Close
Menu

ਕੰਗਾਰੂਆਂ ਦੀਆਂ ਛਾਲਾਂ ਚੁਕਾਉਣ ਲਈ ਧੋਨੀ ਸੈਨਾ ਨੇ ਤਿਆਰੀ ਵਿੱਢੀ

-- 24 March,2015

ਸਿਡਨੀ, ਮੌਜੂਦਾ ਚੈਂਪੀਅਨ ਭਾਰਤੀ ਟੀਮ ਖ਼ਿਤਾਬ ਤੋਂ ਦੋ ਕਦਮ ਦੂਰ ਹੈ ਪਰ ਇਹ ਫਾਸਲਾ ਤੈਅ ਕਰਨਾ ਸਭ ਤੋਂ ਮੁਸ਼ਕਲ ਹੈ। ਆਸਟਰੇਲੀਆ ਖ਼ਿਲਾਫ਼ 26 ਮਾਰਚ ਨੂੰ ਖੇਡੇ ਜਾਣ ਵਾਲੇ ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਕਿਸੇ ਵੀ ਗਲਤੀ ਤੋਂ ਬਚਣ ਲਈ ਭਾਰਤੀ ਟੀਮ ਨੇ ਤਿਆਰੀ ਵਿੱਢ ਦਿੱਤੀ ਹੈ। ਸਿਡਨੀ ਕ੍ਰਿਕਟ ਗਰਾਊਂਡ ਦੇ ਨਜ਼ਦੀਕ ਸੋਮਵਾਰ ਨੂੰ ਭਾਰਤੀ ਖਿਡਾਰੀਆਂ ਨੇ ਨੈੱਟ ਅਭਿਆਸ ਕੀਤਾ। ਇਸ ਦੌਰਾਨ ਹਰਫ਼ਨਮੌਲਾ ਸੁਰੇਸ਼ ਰੈਣਾ ਨੇ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ਾਂ ਖਾਸ ਤੌਰ ’ਤੇ ਮਿਸ਼ੇਲ ਸਟਾਰਕ ਤੇ ਮਿਚੇਲ ਜੌਹਨਸਨ ਦੀਆਂ ਗੇਂਦਾਂ ਦਾ ਸਾਹਮਣਾ ਕਰਨ ਲਈ ਟੈਨਿਸ ਗੇਂਦ ਨਾਲ ਅਭਿਆਸ ਕੀਤਾ। ਰੈਣਾ ਨੇ ਤਕਰਬੀਨ ਪੌਣਾ ਘੰਟਾ ਇਸ ਤਰ੍ਹਾਂ ਅਭਿਆਸ ਕੀਤਾ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਅੱਜ ਆਰਾਮ ਕੀਤਾ ਅਤੇ ਅਭਿਆਸ ਸੈਸ਼ਨ ਵਿੱਚ ਹਿੱਸਾ ਨਹੀਂ ਲਿਆ। ਇਸ ਦੌਰਾਨ ਭਾਰਤੀ ਬੱਲੇਬਾਜ਼ਾਂ ਨੇ ਤੇਜ਼ ਗੇਂਦਬਾਜ਼ਾਂ ਤੇ ਸਪਿੰਨਰਾਂ ਨਾਲ ਦੋ ਹੱਥ ਕਰਨ ਲਈ ਤਿਆਰੀ ਕੀਤੀ।

ਕੋਚ ਡੰਕਨ ਫਲੈਚਰ ਮੁਤਾਬਕ ਟੈਨਿਸ ਗੇਂਦ ਜ਼ਿਆਦਾ ਉੱਛਲਦੀ ਹੈ ਅਤੇ ਉਸ ਨਾਲ ਸ਼ਾਰਟ ਬਾਲ ਖੇਡਣ ਵਿੱਚ ਮਦਦ ਮਿਲੇਗੀ। ਰੈਣਾ ਨੂੰ ਸ਼ਾਰਟ ਗੇਂਦ ਖੇਡਣ ਵਿੱਚ ਵੱਡੀ ਸਮੱਸਿਆ ਆਉਂਦੀ ਹੈ। ਰੈਣਾ ਨੇ ਫਲੈਚਰ ਨਾਲ ਗੇਂਦ ਨੂੰ ਹੁੱਕ ਕਰਨ ਦਾ ਅਭਿਆਸ ਵੀ ਕੀਤਾ। ਇਸ ਦੌਰਾਨ ਰੈਣਾ ਕੁਝ ਸ਼ਾਟ ਖੇਡਣ ਵਿੱਚ ਕਾਮਯਾਬ ਰਿਹਾ ਅਤੇ ਕੁਝ ਤੋਂ ਖੁੰਝ ਗਿਆ। ਨੈੱਟ ਅਭਿਆਸ ਵਿੱਚ ਕਪਤਾਨ ਮਹਿੰਦਰ ਸਿੰਘ ਧੋਨੀ ਕਾਫੀ ਸਰਗਰਮ ਦਿਸਿਆ। ਧੋਨੀ ਨੇ ਰੈਣਾ ’ਤੇ ਬਾਊਂਸਰ ਵੀ ਸੁੱਟੇ ਅਤੇ ਰੈਕੇਟ ਨਾਲ ਸਰਵਿਸ ਕੀਤੀ। ਆਸਟਰੇਲੀਆ ਦਾ ਸਟਾਰਕ ਇਸ ਤਰ੍ਹਾਂ ਦੀ ਗੇਂਦਬਾਜ਼ੀ ਲਈ ਕਾਫੀ ਮਸ਼ਹੂਰ ਹੈ ਹਾਲਾਂਕਿ ਰੈਣਾ ਇਸ ਦੌਰਾਨ ਅਸਹਿਜ ਲੱਗ ਰਿਹਾ ਸੀ। ਇਸ ਬਾਅਦ ਧੋਨੀ ਨੇ ਰੈਣਾ ਨਾਲ ਖੇਡ ਬਾਰੇ ਚਰਚਾ ਕੀਤੀ। ਓਪਨਰ ਸ਼ਿਖਰ ਧਵਨ ਨੇ ਵੀ ਟੈਨਿਸ ਸਰਵ ਦਾ ਸਾਹਮਣਾ ਕੀਤਾ ਅਤੇ ਤਕਰੀਬਨ 10 ਮਿੰਟ ਤਕ ਇਸ ਦੀ ਪ੍ਰੈਕਟਿਸ ਕੀਤੀ। ਭਾਰਤੀ ਟੀਮ ਪਿਛਲੇ ਤਿੰਨ ਮਹੀਨਿਆਂ ਤੋਂ ਆਸਟਰੇਲੀਆ ਖ਼ਿਲਾਫ਼ ਇਕ ਵੀ ਮੈਚ ਨਹੀਂ ਜਿੱਤ ਸਕੀ ਹੈ। ਇਸ ਕਾਰਨ ਸੈਮੀ ਫਾਈਨਲ ਵਿੱਚ ਆਸਟਰੇਲੀਆ ਦਾ ਪਲਡ਼ਾ ਭਾਰੀ ਲੱਗ ਰਿਹਾ ਹੈ। ਮੌਜੂਦਾ ਚੈਂਪੀਅਨ ਭਾਰਤੀ ਟੀਮ ਨੇ ਵਿਸ਼ਵ ਕੱਪ ਵਿੱਚ ਹੁਣ ਤਕ ਇਕ ਵੀ ਮੈਚ ਨਹੀਂ ਹਾਰਿਆ ਹੈ ਅਤੇ ਆਪਣੇ ਸੱਤੇ ਮੈਚਾਂ ਵਿੱਚ ਸਾਰੀਆਂ ਟੀਮਾਂ ਨੂੰ ਆਲਆਊਟ ਕਰਨ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਭਾਰਤ ਦਾ ਮੱਧਕ੍ਰਮ ਨੂੰ ਹਾਲੇ ਵੀ ਸੁਧਾਰ ਦੀ ਲੋਡ਼ ਹੈ, ਜਿਸ ਵਿੱਚ ਰੈਣਾ ਦੀ ਸ਼ਾਰਟ ਗੇਂਦ ਨੂੰ ਲੈ ਕੇ ਪ੍ਰੇਸ਼ਾਨੀ ਸਭ ਤੋਂ ਵੱਡੀ ਹੈ। ਇਸ ਦੌਰਾਨ ਰਾਘਵੇਂਦਰ ਨਾਲ ਕੁਝ ਬੱਲੇਬਾਜ਼ਾਂ ਨੇ ਲੈਦਰ ਬਾਲ ਨਾਲ ਸ਼ਾਰਟ ਬਾਲ ਖੇਡਣ ਦਾ ਅਭਿਆਸ ਕੀਤਾ। ਕਪਤਾਨ ਧੋਨੀ ਨੇ ਕਿਹਾ ਕਿ ਮੀਡੀਆ ਰੈਣਾ ਦੀ ਸ਼ਾਰਟ ਪਿੱਚ ਗੇਂਦਾਂ ਬਾਰੇ ਮਸਲਾ ਨਾ ਬਣਾਵੇ। ਆਸਟੇਰੀਅਨ ਆਲਰਾਊਂਡਰ ਜੇਮਜ਼ ਫਾਕਨਰ ਨੇ ਕਿਹਾ, ‘ਸੈਮੀ ਫਾਈਨਲ ਵਿੱਚ ਸਾਰਾ ਕੁੱਝ ਪਿੱਚ ’ਤੇ ਨਿਰਭਰ ਕਰੇਗਾ ਜੇਕਰ ਸਿਡਨੀ ਦੀ ਪਿੱਚ ਉਛਾਲ ਵਾਲੀ ਹੋਵੇਗੀ ਤਾਂ ਅਸੀਂ ਭਾਰਤ ਦੀ ਕਮਜ਼ੋਰੀ ’ਤੇ ਹਮਲਾ ਕਰਾਂਗੇ। ਨਿਸ਼ਚਿਤ ਤੌਰ ’ਤੇ ਅਸੀਂ ਸ਼ਾਰਟ ਪਿੱਚ ਗੇਂਦਾਂ ਦੀ ਵਰਤੋਂ ਕਰਾਂਗੇ ਕਿਉਂਕਿ ਇਕ ਰੋਜ਼ਾ ਮੈਚ ਵਿੱਚ ਇਹ ਆਮ ਹੈ।’

Facebook Comment
Project by : XtremeStudioz