Close
Menu

ਕ੍ਰਿਕਟ : ਪਿਛਲੇ ਦਸ ਸਾਲਾਂ ’ਚ ਧੋਨੀ ਨੇ ਕਰਾਈ ਧਨ-ਧਨ

-- 24 December,2014

dhoniਨਵੀਂ ਦਿੱਲੀ,  ਭਾਰਤੀ ਕ੍ਰਿਕਟ ਵਿੱਚ ਆਪਣੀ ਵਿਲੱਖਣ ਪਛਾਣ ਬਣਾਉਣ ਵਾਲੇ ਤੇ ਭਾਰਤੀ ਕ੍ਰਿਕਟ ਟੀਮ ਦੀ ਕਾਮਯਾਬੀ ਨਾਲ ਅਗਵਾਈ ਕਰਨ ਵਾਲੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਮੰਗਲਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣੇ ਦਸ ਸਾਲ ਪੂਰੇ ਕਰ ਲਏ ਹਨ।
ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਵਾਸੀ ਧੋਨੀ ਨੇ 10 ਸਾਲ ਪਹਿਲਾਂ 23 ਦਸੰਬਰ 2004 ਨੂੰ ਚਿਟਗਾਂਗ ਵਿੱਚ ਬੰਗਲਾਦੇਸ਼ ਦੇ ਵਿਰੁੱਧ ਇਕ-ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਕਦਮ ਰੱਖਿਆ ਸੀ ਤੇ ਉਦੋਂ ਉਸ ਦੀ ਉਮਰ ਮਹਿਜ਼ 23 ਸਾਲ ਸੀ। ਭਾਰਤੀ ਟੀਮ ਦੇ ਸਭ ਤੋਂ ਸਫਲ ਕਪਤਾਨ ਧੋਨੀ ਨੇ ਕਪਿਲ ਦੇਵ ਤੋਂ ਬਾਅਦ ਭਾਰਤ ਨੂੰ ਦੂਜਾ ਵਿਸ਼ਵ ਕੱਪ ਜਿੱਤਾ ਕੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਉਤੇ ਆਪਣਾ ਨਾਂ ਦਰਜ ਕਰਵਾ ਲਿਆ। ਉਸ ਨੂੰ ਭਾਰਤ ਦਾ ਇਕੋ-ਇਕ ਅਜਿਹਾ ਕਪਤਾਨ ਹੋਣ ਦਾ ਮਾਣ ਵੀ ਹਾਸਲ ਹੈ ਜਿਸ ਨੇ ਇਕ-ਰੋਜ਼ਾ ਵਿਸ਼ਵ ਕੱਪ, ਟਵੰਟੀ-20 ਵਿਸ਼ਵ ਕੱਪ ਤੇ ਚੈਂਪੀਅਨਜ਼ ਟਰਾਫੀ ਦਿਵਾ ਕੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦੇ ਤਿੰਨੇ ਟੂਰਨਾਮੈਂਟਾਂ ਦਾ ਖਿਤਾਬ ਭਾਰਤ ਦੀ ਝੋਲੀ ਪਾ ਦਿੱਤਾ।
ਆਪਣੀਆਂ ਰਣਨੀਤੀਆਂ, ਸ਼ਾਂਤ ਸੁਭਾਅ ਤੇ ਬੇਬਾਕ ਅੰਦਾਜ਼ ਲਈ ਪ੍ਰਸਿੱਧ ਧੋਨੀ ਨੇ ਸਾਲ 2007 ਵਿੱਚ ਆਪਣੀ ਕਪਤਾਨੀ ਦੀ ਸ਼ੁਰੂਆਤ ਦੱਖਣੀ ਅਫਰੀਕਾ ਵਿੱਚ ਟੀਮ ਦੀ ਕਪਤਾਨੀ ਤੋਂ ਕੀਤੀ ਤੇ ਪਹਿਲੀ ਵਾਰ ਭਾਰਤ ਨੂੰ ਟਵੰਟੀ-20 ਵਿਸ਼ਵ ਕੱਪ ਜਿਤਾਇਆ। ਇਸ ਤੋਂ ਬਾਅਦ 2011 ਵਿੱਚ ਭਾਰਤ ਨੂੰ ਧੋਨੀ ਨੇ ਇਕ-ਰੋਜ਼ਾ ਵਿਸ਼ਵ ਕੱਪ ਜਿਤਾ ਕੇ ਦੇਸ਼ ਦੀ ਝੋਲੀ ਵੱਡਾ ਮਾਣ ਪਾ ਕੇ ਆਪਣੀ ਕਪਤਾਨੀ ਉਤੇ ਵੀ ਮੋਹਰ ਲਵਾ ਲਈ। ਇੰਗਲੈਂਡ ਵਿੱਚ ਆਈਸੀਸੀ ਚੈਂਪੀਅਨਜ਼ ਟਰਾਫੀ ਜਿਤਾ ਕੇ ਧੋਨੀ ਨੇ ਆਪਣੀ ਕਪਤਾਨੀ ਹੇਠ ਦੇਸ਼ ਨੂੰ ਤਿੰਨੇ ਅਹਿਮ ਖਿਤਾਬ ਜਿਤਾਉਣ ਦੀ ਪ੍ਰਾਪਤੀ ਵੀ ਆਪਣੀ ਝੋਲੀ ਪਾ ਲਈ। ਇਸ ਦੌਰਾਨ ਹੀ ਧੋਨੀ ਦੀ ਕਪਤਾਨੀ ਹੇਠ ਭਾਰਤੀ ਟੀਮ ਆਲਮੀ ਦਰਜਾਬੰਦੀ ਵਿੱਚ ਟੈਸਟ ਤੇ ਇਕ-ਰੋਜ਼ਾ ਕ੍ਰਿਕਟ ਵਿੱਚ ਨੰਬਰ ਇਕ ਦੇ ਸਥਾਨ ਉਤੇ ਪੁੱਜੀ। ਧੋਨੀ ਨੇ 2005 ਵਿੱਚ ਸ੍ਰੀਲੰਕਾ ਵਿਰੁੱਧ ਟੈਸਟ ਕ੍ਰਿਕਟ ਵਿੱਚ ਸ਼ੁਰੂਆਤ ਕੀਤੀ ਤੇ 59 ਟੈਸਟ ਮੈਚਾਂ ਵਿੱਚ ਉਸ ਨੇ ਭਾਰਤੀ ਟੀਮ ਦੀ ਅਗਵਾਈ ਕੀਤੀ। ਆਪਣੇ ਖੇਡ ਜੀਵਨ ਵਿੱਚ 89 ਟੈਸਟ ਖੇਡ ਚੁੱਕੇ ਧੋਨੀ ਨੇ ਟੈਸਟ ਕ੍ਰਿਕਟ ਵਿੱਚ 4821 ਦੌੜਾਂ ਬਣਾਈਆਂ ਹਨ ਤੇ ਇਸ ਤੋਂ ਇਲਾਵਾ 250 ਇਕ-ਰੋਜ਼ਾ ਵਿੱਚ ਉਸ ਨੇ 8192 ਦੌੜਾਂ ਆਪਣੇ ਨਾਂ ਕੀਤੀਆਂ ਹਨ। ਟਵੰਟੀ-20 ਦੇ 50 ਅੰਤਰਰਾਸ਼ਟਰੀ ਮੈਚਾਂ ਵਿੱਚ 849 ਦੌੜਾਂ ਉਸ ਦੇ ਖਾਤੇ ਵਿੱਚ ਹਨ। ਜਦੋਂ ਧੋਨੀ ਦੇ ਰਿਕਾਰਡ ਉਤੇ ਨਜ਼ਰ ਮਾਰਦੇ ਹਾਂ ਤਾਂ ਨਾ ਸਿਰਫ ਉਹ ਬਿਹਤਰੀਨ ਕਪਤਾਨ ਸਗੋਂ ਸ਼ਾਨਦਾਰ ਬੱਲੇਬਾਜ਼ ਤੇ ਵਿਕਟਕੀਪਰ ਵਜੋਂ ਖੁਦ ਨੂੰ ਸਿੱਧ ਕਰਦਾ ਹੈ। ਵਿਕਟਕੀਪਰ ਵਜੋਂ ਉਹ 500 ਕੈਚ ਵੀ ਲੈ ਚੁੱਕਾ ਹੈ। ਜਿਥੇ ਉਹ ਖੇਡ ਵਿੱਚ ਸਫਲ ਹੋਇਆ, ਉਥੇ ਹੀ ਉਸ ਨੇ ਕਮਾਈ ਵਿੱਚ ਵੀ ਵੱਡਿਆਂ-ਵੱਡਿਆਂ ਨੂੰ ਪਛਾੜ ਦਿੱਤਾ ਹੈ। ਫੋਰਬਸ ਦੀ ਸੂਚੀ ਵਿੱਚ ਵਿਸ਼ਵ ਦੇ ਸਭ ਤੋਂ ਵੱਧ ਕਮਾਊ ਪਹਿਲੇ ਦਸ ਖਿਡਾਰੀਆਂ ਵਿੱਚ ਧੋਨੀ ਸ਼ੁਮਾਰ ਹੈ। ਉਸ ਦੀ ਸਾਲਾਨਾ ਕਮਾਈ 3 ਕਰੋੜ ਡਾਲਰ ਦੇ ਕਰੀਬ ਹੈ। ਉਹ ਦੇਸ਼ ਦਾ ਸਭ ਤੋਂ ਵੱਧ ਕਮਾਈ ਕਰਨ ਵਾਲਾ ਖਿਡਾਰੀ ਹੈ।

Facebook Comment
Project by : XtremeStudioz