇਗੌਰ ਹੈ ਕਿ ਆਸਟਰੇਲੀਅਨ ਨਾਗਰਿਕ ਬਰੈਂਟਨ ਟੈਰੰਟ ਨੇ ਦੋ ਮਸਜਿਦਾਂ ’ਤੇ ਕੀਤੇ ਹਮਲੇ ਦੀ ਫੇਸਬੁੱਕ ਤੇ ਕੁਝ ਹੋਰਨਾਂ ਆਨਲਾਈਨ ਪਲੈਟਫਾਰਮਾਂ ’ਤੇ ਲਾਈਵ ਸਟ੍ਰੀਮਿੰਗ ਕੀਤੀ। ਇਸ ਲਾਈਵਸਟ੍ਰੀਮਿੰਗ ਨੂੰ ਹਾਲਾਂਕਿ ਦੋ ਸੌ ਤੋਂ ਵਧ ਲੋਕਾਂ ਨੇ ਹੀ ਵੇਖਿਆ ਜਦੋਂਕਿ ਸੋਸ਼ਲ ਪਲੈਟਫਾਰਮ ਇਸ ਵੀਡੀਓ ਨੂੰ ਅੱਗੇ ਸਰਕੁਲੇਟ ਹੋਣ ਤੋਂ ਰੋਕਣ ਵਿੱਚ ਨਾਕਾਮ ਰਹੇ।

Facebook Comment
Project by : XtremeStudioz